ਮੈਂ ਲਗਪਗ ਛੇ ਸੱਤ ਸਾਲ ਪਹਿਲਾਂ ਆਪਣੇ ਲਿਖਣ ਦਾ ਸਫ਼ਰ ਸ਼ੁਰੂ ਕੀਤਾ ਆਪਣੀਆਂ ਰਚਨਾਵਾਂ ਇੱਕਾ ਦੁੱਕਾ ਅਖ਼ਬਾਰਾਂ ਨੂੰ ਭੇਜਦੇ ਰਹੇ ਤੇ ਉਹ ਉਨ੍ਹਾਂ ਅਖ਼ਬਾਰਾਂ ਵਿਚ ਛਪਦੀਆਂ ਰਹੀਆਂ ।ਕੁੱਝ ਸਮਾਂ ਪਹਿਲਾਂ ਦਿਨੇਸ਼ ਨੰਦੀ ਜੋ ਕਿ ਖ਼ੁਦ ਇਕ ਬਹੁਤ ਵਧੀਆ ਕਵੀ ਹਨ ਤੇ ਨੌਜਵਾਨ ਸਾਹਿਤ ਸਭਾ ਬਠਿੰਡਾ ਦੇ ਪ੍ਰਧਾਨ ਵੀ ਹਨ ਉਨ੍ਹਾਂ ਨੇ ਸਾਨੂੰ ਆਪਣੀ ਇਸ ਸਭਾ ਨਾਲ ਜੋਡ਼ਿਆ ਜਿਸ ਦਾ ਮੁੱਖ ਉਦੇਸ਼ ਹੈ ਨੌਜਵਾਨ ਉੱਭਰਦੇ ਕਵੀਆਂ ਨੂੰ ਸੇਧ ਦੇਣੀ ਉਨ੍ਹਾਂ ਨੂੰ ਪ੍ਰੇਰਿਤ ਕਰਨਾ ।ਫਿਰ ਲਾਕਡਾਊਨ ਦੇ ਸਮੇਂ ਦੌਰਾਨ ਦਿਨੇਸ਼ ਨੰਦੀ ਜੀ ਨੇ ਸਾਨੂੰ ਰਮੇਸ਼ਵਰ ਸਿੰਘ ਪਟਿਆਲਾ ਜੀ ਨਾਲ ਜੋਡ਼ਿਆ ।ਮੈਂ ਰਮੇਸ਼ਵਰ ਜੀ ਨੂੰ ਆਪਣੀਆਂ ਰਚਨਾਵਾਂ ਭੇਜੀਆਂ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਮੇਰੀਆਂ ਰਚਨਾਵਾਂ ਇੱਕ ਨਹੀਂ ਬਲਕਿ ਛੇ ਸੱਤ ਅਖ਼ਬਾਰਾਂ ਵਿੱਚ ਇਕੱਠੀਆਂ ਛਪਣੀਆਂ ਸ਼ੁਰੂ ਹੋ ਗਈਆਂ ।
ਹੌਲੀ ਹੌਲੀ ਰਮੇਸ਼ਵਰ ਜੀ ਨਾਲ ਮੋਬਾਇਲ ਫੋਨ ਤੇ ਵੀ ਗੱਲ ਬਾਤ ਹੋਣ ਲੱਗੀ ਜਦੋਂ ਵੀ ਰਮੇਸ਼ਵਰ ਜੀ ਦਾ ਫੋਨ ਆਉਣਾ ਜਾਂ ਉਨ੍ਹਾਂ ਨੂੰ ਫੋਨ ਕਰਨਾ ਤਾਂ ਲਗਪਗ ਅੱਧਾ- ਅੱਧਾ ਘੰਟਾ ਤੇ ਕਈ ਵਾਰੀ ਇਸ ਤੋਂ ਵੀ ਵੱਧ ਸਮਾਂ ਗੱਲ ਹੋਣੀ ਤੇ ਸਮੇਂ ਦਾ ਪਤਾ ਹੀ ਨਾ ਲੱਗਦਾ ਕਿਉਂਕਿ ਉਨ੍ਹਾਂ ਦੀਆਂ ਗੱਲਾਂ ਹੀ ਇੰਨੀਆਂ ਜਾਣਕਾਰੀ ਭਰਪੂਰ ਤੇ ਸੇਧ ਦੇਣ ਵਾਲੀਆਂ ਹੁੰਦੀਆਂ ਨੇ ।