ਕਾਠਮੰਡੂ (ਸਮਾਜ ਵੀਕਲੀ) : ਭਾਰਤ ਤੇ ਨੇਪਾਲ ਦੇ ਉੱਚ ਕੂਟਨੀਤਕਾਂ ਨੇ ਅੱਜ ਡਿਜੀਟਲ ਮੀਟਿੰਗ ਕਰਕੇ ਭਾਰਤ ਦੀ ਮਦਦ ਨਾਲ ਨੇਪਾਲ ’ਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਤੇ ਇਨ੍ਹਾਂ ਦੇ ਕੰਮ ’ਚ ਤੇਜ਼ੀ ਲਿਆਉਣ ਦਾ ਫ਼ੈਸਲਾ ਕੀਤਾ। ਇਹ ਮੀਟਿੰਗ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵੱਲੋਂ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਫੋਨ ’ਤੇ ਭਾਰਤ ਤੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਵਧਾਈ ਦੇਣ ਤੋਂ ਬਾਅਦ ਹੋਈ ਹੈ।
ਨੇਪਾਲ ਵੱਲੋਂ ਮਈ ’ਚ ਨਵਾਂ ਸਿਆਸੀ ਨਕਸ਼ਾ ਜਾਰੀ ਕਰਨ ਤੋਂ ਬਾਅਦ ਭਾਰਤ ਨਾਲ ਦੁਵੱਲੇ ਸਬੰਧਾਂ ’ਚ ਆਈ ਤਲਖੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪੱਧਰੀ ਵਾਰਤਾ ਹੈ। ਨੇਪਾਲ ਦੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਅਨੁਸਾਰ ਨੇਪਾਲੀ ਵਿਦੇਸ਼ ਸਕੱਤਰ ਸ਼ੰਕਰ ਦਾਸ ਬੈਰਾਗੀ ਤੇ ਨੇਪਾਲ ’ਚ ਭਾਰਤੀ ਰਾਜਦੂਤ ਵਿਜੈ ਮੋਹਨ ਕਵਾਤਰਾ ਨੇ ਇਸ ਮੀਟਿੰਗ ’ਚ ਆਪੋ-ਆਪਣੇ ਮੁਲਕ ਦੇ ਵਫ਼ਦ ਦੀ ਅਗਵਾਈ ਕੀਤੀ। ਸੂਤਰਾਂ ਨੇ ਕਿਹਾ ਕਿ ਕਰੋਨਾ ਦੇ ਚਲਦਿਆਂ ਡਿਜੀਟਲ ਢੰਗ ਨਾਲ ਹੋਈ ਇਸ ਮੀਟਿੰਗ ’ਚ ਦੁਵੱਲੇ ਆਰਥਿਕ ਤੇ ਵਿਕਾਸ ਸਬੰਧੀ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ। ਇਸ ਸਬੰਧ ’ਚ ਪਿਛਲੀ ਮੀਟਿੰਗ ਜੁਲਾਈ 2019 ’ਚ ਹੋਈ ਸੀ। ਭਾਰਤੀ ਦੂਤਾਵਾਸ ਵੱਲੋਂ ਜਾਰੀ ਬਿਆਨ ਅਨੁਸਾਰ ਦੋਵਾਂ ਧਿਰਾਂ ਨੇ ਵੱਖ ਵੱਖ ਪ੍ਰਾਜੈਕਟਾਂ ’ਤੇ ਚਰਚਾ ਕੀਤੀ।