ਪ੍ਰੇਮਿਕਾ ਵੱਲੋਂ ਠੁਕਰਾਏ ਜਾਣ ’ਤੇ ਪ੍ਰੇਮੀ ਨੇ ਬੀਤੀ ਰਾਤ ਔਜਲਾ ਬਾਈਪਾਸ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਰੇਸ਼ ਕੁਮਾਰ ਉਰਫ਼ ਮਿੰਟੂ ਪੁੱਤਰ ਗੁਰਬਚਨ ਲਾਲ ਮੁਹੱਲਾ ਪ੍ਰੇਮ ਨਗਰ, ਗੁਰਦਾਸਪੁਰ ਵਜੋਂ ਹੋਈ ਹੈ। ਉਸ ਦੀ ਜੇਬ ਵਿੱਚੋਂ ਇੱਕ ਨੋਟ ਮਿਲਿਆ ਹੈ ਜਿਸ ਵਿੱਚ ਉਸ ਨੇ ਦੋ ਫ਼ੋਨ ਨੰਬਰਾਂ ਦੇ ਨਾਲ ਲਿਖਿਆ ਸੀ ਕਿ ਉਸ ਦੀ ਲਾਸ਼ ਦੀ ਫੋਟੋ ਖਿੱਚ ਕੇ ਇਨ੍ਹਾਂ ਨੰਬਰਾਂ ’ਤੇ ਭੇਜ ਦਿੱਤੀ ਜਾਵੇ ਤਾਂ ਜੋ ਉਸ ਦੀ ਪ੍ਰੇਮਿਕਾ ਨੂੰ ਪਤਾ ਚੱਲ ਜਾਏ ਕਿ ਇਸ਼ਕ ਵਿੱਚ ਉਸ ਨੂੰ ਚਾਹੁਣ ਵਾਲੇ ਨੇ ਆਪਣੀ ਜਾਨ ਦੇ ਦਿੱਤੀ ਹੈ।
ਦੂਸਰੇ ਪਾਸੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਲੜਕੀ ਦੇ ਪਰਿਵਾਰ ਨੇ ਨੌਜਵਾਨ ਦੀ ਹੱਤਿਆ ਕਰ ਕੇ ਲਾਸ਼ ਨੂੰ ਰੇਲਵੇ ਟਰੈਕ ’ਤੇ ਸੁੱਟ ਦਿੱਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਐਸਐਸਪੀ ਗੁਰਦਾਸਪੁਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਮ੍ਰਿਤਕ ਨੌਜਵਾਨ ਦੇ ਭਰਾ ਸਰਜੀਵਨ ਨੇ ਦੱਸਿਆ ਕਿ ਉਸ ਦਾ ਭਰਾ ਛੋਟਾ ਹਾਥੀ ਚਲਾਉਂਦਾ ਸੀ। ਉਸ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਪਿਛਲੇ ਸੱਤ ਸਾਲ ਤੋਂ ਪ੍ਰੇਮ ਸਬੰਧ ਸਨ। ਇਹ ਲੜਕੀ ਅਕਸਰ ਉਨ੍ਹਾਂ ਦੇ ਘਰ ਵੀ ਆਉਂਦੀ ਸੀ ਅਤੇ ਪਰਿਵਾਰਕ ਸਮਾਗਮਾਂ ਵਿੱਚ ਸ਼ਾਮਲ ਹੁੰਦੀ ਸੀ। ਦੋਵੇਂ ਪਰਿਵਾਰ ਵਿਆਹ ਲਈ ਰਜ਼ਾਮੰਦ ਸਨ ਪਰ ਪਿਛਲੇ ਸਾਲ ਲੜਕੀ ਨੂੰ ਪੰਜਾਬ ਪੁਲੀਸ ਵਿੱਚ ਨੌਕਰੀ ਮਿਲ ਗਈ। ਹਾਲਾਂਕਿ ਉਸ ਨੂੰ ਸਰਕਾਰੀ ਨੌਕਰੀ ਦਿਵਾਉਣ ਵਿੱਚ ਨਰੇਸ਼ ਨੇ ਹੀ ਮਦਦ ਕੀਤੀ ਸੀ। ਨੌਕਰੀ ਮਿਲਣ ਤੋਂ ਬਾਅਦ ਲੜਕੀ ਦਾ ਮਨ ਬਦਲ ਗਿਆ ਅਤੇ ਉਸ ਨੇ ਨਰੇਸ਼ ਨਾਲ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ। ਨਰੇਸ਼ ਨੂੰ ਆਪਣੇ ਮਹਿਕਮੇ ਦਾ ਹਵਾਲਾ ਦੇ ਕੇ ਲੜਕੀ ਵੱਲੋਂ ਧਮਕਾਇਆ ਜਾਂਦਾ ਸੀ ਅਤੇ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਇਸ ਰਿਸ਼ਤੇ ਨੂੰ ਲੈ ਕੇ ਕਾਫ਼ੀ ਗੰਭੀਰ ਸੀ। ਇਸ ਲਈ ਲੜਕੀ ਦੇ ਬਦਲਣ ਨਾਲ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਸੀ। ਉਸ ਨੇ ਕਿਹਾ ਕਿ ਉਸ ਦੇ ਭਰਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ।
INDIA ਨਿਰਾਸ਼ ਪ੍ਰੇਮੀ ਨੇ ਰੇਲਗੱਡੀ ਅੱਗੇ ਮਾਰੀ ਛਾਲ