ਉਹ ਨਾ ਸਿਰਫ਼ ਨੌਜਵਾਨ ਕਵੀਆਂ ਲੇਖਕਾਂ ਨੂੰ ਅਖ਼ਬਾਰਾਂ ਵਿੱਚ ਛਪਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੇ ਹਨ ਸਗੋਂ ਨੌਜਵਾਨ ਕਵੀਆਂ ਲੇਖਕਾਂ ਦੀਆਂ ਰਚਨਾਵਾਂ ਸਬੰਧੀ ਡੂੰਘੀਆਂ ਵਿਚਾਰਾਂ ਵੀ ਉਨ੍ਹਾਂ ਨਾਲ ਸਾਂਝੀਆਂ ਕਰਦੇ ਹਨ ਤਾਂ ਜੋ ਕਵੀਆਂ ਅਤੇ ਲੇਖਕਾਂ ਦੀਆਂ ਰਚਨਾਵਾਂ ਰਾਹੀਂ ਇਕ ਸਾਰਥਕ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਲੋਕਾਂ ਤੱਕ ਪਹੁੰਚੇ।
ਉਨ੍ਹਾਂ ਨਾਲ ਗੱਲ ਕਰਦਿਆਂ ਜਦੋਂ ਉਨ੍ਹਾਂ ਦੇ ਪਰਿਵਾਰ ਬਾਰੇ ਅਤੇ ਉਨ੍ਹਾਂ ਦੀ ਜੀਵਨ ਬਾਰੇ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦਾ ਜੀਵਨ ਬਚਪਨ ਤੋਂ ਹੀ ਸੰਘਰਸ਼ਮਈ ਦੁੱਖਾਂ ਅਤੇ ਤਕਲੀਫਾਂ ਨਾਲ ਭਰਿਆ ਹੋਇਆ ਸੀ ਕਿਉਂਕਿ ਬਚਪਨ ਵਿੱਚ ਹੀ ਉਨ੍ਹਾਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਉਨ੍ਹਾਂ ਦੇ ਇਰਾਦਿਆਂ ਵਿਚ ਬਚਪਨ ਤੋਂ ਹੀ ਦ੍ਰਿੜ੍ਹਤਾ ਤੇ ਪ੍ਰਸਥਿਤੀਆਂ ਨਾਲ ਲੜ ਕੇ ਉਨ੍ਹਾਂ ਵਿੱਚੋਂ ਨਿਕਲਣ ਦਾ ਹੁਨਰ ਪੈਦਾ ਹੋਇਆ ।
ਜਦੋਂ ਮੈਂ ਉਨ੍ਹਾਂ ਦੇ ਜੀਵਨ ਬਾਰੇ ਹੋਰ ਡੂੰਘਾਈ ਨਾਲ ਪੁੱਛਿਆ ਤਾਂ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਮੈਨੂੰ ਬਹੁਤ ਪ੍ਰੇਰਨਾ ਮਿਲੀ ।ਉਨ੍ਹਾਂ ਨੇ ਆਪਣੇ ਪਿਤਾ ਨੂੰ ਵੇਖਿਆ ਤੱਕ ਨਹੀਂ ਸੀ । ਆਪਣੀ ਪੜ੍ਹਾਈ ਤੋਂ ਲੈ ਕੇ ਆਪਣੇ ਪੈਰਾਂ ਤੇ ਖਡ਼੍ਹੇ ਹੋਣ ਤੱਕ ਦਾ ਸਫ਼ਰ ਉਨ੍ਹਾਂ ਨੇ ਖ਼ੁਦ ਹੀ ਆਪਣੀਆਂ ਨਿੱਕੀਆਂ ਨਿੱਕੀਆਂ ਲੜਖੜਾਉਂਦੀਆਂ ਪੁਲਾਘਾਂ ਤੋਂ ਸ਼ੁਰੂ ਕਰਕੇ ਮਰਚੈਂਟ ਨੇਵੀ ਤੱਕ ਆਪਣੀ ਮਿਹਨਤ ਅਤੇ ਸਿਦਕ ਨਾਲ ਕੀਤਾ । ਉਨ੍ਹਾਂ ਨੇ ਬਿਨਾਂ ਕਿਸੇ ਸਹਾਰੇ ਤੋਂ ਜੋ ਸੁਪਨਾ ਵੇਖਿਆ ਉਸ ਨੂੰ ਆਪਣਾ ਉਦੇਸ਼ ਸਮਝ ਕੇ ਉਸ ਲਈ ਮੁੜਕਾ ਵਹਾ ਕੇ ਕਰੜੀ ਮਿਹਨਤ ਕੀਤੀ।
