ਨਿਰਭਯਾ ਕੇਸ: ਸੁਪਰੀਮ ਕੋਰਟ ਵਲੋਂ ਦੋ ਦੋਸ਼ੀਆਂ ਦੀਆਂ ਕਿਊਰੇਟਿਵ ਪਟੀਸ਼ਨਾਂ ਰੱਦ

ਸੁਪਰੀਮ ਕੋਰਟ ਨੇ ਅੱਜ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਹੱਤਿਆ ਮਾਮਲੇ ਦੇ ਚਾਰ ਦੋਸ਼ੀਆਂ ਵਿੱਚੋਂ ਦੋ ਵਲੋਂ ਫਾਂਸੀ ਦੀ ਸਜ਼ਾ ਖ਼ਿਲਾਫ਼ ਪਾਈਆਂ ਕਿਊਰੇਟਿਵ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ। ਇਸ ਫ਼ੈਸਲੇ ਤੋਂ ਬਾਅਦ ਦੋਸ਼ੀ ਮੁਕੇਸ਼ ਕੁਮਾਰ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਹੈ। ਦੋਸ਼ੀ ਮੁਕੇਸ਼ ਕੁਮਾਰ ਨੇ ਹੇਠਲੀ ਅਦਾਲਤ ਵਲੋਂ ਬੀਤੀ 7 ਜਨਵਰੀ ਨੂੰ ਜਾਰੀ ਮੌਤ ਦੇ ਵਾਰੰਟ ਰੱਦ ਕਰਵਾਉਣ ਲਈ ਅੱਜ ਦਿੱਲੀ ਹਾਈ ਕੋਰਟ ਵਿੱਚ ਵੀ ਪਹੁੰਚ ਕੀਤੀ ਹੈ। ਇਸ ’ਤੇ ਸੁਣਵਾਈ ਭਲਕੇ ਬੁੱਧਵਾਰ ਨੂੰ ਜਸਟਿਸ ਮਨਮੋਹਨ ਅਤੇ ਜਸਟਿਸ ਸੰਗੀਤਾ ਢੀਂਗਰਾ ਸਹਿਗਲ ਦੀ ਅਦਾਲਤ ਵਿੱਚ ਹੋਵੇਗੀ। ਦੱਸਣਯੋਗ ਹੈ ਕਿ ਦਿੱਲੀ ਦੀ ਇੱਕ ਅਦਾਲਤ ਵਲੋਂ 7 ਜਨਵਰੀ ਨੂੰ ਇਸ ਮਾਮਲੇ ਦੇ ਚਾਰ ਦੋਸ਼ੀਆਂ ਵਿਨੇ ਸ਼ਰਮਾ (26), ਮੁਕੇਸ਼ ਕੁਮਾਰ (32), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਗੁਪਤਾ (25) ਦੇ ਮੌਤ ਦੇ ਵਾਰੰਟ ਜਾਰੀ ਕੀਤੇ ਗਏ ਅਤੇ ਇਨ੍ਹਾਂ ਚਾਰਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਜਾਵੇਗੀ।
ਸਿਖਰਲੀ ਅਦਾਲਤ ਦੇ ਪੰਜ ਜੱਜਾਂ ਦੇ ਬੈਂਚ ਨੇ ਅੱਜ ਦੋਸ਼ੀਆਂ ਵਿਨੇ ਅਤੇ ਮੁਕੇਸ਼ ਦੀਆਂ ਕਿਊਰੇਟਿਵ ਪਟੀਸ਼ਨਾਂ ਰੱਦ ਕਰ ਦਿੱਤੀਆਂ। ਜਸਟਿਸ ਐੱਨ.ਵੀ. ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਆਦੇਸ਼ ਵਿੱਚ ਕਿਹਾ, ‘‘ਜ਼ੁਬਾਨੀ ਸੁਣਵਾਈ ਲਈ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਮੌਤ ਦੀ ਸਜ਼ਾ ’ਤੇ ਸਟੇਅ ਦਿੱਤੇ ਜਾਣ ਸਬੰਧੀ ਅਰਜ਼ੀਆਂ ਵੀ ਰੱਦ ਕਰ ਦਿੱਤੀਆਂ ਹਨ।’’ ਅਦਾਲਤ ਨੇ ਕਿਹਾ, ‘‘ਕਿਊਰੇਟਿਵ ਪਟੀਸ਼ਨਾਂ ਤੇ ਹੋਰ ਦਸਤਾਵੇਜ਼ਾਂ ਨੂੰ ਪੜ੍ਹ ਲਿਆ ਗਿਆ ਹੈ। ਸਾਡੀ ਰਾਇ ਵਿੱਚ ਨਿਰਧਾਰਿਤ ਮਾਪਦੰਡਾਂ ਵਿੱਚ ਕੋਈ ਕੇਸ ਨਹੀਂ ਬਣਦਾ। ਇਸ ਕਰਕੇ ਕਿਊਰੇਟਿਵ ਪਟੀਸ਼ਨਾਂ ਰੱਦ ਕੀਤੀਆਂ ਜਾਂਦੀਆਂ ਹਨ।’’ ਇਸੇ ਦੌਰਾਨ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਅਨੁਸਾਰ ਨਿਰਭਯਾ ਕੇਸ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਦੋਸ਼ੀ ਮੁਕੇਸ਼ ਕੁਮਾਰ ਨੇ ਅੱਜ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਹੈ।

Previous articleਸੀਏਏ, ਐੱਨਆਰਸੀ ਤੇ ਐੱਨਪੀਆਰ ਬਾਰੇ ਸਦਨ ਮੁਤਾਬਕ ਫ਼ੈਸਲਾ ਲਵਾਂਗੇ: ਕੈਪਟਨ
Next articleਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਵਿਰਾਸਤੀ ਦਿੱਖ ਬਦਲਣ ’ਤੇ ਵਿਵਾਦ