ਅਮਿਤ ਹੱਤਿਆ ਕੇਸ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

ਚਾਰ ਮੁਲਜ਼ਮਾਂ ਨੂੰ ਪੁਲੀਸ ਪਹਿਲਾਂ ਹੀ ਕਰ ਚੁੱਕੀ ਹੈ ਕਾਬੂ; ਸੈਕਟਰ-40 ’ਚ ਵਾਪਰੀ ਸੀ ਘਟਨਾ

ਚੰਡੀਗੜ੍ਹ ਪੁਲੀਸ ਨੇ 28 ਜੂਨ ਨੂੰ ਸੈਕਟਰ-40 ਦੀ ਮਾਰਕੀਟ ਵਿਚ ਨੌਜਵਾਨ ਅਮਿਤ ਕਟੋਚ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਵਾਲੇ ਟੋਲੇ ਦੇ ਮੁੱਖ ਸਰਗਨੇ ਰਜਤ ਤਿਵਾੜੀ (21) ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਇਸ ਮਾਮਲੇ ਵਿਚ ਪਹਿਲਾਂ ਹੀ ਤਿਵਾੜੀ ਨਾਲ ਮਿਲ ਕੇ ਅਮਿਤ ਦਾ ਕਤਲ ਕਰਨ ਵਾਲੇ ਚਾਰ ਮੁਲਜ਼ਮਾਂ ਚੇਤਨ ਸਿੰਘ, ਹਰਪ੍ਰੀਤ ਸਿੰਘ ਲਾਡੀ, ਤਿਲਕ ਉਰਫ ਡੀਸੀ ਅਤੇ ਰਿਤਵਿਕ ਉਰਫ ਬਿੱਲਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਮੁਲਜ਼ਮ 18 ਤੋਂ 21 ਸਾਲਾਂ ਦੇ ਹਨ ਅਤੇ ਉਨ੍ਹਾਂ ਨੇ ਖੁੰਦਕ ਕਾਰਨ ਕਥਿਤ ਤੌਰ ’ਤੇ ਅਮਿਤ ਦਾ ਕਤਲ ਕੀਤਾ। ਐੱਸਐੱਸਪੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ ਕਤਲ ਕੇਸ ਦੇ ਮੁੱਖ ਸਰਗਨਾ ਰਜਤ ਤਿਵਾੜੀ ਨੂੰ ਸੈਕਟਰ-31 ਥਾਣੇ ਦੇ ਐੱਸਐਚਓ ਰਾਜਦੀਪ ਸਿੰਘ ਅਤੇ ਸੈਕਟਰ-39 ਥਾਣੇ ਦੇ ਸਬ-ਇੰਸਪੈਕਟਰ ਪਰਮਿੰਦਰ ਸਿੰਘ ਨੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਮਿਤ ਤੇ ਮੁੱਖ ਮੁਲਜ਼ਮ ਤਿਵਾੜੀ ਦੇ ਪਰਿਵਾਰ ਪਹਿਲਾਂ ਸੈਕਟਰ-41 ਵਿਚ ਅਤੇ ਹੁਣ ਸੰਨੀ ਐਨਕਲੇਵ, ਖਰੜ ਵਿਚ ਰਹਿੰਦੇ ਹਨ। ਅਮਿਤ ਤੇ ਤਿਵਾੜੀ ਵਿਚਕਾਰ ਪਿੱਛਲੇ ਦੋ ਸਾਲਾਂ ਤੋਂ ਵਾਹਨ ਪਾਰਕ ਕਰਨ, ਪਾਰਕ ਵਿਚ ਖੇਡਣ ਆਦਿ ਨੂੰ ਲੈ ਕੇ ਲੜਾਈ ਹੁੰਦੀ ਸੀ। ਇਸੇ ਤਹਿਤ ਹੀ ਤਿਵਾੜੀ ਨੇ ਆਪਣੇ ਚਾਰ ਦੋਸਤਾਂ ਲਾਡੀ, ਬਿੱਲਾ, ਡੀਸੀ ਅਤੇ ਚੇਤਨ ਨੂੰ ਤਿਵਾੜੀ ਦਾ ਕਤਲ ਕਰਨ ਲਈ ਤਿਆਰ ਕਰ ਲਿਆ ਅਤੇ 28 ਜੂਨ ਨੂੰ ਅਮਿਤ ਦਾ ਪਿੱਛਾ ਕਰਕੇ ਉਸ ਨੂੰ ਸੈਕਟਰ-40 ਦੀ ਮਾਰਕੀਟ ਵਿਚ ਘੇਰ ਲਿਆ। ਐੱਸਐੱਸਪੀ ਅਨੁਸਾਰ ਪਹਿਲਾਂ ਬਿੱਲੇ ਨੇ ਹੈਲਮਟ ਨਾਲ ਅਮਿਤ ਉਪਰ ਮਾਰਕੀਟ ਵਿਚ ਹਮਲਾ ਕੀਤਾ ਤੇ ਫਿਰ ਤਿਵਾੜੀ ਨੇ ਚਾਕੂ ਨਾਲ ਅਮਿਤ ਉੁਪਰ ਵਾਰ ਕੀਤਾ। ਲਾਡੀ ਨੇ ਮਾਰਕੀਟ ਵਿਚ ਪਏ ਕੱਚ ਦੇ ਗਲਾਸ ਨਾਲ ਉਸ ਉਪਰ ਹਮਲਾ ਕਰ ਦਿੱਤਾ। ਇਸੇ ਦੌਰਾਨ ਚੇਤਨ ਨੇ ਮਾਰਕੀਟ ਵਿਚੋਂ ਹੀ ਪੱਥਰ ਚੁੱਕ ਕੇ ਅਮਿਤ ਉਪਰ ਹਮਲਾ ਕੀਤਾ। ਇਸ ਦੌਰਾਨ ਅਮਿਤ ਦੀ ਮੌਤ ਹੋ ਗਈ। ਐੱਸਐੱਸਪੀ ਨੇ ਦੱਸਿਆ ਕਿ ਤਿਵਾੜੀ ਉੁਪਰ ਪਹਿਲਾਂ ਹੀ ਅਗਵਾ ਕਰਨ ਅਤੇ ਕਾਤਲਾਨਾ ਹਮਲਾ ਕਰਨ ਦੇ ਦੋ ਕੇਸ ਦਰਜ ਹਨ। ਉਸ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਕਤਲ ਲਈ ਵਰਤੇ ਚਾਕੂ ਨੂੰ ਬਰਾਮਦ ਕੀਤਾ ਜਾਵੇਗਾ।

Previous articleਅਰਾਵਲੀ ਦੇ ਜੰਗਲਾਂ ’ਚ ਪੁਲੀਸ ਲਾਈਨ ਦੀ ਉਸਾਰੀ ’ਤੇ ਰਿਪੋਰਟ ਮੰਗੀ
Next articleਨਿਰਾਸ਼ ਪ੍ਰੇਮੀ ਨੇ ਰੇਲਗੱਡੀ ਅੱਗੇ ਮਾਰੀ ਛਾਲ