ਨਿੱਕੇ ਹੁੰਦਿਆਂ ਉਨ੍ਹਾਂ ਨੂੰ ਕੰਮ ਕਰਨ ਦੀ ਚੇਟਕ ਲੱਗੀ ਤੇ ਉਹ ਖੇਤਾਂ ਵਿੱਚ ਕੰਮ ਕਰਦੇ ਤੇ ਨਾਲ ਹੀ ਆਪਣੀ ਪਡ਼੍ਹਾਈ ਵੀ ਕਰਦੇ ਉਨ੍ਹਾਂ ਨੇ ਆਪਣਾ ਬਚਪਨ ਅਡੋਲ ਰਹਿ ਕੇ ਇੱਕ ਕਰੜੀ ਤਪੱਸਿਆ ਵਾਂਗ ਗੁਜ਼ਾਰਿਆ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਅਰਜੁਨ ਵਾਂਗ ਸਿਰਫ਼ ਮਛਲੀ ਦੀ ਅੱਖ ਹੀ ਵਿਖਾਈ ਦਿੰਦੀ ਸੀ ਉਹ ਕਦੇ ਵੀ ਆਪਣੇ ਮਕਸਦ ਆਪਣੇ ਉਦੇਸ਼ ਤੋਂ ਨਹੀਂ ਭਟਕੇ ਅਤੇ ਇੱਕ ਵਧੀਆ ਜ਼ਿੰਦਗੀ ਦੇ ਉਦੇਸ਼ ਨੂੰ ਪੂਰਾ ਕੀਤਾ ਸ਼ਾਇਦ ਇਹੋ ਕਾਰਨ ਹੈ ਕਿ ਉਨ੍ਹਾਂ ਦੀ ਕਲਮ ਉਨ੍ਹਾਂ ਵਾਂਗ ਅਡੋਲ ਨਿਧੜਕ ਇਕ ਤਪੱਸਵੀ ਦੀ ਤਰ੍ਹਾਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੀ ਹੈ ।
ਉਨ੍ਹਾਂ ਦਾ ਜਨਮ ਪਿੰਡ ਸਹਾਰਨ ਮਾਜਰਾ, ਜ਼ਿਲ੍ਹਾ ਲੁਧਿਆਣਾ ਪਿਤਾ ਪ੍ਰੀਤਮ ਸਿੰਘ ਮਾਤਾ ਮਨਜੀਤ ਕੌਰ ਦੀ ਕੁੱਖੋਂ ਸੰਨ 1960 ਨੂੰ ਜੂਨ ਮਹੀਨੇ ਹੋਇਆ ਪਰ ਤਰੀਕ ਦਾ ਸਹੀ ਪਤਾ ਨਹੀਂ। ਆਪ ਦੇ ਮਾਤਾ ਕਹਿੰਦੇ ਸਨ ਕਿ ਜਨਮ ਉਦੋਂ ਹੋਇਆ ਜਦੋਂ ਇਕਾਦਸੀ ਨੂੰ ਠੰਡੀ ਲੱਸੀ ਦੇ ਲੰਗਰ ਲਾਉਂਦੇ ਸੀ। ਆਪ ਸਾਧਾਰਨ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਨਾਨਕਾ ਪਿੰਡ ਲੋਹਾਰਾ ਮਾਜਰਾ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ । ਨਾਨਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਮੁੱਖ ਆਧਿਆਪਕ ਅਤੇ ਗੀਤਕਾਰ ਹਰਨੇਕ ਸਿੰਘ ਸੋਹੀ ਨੇ ਆਪ ਦੀ ਕਾਬਲੀਅਤ ਨੂੰ ਉਸ ਸਮੇਂ ਪਛਾਣ ਲਿਆ ਜਦੋਂ ਉਹ ਹੋਰ ਸਕੂਲਾਂ ਨੂੰ ਭੇਜਣ ਲਈ ਚਿੱਠੀਆਂ ਲਿਖਣ ਲਈ ਕਹਿੰਦੇ ਸਨ। ਚਿੱਠੀਆਂ ਪੜ੍ਹ ਕੇ ਉਹ ਕਹਿੰਦੇ ਤੂੰ ਇੱਕ ਦਿਨ ਜ਼ਰੂਰ ਲੇਖਕ ਬਣੇਗਾ।
