ਚੰੰਡੀਗੜ੍ਹ (ਸਮਾਜ ਵੀਕਲੀ) – ਪੰਜਾਬ ਪੁਲਿਸ ਨੇ ਨਿਹੰਗਾਂ ਦੇ ਇਕ ਸਮੂਹ ਵਲੋਂ ਪੁਲਿਸ ਮੁਲਾਜ਼ਮਾਂ ਤੇ ਬੇਰਹਿਮੀ ਨਾਲ ਕੀਤੇ ਗਏ ਹਮਲੇ ਦੇ ਮੱਦੇਨਜ਼ਰ ਸਖਤ ਕਾਰਵਾਈ ਕਰਦੇ ਹੋਏ ਸੋਮਵਾਰ ਸੋਸ਼ਲ ਮੀਡੀਆ ‘ਤੇ ਨਫਰਤ ਭਰੇ ਸੰਦੇਸ਼ਾਂ ਦੁਆਰਾ ਭਾਵਨਾਵਾਂ ਭੜਕਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। DGP ਦਿਨਕਰ ਗੁਪਤਾ ਨੇ ਕਿਹਾ ਕਿ ਭੁਪਿੰਦਰ ਸਿੰਘ ਪੁੱਤਰ ਸਵ. ਜੀਤ ਸਿੰਘ ਨਿਵਾਸੀ ਮਾਡਲ ਟਾਊਨ, ਹੁਸ਼ਿਆਰਪੁਰ ਦਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਸਿਵਲ ਲਾਈਨਜ਼ ਬਟਾਲਾ ਅਤੇ ਕੁਲਜੀਤ ਸਿੰਘ ਭੁੱਲਰ ਪੁੱਤਰ ਸਵਰਨ ਸੰਘ ਨਿਵਾਸੀ ਮਲੋਟ ਸ਼ਹਿਰ ਜਿਲਾ ਮੁਕਤਸਰ ਨੂੰ ਸੋਸ਼ਲ ਮੀਡੀਆ ‘ਤੇ ਨਫਰਤ ਭਰੇ ਸੰਦੇਸ਼ਾਂ ਨਾਲ ਅਸ਼ਾਂਤੀ ਫੈਲਾਉਂਦੇ ਗ੍ਰਿਫਤਾਰ ਕੀਤਾ।
ਤਿੰਨਾਂ ਵਿਰੁੱਧ ਆਈ. ਪੀ. ਸੀ. 1860 ਦੀ ਧਾਰਾ 115, 153-ਏ, 188, 269, 270, 271 ਅਤੇ 505 (2), ਮਹਾਮਾਰੀ ਰੋਗ ਨਿਯਮ, 1987 ਦੀ ਧਾਰਾ 3 ਅਤੇ ਰਾਸ਼ਟਰੀ ਸੰਕਟ ਪ੍ਰਬੰਧਨ ਅਧਿਨਿਯਮ 2005 ਦੀ ਧਾਰਾ 54 ਅਧੀਨ ਵੱਖ-ਵੱਖ FIR ਦਰਜ ਕੀਤੀ ਗਈ ਹੈ। ਡੀ. ਜੀ. ਪੀ. ਨੇ ਕਿਹਾ ਕਿ ਇਹ ਵਿਅਕਤੀ ਸੋਸਲ ਮੀਡੀਆ ਪੋਸਟਾਂ ਦੁਆਰਾ ਨਫਰਤ ਭਰੇ ਪ੍ਰਚਾਰ ਵਿਚ ਸ਼ਾਮਲ ਹਨ। ਗੁਪਤਾ ਨੇ ਕਿਹਾ ਕਿ ਭੁਪਿੰਦਰ ਸਿੰਘ ਨੇ ਆਪਣੀ ਭੜਕਾਊ ਇੰਟਰਵਿਊ ‘ਆਪਣਾ ਸਾਂਝਾ ਪੰਜਾਬ ਫੇਸਬੁੱਕ ਟੀ. ਵੀ. ਚੈਨਲ’ ਨੂੰ ਪੋਸਟ ਕੀਤੀ ਸੀ ਜਿਸ ਵਿਚ ਉਸ ਨੇ ਨਿਹੰਗਾਂ ਦੀ ਕਾਰਵਾਈ ਦੇ ਪੱਖ ਵਿਚ ਕਿਹਾ ਸੀ ਪਰ ਬਾਅਦ ਵਿਚ ਇਸ ਇੰਟਰਵਿਊ ਨੂੰ ਹਟਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਫੇਸਬੁੱਕ ਚੈਨਲ ਦੇ ਵਿਰੁੱਧ ਕਾਰਵਾਈ ਕਰਨ ਲਈ ਕਾਨੂੰਨੀ ਬਦਲਾਂ ਦੀ ਖੋਜ ਕਰ ਰਹੀ ਹੈ।
ਗੁਪਤਾ ਨੇ ਕਿਹਾ ਕਿ ਭੁੱਲਰ ਅਤੇ ਦਵਿੰਦਰ ਨੇ ਫੇਸਬੁੱਕ ‘ਤੇ ਭੜਕਾਊ ਅਤੇ ਗਲਤ ਬਿਆਨ ਦਿੱਤੇ ਸਨ ਅਤੇ ਨਿਹੰਗਾਂ ਨੂੰ ਅੱਗੇ ਅਜਿਹੇ ਹਮਲੇ ਕਰਨ ਲਈ ਉਕਸਾਇਆ ਸੀ। ਡੀ. ਜੀ. ਪੀ. ਨੇ ਹਿੰਸਾ ਫੈਲਾਉਣ ਵਾਲਿਆਂ ਵਿਰੁੱਧ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕੀਮਤ ‘ਤੇ ਸੂਬੇ ਵਿਚ ਨਫਰਤ ਫੈਲਾਉਣ ਵਾਲਿਆਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਰਫਿਊ ਦੀਆਂ ਪਾਬੰਦੀਆਂ ਦੀ ਕਿਸੇ ਵੀ ਕੀਮਤ ‘ਤੇ ਉਲੰਘਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਸੰਬੰਧ ਵਿਚ ਪੰਜਾਬ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਹਨ। ਕਲ ਪਟਿਆਲੇ ਹਮਲੇ ਤੋਂ ਬਾਅਦ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਆਪਣੇ ਪੁਲਿਸ ਕਰਮਚਾਰੀਆਂ ਖਿਲਾਫ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਹਰਜਿੰਦਰ ਛਾਬੜਾ-ਪਤਰਕਾਰ 9592282333