ਨਿਸ਼ਾਨੇਬਾਜ਼ੀ: ਖੁਸ਼ਸੀਰਤ ਸੰਧੂ ਨੇ ਫੁੰਡੇ 10 ਤਗ਼ਮੇ

ਫਰੀਦਕੋਟ ਦੀ ਨਿਸ਼ਾਨੇਬਾਜ਼ ਖੁਸ਼ਸੀਰਤ ਸੰਧੂ ਨੇ ਭੁਪਾਲ ਵਿੱਚ ਚੱਲ ਰਹੀ 63ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਚਾਰ ਸੋਨ ਤਗ਼ਮਿਆਂ ਸਣੇ ਕੁੱਲ ਦਸ ਤਗ਼ਮੇ ਜਿੱਤੇ। ਉਸ ਨੇ ਚਾਂਦੀ ਦੇ ਪੰਜ ਅਤੇ ਕਾਂਸੀ ਦਾ ਇੱਕ ਤਗ਼ਮਾ ਹਾਸਲ ਕੀਤਾ। ਖੁਸ਼ਸੀਰਤ ਨੇ ਸੀਨੀਅਰ ਮਹਿਲਾ ਸਿਵਲੀਅਨ ਚੈਂਪੀਅਨਸ਼ਿਪ ਦੇ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਫੁੰਡਿਆ, ਜਦੋਂਕਿ ਜੂਨੀਅਰ ਮਹਿਲਾ ਸਿਵਲੀਅਨ ਚੈਂਪੀਅਨਸ਼ਿਪ ਵਿੱਚੋਂ ਸੋਨ ਤਗ਼ਮਾ ਹੱਥ ਲੱਗਿਆ।
ਇਸੇ ਤਰ੍ਹਾਂ ਸੀਨੀਅਰ ਮਹਿਲਾ ਕੌਮੀ ਚੈਪੀਅਨਸ਼ਿਪ ਦੇ ਟੀਮ ਮੁਕਾਬਲੇ ਵਿੱਚ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਸ ਨੇ ਜੂਨੀਅਰ ਅਤੇ ਸੀਨੀਅਰ ਸਿਵਲੀਅਨ ਵਿੱਚ ਦੋ ਸੋਨ ਤਗ਼ਮੇ, ਜਦੋਂਕਿ ਜੂਨੀਅਰ ਸਿਵਲੀਅਨ ਦੇ ਇੱਕ ਹੋਰ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ। 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਦੌਰਾਨ ਸਬ-ਜੂਨੀਅਰ ਵਿੱਚ ਸੋਨ ਤਗ਼ਮਾ, ਸੀਨੀਅਰ ਦੇ ਟੀਮ ਵਰਗ ਵਿੱਚ ਚਾਂਦੀ ਅਤੇ ਜੂਨੀਅਰ ਸਿਵਲੀਅਨ ਵਿੱਚ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ।
ਖੁਸ਼ਸੀਰਤ ਨੇ ਅਰਸ਼ਦੀਪ ਬੰਗਾ ਨਾਲ ਮਿਕਸਡ ਡਬਲਜ਼ ਦੇ 10 ਮੀਟਰ ਟੀਮ ਮੁਕਾਬਲੇ ਦੌਰਾਨ ਚਾਂਦੀ ਦੇ ਤਗ਼ਮੇ ’ਤੇ ਨਿਸ਼ਾਨਾ ਲਾਇਆ। ਖੁਸ਼ਸੀਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਦੇ ਟਰਾਇਲ ਲਈ ਕੁਆਲੀਫਾਈ ਕੀਤਾ। ਉਸ ਦੀ ਇਸ ਪ੍ਰਾਪਤੀ ’ਤੇ ਪੰਜਾਬ ਦੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ, ਸੇਖੋਂ ਸ਼ੂਟਿੰਗ ਕਲੱਬ ਫਰੀਦਕੋਟ, ਜ਼ਿਲ੍ਹਾ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਫਰੀਦਕੋਟ ਅਤੇ ਕੋਚ ਗੁਰਵਿੰਦਰ ਸੰਧੂ ਨੇ ਵਧਾਈਆਂ ਦਿੱਤੀਆਂ।

Previous articleਚੀਨੀ ਕੰਪਨੀ ਵਾਅਵੇਅ ਵਲੋਂ ਭਾਰਤ ਸਰਕਾਰ ਦਾ ਧੰਨਵਾਦ
Next articleਅਮਰੀਕਾ ਤੇ ਇਰਾਨ ਵਿਚਾਲੇ ਤਣਾਅ ਸਿਖ਼ਰਾਂ ’ਤੇ