ਉਸ ਤੋਂ ਬਾਅਦ ਆਪਨੇ ਮੋਦੀ ਕਾਲਜ ਪਟਿਆਲਾ ਵਿਖੇ ਬੀ.ਏ. ਦੀ ਡਿਗਰੀ ਕੀਤੀ ਤੇ ਮਨ ਵਿਚ ਜਹਾਜ਼ ਉਪਰ ਸਫ਼ਰ ਕਰਨ ਦਾ ਸੁਪਨਾ ਵੇਖਿਆ ਉਸ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦਿਆਂ ਬਾਅਦ ਮਾਰਚੈਂਟ ਨੇਵੀ ਵਿੱਚ ਨੌਕਰੀ ਪ੍ਰਾਪਤ ਕਰ ਲਈ । ਇਸਤੋਂ ਬਾਦ ਆਪ ਦਾ ਵਿਆਹ ਹੋਇਆ ਅਤੇ ਘਰ ਵਿੱਚ ਇੱਕ ਬੇਟੇ ਗੁਰਇਕ ਸਿੰਘ ਦਾ ਜਨਮ ਹੋਇਆ , ਜੋ ਕਾਲਜ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਲਈ ਕੈਨੇਡਾ ਵਿੱਚ ਰਹਿ ਰਿਹਾ ਹੈ। ਪਤਨੀ ਬਲਵਿੰਦਰ ਕੌਰ ਸਕੂਲ ਟੀਚਰ ਹੈ ਅਤੇ ਆਪ ਦੀ ਲੇਖਣੀ ਵਿੱਚ ਬਹੁਤ ਮਦਦ ਕਰਦੇ ਹਨ। ਜਿਵੇਂ ਸਮੇਂ-ਸਮੇਂ ‘ਤੇ ਚਾਹ-ਪਾਣੀ ਬਣਾ ਕੇ ਦੇਣਾ, ਮਿਲਣ ਆਏ ਪਾਠਕਾਂ ਲਈ ਨਾਸ਼ਤੇ ਪਾਣੀ ਦਾ ਪ੍ਰਬੰਧ ਕਰਨਾ।
ਆਪ ਦੱਸਦੇ ਹਨ ਕਿ ਮੇਰੇ ਲੇਖਾਂ ਪੜ੍ਹਨ ਵਾਲੀ ਮੇਰੀ ਪਹਿਲੀ ਪਾਠਕ ਮੇਰੀ ਪਤਨੀ ਹੈ। ਜਿੰਨ੍ਹੇ ਜ਼ਿਆਦਾ ਆਪ ਆਪਣੀ ਲੇਖਣੀ ਵਿੱਚ ਸਾਫ ਅਤੇ ਸਪੱਸ਼ਟ ਹਨ ਉਦੋਂ ਜ਼ਿਆਦਾ ਉੱਚੀ-ਸੁੱਚੀ ਸਖਸ਼ੀਅਤ ਅਤੇ ਮਿਲਣਸਾਰਤਾ ਵਾਲੇ ਇਨਸਾਨ ਹਨ। ਜਦੋਂ ਆਪ ਤੋਂ ਪੁੱਛਿਆ ਗਿਆ ਕਿ ਆਪ ਕਿਸ ਧਰਮ ਨੂੰ ਮੰਨਦੇ ਹੋ ਤਾਂ ਆਪ ਦਾ ਜਵਾਬ ਸੀ ਕਿ ਮੈਂ ਬਾਬੇ ਨਾਨਕ ਤੋਂ ਸਿਵਾਏ ਹੋਰ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਉਨ੍ਹਾਂ ਦੀ ਵਿਚਾਰਧਾਰਾ ਉੱਪਰ ਚੱਲਦਾਂ ਹਾਂ ਆਪਣੇ ਦੇਸ਼ ਵਾਸੀਆਂ ਨੂੰ ਵੀ ਇਸੇ ਵਿਚਾਰਨ ਨੂੰ ਜੀਵਨ ਵਿੱਚ ਅਪਣਾਉਣ ਲਈ ਕਹਿੰਦਾ ਹਾਂ।
