ਲੰਡਨ—ਰਾਜਵੀਰ ਸਮਰਾ – .ਪੀ.ਐੱਨ.ਬੀ. ਘੋਟਾਲੇ ਦੇ ਦੋਸ਼ੀ ਨੀਰਵ ਮੋਦੀ ਨੂੰ ਲੰਡਨ ਦੇ ਵੇਸਟਮਿਨਸਟਰ ਕੋਰਟ ਤੋਂ ਵੱਡਾ ਝਟਕਾ ਮਿਲਿਆ ਹੈ। ਲੰਡਨ ਕੋਰਟ ਨੇ ਨੀਰਵ ਮੋਦੀ ਨੂੰ ਜ਼ਮਾਨਤ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਮਈ ਨੂੰ ਹੋਵੇਗੀ। ਨੀਰਵ ਮੋਦੀ ਅਜੇ ਵਾਂਡਸਵਰਥ ਜੇਲ ‘ਚ ਹੈ, ਉਥੋਂ ਤੋਂ ਵੀਡੀਓ ਲਿੰਕ ਦੇ ਰਾਹੀਂ ਅਦਾਲਤ ਨੇ ਸੁਣਵਾਈ ਕੀਤੀ। ਉਸ ਦੀ ਹਵਾਲਗੀ ਲਈ ਈ.ਡੀ. ਅਤੇ ਸੀ.ਬੀ.ਆਈ. ਕੋਸ਼ਿਸ਼ ਕਰ ਰਹੀ ਹੈ।
ਕੋਰਟ ਨੇ ਨੀਰਵ ਨੂੰ ਵਾਂਡਸਵਰਥ ਜੇਲ ਭੇਜਿਆ
ਇਸ ਤੋਂ ਪਹਿਲਾਂ 29 ਮਾਰਚ ਨੂੰ ਲੰਡਨ ਦੀ ਵੇਸਟਮਿਨਸਟਰ ਕੋਰਟ ਨੇ ਨੀਰਵ ਨੂੰ ਜ਼ਮਾਨਤ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਉਸ ਨੂੰ ਵਾਂਡਸਵਰਥ ਜੇਲ ਭੇਜਿਆ ਗਿਆ ਸੀ। 26 ਅਪ੍ਰੈਲ ਨੂੰ ਉਸ ਦੇ ਕੇਸ ਦੀ ਅਗਲੀ ਸੁਣਵਾਈ ਤੈਅ ਕੀਤੀ ਗਈ ਸੀ। ਚੀਫ ਮੈਜਿਸਟ੍ਰੇਟ ਐੱਮਾ ਐਬਥਰਨਾਟ ਨੇ ਨੀਰਵ ਦੀ ਬੇਲ ਅਰਜ਼ੀ ਇਸ ਆਧਾਰ ‘ਤੇ ਰੱਦ ਕਰ ਦਿੱਤੀ ਸੀ ਕਿ ਉਸ ਦਾ ਦੇਸ਼ ਛੱਡ ਕੇ ਭੱਜ ਜਾਣ ਦਾ ਖਤਰਾ ਹੈ। ਭਾਰਤ ਵਲੋਂ ਪੈਰਵੀ ਕਰ ਰਹੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ.ਪੀ.ਐੱਸ.) ਨੇ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਨੀਰਵ ਹਾਈਕੋਰਟ ‘ਚ ਜ਼ਮਾਨਤ ਲਈ ਅਰਜ਼ੀ ਦਾਖਲ ਕਰ ਸਕਦਾ ਹੈ। ਹਾਲਾਂਕਿ ਅਜੇ ਤੱਕ ਅਜਿਹੀ ਕੋਈ ਪਟੀਸ਼ਨ ਹਾਈਕੋਰਟ ‘ਚ ਦਾਖਲ ਨਹੀਂ ਕੀਤੀ ਗਈ ਹੈ।
14 ਮਹੀਨੇ ਬਾਅਦ ਲੰਡਨ ‘ਚ ਗ੍ਰਿਫਤਾਰ ਹੋਇਆ ਸੀ ਨੀਰਵ
ਪਿਛਲੇ ਸਾਲ ਜਨਵਰੀ ‘ਚ 13700 ਕਰੋੜ ਰੁਪਏ ਦੇ ਪੀ.ਐੱਨ.ਬੀ. ਘੋਟਾਲੇ ਦਾ ਖੁਲਾਸਾ ਹੋਇਆ ਸੀ। ਇਸ ਤੋਂ ਪਹਿਲਾਂ ਹੀ ਨੀਰਵ ਮੋਦੀ ਭੱਜ ਗਿਆ ਸੀ। 9 ਮਾਰਚ ਨੂੰ ਉਸ ਦੀ ਇਕ ਵੀਡੀਓ ਸਾਹਮਣੇ ਆਈ ਸੀ। ਦਾ ਟੈਲੀਗ੍ਰਾਫ ਦੀ ਰਿਪੋਰਟ ‘ਚ ਦੱਸਿਆ ਗਿਆ ਕਿ ਨੀਰਵ ਲੰਡਨ ‘ਚ ਰਹਿ ਕੇ ਹੀਰੇ ਦਾ ਕਾਰੋਬਾਰ ਕਰ ਰਿਹਾ ਹੈ। ਉਸ ਦੇ ਬਾਅਦ ਲੰਡਨ ਦੀ ਵੇਸਟਮਿਨਸਟਰ ਅਦਾਲਤ ਨੇ ਨੀਰਵ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਭਾਰਤ ਦੀ ਅਪੀਲ ‘ਤੇ 19 ਮਾਰਚ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।