ਕਾਠਮੰਡੂ (ਸਮਾਜਵੀਕਲੀ): ਭਾਰਤ ਦੇ ਤਿੱਖੇ ਵਿਰੋਧ ਦੇ ਬਾਵਜੂਦ ਨੇਪਾਲ ਦੀ ਸੰਸਦ ਨੇ ਅੱਜ ਭਾਰਤ ਦੇ ਤਿੰਨ ਅਹਿਮ ਰਣਨੀਤਕ ਖੇਤਰਾਂ ਨੂੰ ਦੇਸ਼ ਦੇ ਨਵੇਂ ਨਕਸ਼ੇ ਵਿਚ ਸ਼ਾਮਲ ਕਰਨ ਲਈ ਸੰਵਿਧਾਨ ਵਿੱਚ ਸੋਧ ਕਰਨ ਸਬੰਧੀ ਬਿੱਲ ਪਾਸ ਕੀਤਾ। ਭਾਰਤ ਵਲੋਂ ਗੁਆਂਢੀ ਮੁਲਕ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਨੇਪਾਲ ਸੰਸਦ ਦੇ ਹੇਠਲੇ ਸਦਨ ਵਲੋਂ ਸ਼ਨਿੱਚਰਵਾਰ ਨੂੰ ਸਰਬਸੰਮਤੀ ਨਾਲ ਦੇਸ਼ ਦੇ ਨਵੇਂ ਨਕਸ਼ੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਵਿੱਚ ਭਾਰਤ ਦੇ ਤਿੰਨ ਖੇਤਰਾਂ ਲਿੱਪੂਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਨੂੰ ਸ਼ਾਮਲ ਕੀਤਾ ਗਿਆ ਸੀ। ਭਾਰਤ ਵਲੋਂ ਨਵੰਬਰ 2019 ਵਿੱਚ ਛਾਪੇ ਆਪਣੇ ਨਵੇਂ ਨਕਸ਼ੇ ਤੋਂ ਕਰੀਬ ਛੇ ਮਹੀਨਿਆਂ ਬਾਅਦ ਨੇਪਾਲ ਨੇ ਪਿਛਲੇ ਮਹੀਨੇ ਨਵਾਂ ਨਕਸ਼ਾ ਜਾਰੀ ਕਰਕੇ ਭਾਰਤ ਦੇ ਤਿੰਨ ਖੇਤਰਾਂ ’ਤੇ ਆਪਣਾ ਦਾਅਵਾ ਕੀਤਾ ਸੀ।
ਇਸ ਸਬੰਧੀ ਨੇਪਾਲ ਸੰਸਦ ਦੀ ਕੌਮੀ ਅਸੈਂਬਲੀ ਜਾਂ ਊਪਰਲੇ ਸਦਨ ਨੇ ਸਰਬਸੰਮਤੀ ਨਾਲ ਸੰਵਿਧਾਨ ਵਿੱਚ ਸੋਧ ਦਾ ਬਿੱਲ ਪਾਸ ਕਰਕੇ ਦੇਸ਼ ਦੇ ਨਵੇਂ ਨਕਸ਼ੇ ਲਈ ਰਾਹ ਪੱਧਰਾ ਕਰ ਦਿੱਤਾ ਹੈ। ਨਵੇਂ ਨਕਸ਼ੇ ਸਬੰਧੀ ਸੰਵਿਧਾਨ ਵਿੱਚ ਸੋਧ ਦਾ ਬਿੱਲ ਹੇਠਲੇ ਸਦਨ ਵਲੋਂ ਪਾਸ ਕਰਨ ਤੋਂ ਅਗਲੇ ਦਿਨ ਐਤਵਾਰ ਨੂੰ ਕੌਮੀ ਅਸੈਂਬਲੀ ਵਿੱਚ ਰੱਖਿਆ ਗਿਆ ਸੀ। ਕੌਮੀ ਅਸੈਂਬਲੀ ਦੇ ਸਦਨ ਵਿੱਚ ਮੌਜੂਦ ਸਾਰੇ 57 ਮੈਂਬਰਾਂ ਨੇ ਸੋਧ ਬਿੱਲ ਦੇ ਹੱਕ ਵਿੱਚ ਵੋਟ ਪਾਈ। ਬਿੱਲ ਵਿਰੁਧ ਇੱਕ ਵੀ ਵੋਟ ਨਹੀਂ ਭੁਗਤੀ।
ਕੌਮੀ ਅਸੈਂਬਲੀ ਦੀ ਚੇਅਰਪਰਸਨ ਗਣੇਸ਼ ਤਿਮਿਲਸਿਨਾ ਨੇ ਕਿਹਾ ਕਿ 57 ਮੈਂਬਰਾਂ ਨੇ ਬਿੱਲ ਸਬੰਧੀ ਵੋਟ ਪਾਈ। ਊਨ੍ਹਾਂ ਕਿਹਾ, ‘‘ਬਿੱਲ ਵਿਰੁਧ ਇੱਕ ਵੀ ਵੋਟ ਨਹੀਂ ਭੁਗਤੀ ਅਤੇ ਨਾ ਹੀ ਕਿਸੇ ਮੈਂਬਰ ਨੇ ਨਿਰਪੱਖ ਸ਼੍ਰੇਣੀ ਵਿੱਚ ਵੋਟ ਪਾਈ।’’ ਹੁਣ ਇਹ ਬਿੱਲ ਮੋਹਰ ਲੱਗਣ ਲਈ ਰਾਸ਼ਟਰਪਤੀ ਬਿਦਿਯਾ ਦੇਵੀ ਭੰਡਾਰੀ ਕੋਲ ਜਾਵੇਗਾ। ਦੱਸਣਯੋਗ ਹੈ ਕਿ ਭਾਰਤ-ਨੇਪਾਲ ਵਿਚਾਲੇ ਦੁਵੱਲੇ ਸਬੰਧਾਂ ਵਿੱਚ ਊਦੋਂ ਵਿਗਾੜ ਆਇਆ ਜਦੋਂ ਬੀਤੀ 8 ਮਈ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 80 ਕਿਲੋਮੀਟਰ ਲੰਬੀ ਸੜਕ, ਜੋ ਲਿੱਪੂਲੇਖ ਪਾਸ ਨੂੰ ਊਤਰਾਖੰਡ ਦੇ ਧਰਚੁਲਾ ਨਾਲ ਜੋੜਦੀ ਹੈ, ਦਾ ਊਦਘਾਟਨ ਕੀਤਾ।
ਗੁਆਂਢੀ ਮੁਲਕ ਨੇ ਇਸ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਹ ਸੜਕ ਨੇਪਾਲ ’ਚੋਂ ਲੰਘਦੀ ਹੈ। ਭਾਰਤ ਨੇ ਇਸ ਦਾਅਵੇ ਨੂੰ ਰੱਦ ਕੀਤਾ ਸੀ। ਨੇਪਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦਾ ਕਹਿਣਾ ਹੈ ਕਿ ਲਿੱਪੂਲੇਖ, ਕਾਲਾਪਾਣੀ ਅਤੇ ਲਿੰਪੀਆਧੁਰਾ ਨੇਪਾਲ ਦਾ ਹਿੱਸਾ ਹਨ ਅਤੇ ਊਨ੍ਹਾਂ ਨੇ ਇਨ੍ਹਾਂ ਤਿੰਨਾਂ ਖੇਤਰਾਂ ਨੂੰ ਭਾਰਤ ਤੋਂ ‘ਵਾਪਸ ਲੈਣ’ ਦਾ ਪ੍ਰਣ ਲਿਆ ਹੈ।