ਜੇ ਪੜ੍ਹਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਪੰਜਾਬੀ ਟ੍ਰਿਬਿਊਨ ਅਖ਼ਬਾਰ ਪੜ੍ਹਦੇ ਹਨ ਇਹ ਅਖ਼ਬਾਰ ਉਨ੍ਹਾਂ ਦੀ ਰੂਹ ਦੀ ਖੁਰਾਕ ਹੈ । ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਟ੍ਰਿਬਿਊਨ ਅਖ਼ਬਾਰ ਪੰਜਾਬੀ ਵਿੱਚ ਛਪਣਾ ਸ਼ੁਰੂ ਹੋ ਗਿਆ ਤਾਂ ਉਨ੍ਹਾਂ ਨੇ 1978 ਸਵੇਰੇ ਜਲਦੀ ਉੱਠ ਕੇ ਬੱਸ ਅੱਡੇ ਦੇ ਬਾਹਰੋ ਪੱਚੀ ਪੈਸੇ ਵਿੱਚ ਇਹ ਅਖ਼ਬਾਰ ਖਰੀਦਿਆ ।ਉਹ ਪਹਿਲੇ ਦਿਨ ਤੋਂ ਹੀ ਪੰਜਾਬੀ ਟ੍ਰਿਬਿਊਨ ਦੇ ਪਾਠਕ ਹਨ ।
ਆਪ ਦਾ ਕਹਿਣਾ ਸੀ ਕਿ ਪੰਜਾਬੀ ਟ੍ਰਿਬਿਊਨ ਅਖਬਾਰ ਆਪਣੀ ਨੌਕਰੀ ਦੋਰਾਨ ਵੀ ਆਪਣੀ ਪਤਨੀ ਜਿਨ੍ਹਾਂ ਨੂੰ ਉਹ ਪਿਆਰ ਨਾਲ ‘ਬਿੱਲੋ’ ਵੀ ਆਖਦੇ ਹਨ ਤੋਂ ਕੋਰੀਅਰ ਰਾਹੀਂ ਮੰਗਵਾ ਕੇ ਪੜ੍ਹਦਾ ਹੁੰਦਾ ਸੀ ਅਤੇ ਲੇਖਕਾਂ ਦੀਆਂ ਲਿਖੀਆਂ ਰਚਨਾਵਾਂ ਦੇ ਜਵਾਬ ਚਿੱਠੀਆਂ ਦੇ ਰੂਪ ਵਿੱਚ ਦਿੰਦਾ ਸੀ। ਇੱਕ ਦਿਨ ਅਖਬਾਰ ਦੇ ਆਡੀਟਰ ਸਾਹਿਬ ਦਾ ਖ਼ਤ ਆਇਆ ਕਿ ਤੁਸੀਂ ਲੇਖ ਬਹੁਤ ਵਧੀਆ ਲਿਖ ਸਕਦੇ ਹੋ ਲੇਖ ਲਿਖਿਆ ਕਰੋ। ਇਸ ਤਰ੍ਹਾਂ ਮੈਂ ਲੇਖ ਲਿਖਣੇ ਸ਼ੁਰੂ ਕੀਤੇ ਅਤੇ ਛਪਣਾ ਸ਼ੁਰੂ ਹੋ ਗਿਆ। ਹੁਣ ਤੱਕ ਆਪ ਭਾਰਤ ਦੇ ਇੱਕ ਸੱਚੇ ਸਪੂਤ ਵਾਂਗ ਸਮਾਜ ਵਿੱਚ ਫੈਲੀਆਂ ਅਣਗਿਣਤ ਅਲਾਮਤਾ ਜੜੋਂ ਉਖਾੜਨ ਦਾ ਪ੍ਰਣ ਕਰ ਚੁੱਕੇ ਹਨ ਤੇ ਕਾਫੀ ਹੱਦ ਤੱਕ ਉਸ ਵਿੱਚ ਸਫਲ ਵੀ ਹੋਏ ਹਨ।
ਰਮੇਸ਼ਵਰ ਜੀ ਨੇ ਮਰਚੈਂਟ ਨੇਵੀ ਵਿੱਚੋਂ ਆਪਣੀ ਤਿੰਨ ਦਹਾਕਿਆਂ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ ।ਉਹ ਪੰਜਾਬੀ ਮਾਂ ਬੋਲੀ ਦਾ ਬੀਬਾ ਪੁੱਤ ਬਣ ਕੇ ਸੇਵਾ ਕਰ ਰਿਹਾ ਹੈ । ਉਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵਿੱਚ ਜਿੱਥੇ ਵੀ ਕੋਈ ਕਮੀ ਜਾਂ ਘਾਟ ਰੜਕਦੀ ਹੈ ਤਾਂ ਉਹ ਨਿਧੜਕ ਹੋ ਕੇ ਬੇਖੌਫ਼ ਹੋ ਕੇ ਸਿਰਫ ਉਸ ਖ਼ਿਲਾਫ਼ ਹੀ ਆਪਣੀ ਆਵਾਜ਼ ਬੁਲੰਦ ਨਹੀਂ ਕਰਦੇ ਸਗੋਂ ਭਖਦੇ ਮੁੱਦਿਆਂ ਉੱਤੇ ਲਿਖ ਕੇ ਵੀ ਨਿਰੰਤਰ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ । ਆਪਣੇ ਹੱਥ ਵਿੱਚ ਕਲਮ ਰੂਪੀ ਮਸ਼ਾਲ ਫੜ ਕੇ ਸਮਾਜ ਵਿਚ ਫੈਲੇ ਹੋਏ ਹਨੇਰੇ ਨੂੰ ਨਿਰੰਤਰ ਦੂਰ ਕਰਨ ਦਾ ਯਤਨ ਕਰ ਰਹੇ ਹਨ ।
ਉਹਨਾ ਨੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਨਾਲ ਹਰ ਪੱਧਰ ਤੇ ਹੋ ਰਹੀ ਬੇਇਨਸਾਫ਼ੀ ਖ਼ਿਲਾਫ਼ ਨਿਡਰ ਹੋ ਕੇ ਮੋਰਚਾ ਖੋਲ੍ਹਿਆ ਹੋਇਆ ਹੈ ਕਿ ਕਿਵੇਂ ਸਾਨੂੰ ਭਰਮਾਂ ਕੇ ਸਾਡੇ ਨਾਲ ਕੀ-ਕੀ ਸ਼ੋਸ਼ਣ ਹੋ ਰਿਹਾ ਹੈ ? ਕਿਵੇ ਸਾਡੀ ਨੌਜਵਾਨੀ ਨੂੰ ਕੁਰਾਹੇ ਪਾਇਆ ਜਾ ਰਿਹਾ?
ਕਿਵੇਂ ਸਾਡੀ ਪੰਜਾਬੀ ਮਾਂ-ਬੋਲੀ ਨੂੰ ਖੋਰਾ ਲਾਇਆ ਜਾ ਰਿਹਾ? ਆਦਿ ਕਈ ਮੁੱਦਿਆਂ ਨੂੰ ਬੇ-ਨਕਾਬ ਕਰਨ ਵਾਲਾ ਲੇਖਕ, ਜਿਨ੍ਹਾਂ ਨੂੰ ਮੈਂ ਹੁਣ ਦਿਲ ਹੀ ਦਿਲ ਆਪਣਾ ਉਸਤਾਦ ਵੀ ਮੰਨਣ ਲੱਗਿਆਂ ਹਾ ।
ਆਪ ਵੱਲੋਂ ਲਿਖੇ ਅਣਗਿਣਤ ਲੇਖਾਂ ਦੇ ਵਿਸ਼ੇ ਨਸ਼ਿਆਂ ਵਿੱਚ ਗਰਕਦੀ ਜਵਾਨੀ ਲਈ ਜ਼ਿੰਮੇਵਾਰ ਕੋਣ? ਅਜੋਕੀ ਗਾਇਕੀ ਦਾ ਸੱਚ, ਪੰਜਾਬੀ ਤੋਂ ਦੂਰ ਜਾ ਰਿਹਾ ਦੂਰਦਰਸ਼ਨ, ਸ਼ੋਰ ਪ੍ਰਦੂਸ਼ਣ ਲਈ ਜ਼ਿੰਮੇਵਾਰ ਕੌਣ ਮਹਿੰਗਾਈ, ਬੇਰੁਜਗਾਰੀ, ਸੜਕਾਂ ‘ਤੇ ਪਸ਼ੂਆਂ ਦੀ ਦਹਿਸ਼ਤ ਸਰਕਾਰ ਮੌਨ, ਤਿੜਕ ਰਹੇ ਸਮਾਜਿਕ ਰਿਸ਼ਤੇ ,ਔਰਤਾਂ ਦੀ ਦੁਰਦਸ਼ਾ , ਆਦਿ ਪਤਾ ਨਹੀਂ ਕਿੰਨ੍ਹੇ ਅਣਗਿਣਤ ਲੇਖ। ਇਨ੍ਹਾਂ ਦੇ ਕਈ ਲੇਖਾਂ ਨੂੰ ਪੜ੍ਹ ਕੇ ਕਈ ਲੀਡਰਾਂ, ਬਾਬਿਆਂ, ਦੂਰਦਰਸ਼ਨ ਦੇ ਕਰਮਚਾਰਿਆਂ, ਕਈ ਹੋਰ ਚਮਚਾਗਿਰੀ ਕਰਨ ਵਾਲੇ ਦੇ ਫੋਨ ਆਉਂਦੇ ਹਨ ਪਰ ਆਪ ਦਾ ਜਵਾਬ ਹੁੰਦਾ ਹੈ ਕਿ ਮੈਂ ਬਾਬੇ ਨਾਨਕ ਤੋਂ ਸਵਾਏ ਹੋਰ ਕਿਸੇ ਲੱਲੀ-ਛੱਲੀ ਤੋਂ ਨਹੀਂ ਡਰਦਾ ਇਹ ਗੱਲ ਸਿਰਫ ਆਪ ਦੇ ਕਹਿਣ ਦੀ ਹੀ ਨਹੀ ਆਪ ਦੇ ਲੇਖਾਂ ਅੰਦਰ ਭਲੀ-ਭਾਂਤ ਵੇਖੀ ਜਾ ਸਕਦੀ ਹੈ।
ਨਿਰਪੱਖਤਾ,ਨਿੱਡਰਤਾ, ਦਲੇਰੀ ਆਪ ਦੀ ਲੇਖਣੀ ਨੂੰ ਚਾਰ ਚੰਨ ਲਗਾ ਦਿੰਦੇ ਹਨ ਤਾਂ ਹੀ ਕਈ ਲੇਖਕ ਜਿੰਨ੍ਹਾਂ ਦੀਆਂ ਲਿਖਤਾਂ ਦੇ ਸਹੀ ਤੱਥ ਸਾਹਮਣੇ ਲਿਆਂਦੇ ਤਾਂ ਮੂੰਹ ‘ਚ ਉਂਗਲਾਂ ਪਵਾ ਦਿੱਤੀਆ ਅਤੇ ਅਖਬਾਰਾਂ ਨੇ ਛਾਪਣੇ ਬੰਦ ਕਰ ਦਿੱਤੇ। ਜਦੋਂ ਦੂਰਦਰਸ਼ਨ ਸਬੰਧੀ ਲੇਖਾਂ ਬਾਰੇ ਗੱਲ ਹੋਈ ਤਾਂ ਆਪ ਨੇ ਕਿਹਾ ਕਿ ਇਹ ਖੁਦ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ‘ਤੇ ਪ੍ਸਾਰ ਗਲਤ ਕਰ ਰਹੇ ਹਨ।
ਆਪਣੀਆਂ ਐਂਕਰਾਂ ਦੇ ਵਾਲੇ ਖੁੱਲ੍ਹੇ ਛੱਡ, ਜੇਠ ਹਾੜਾਂ ‘ਚ ਪੈਂਟ ਕੋਟ ਪਾ ਕੇ ਕਿਹੜੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰ ਰਹੇ। ਇਹ ਤਾਂ ਪੰਜਾਬੀ ਮਾਂ ਬੋਲੀ ਦਾ ਜਲੂਸ ਕੱਢ ਰਹੇ ਹਨ ਬਾਕੀ ਰਹਿੰਦੀ ਖੂਹੰਦੀ ਕਸਰ ਆਹ ਗੀਤਕਾਰ ਤੇ ਗਾਇਕ ਕੱਢੀ ਜਾਂਦੇ ਹਨ ਪਰ ਆਪ ਦਾ ਕਹਿਣਾ ਹੈ ਜਿੰਨ੍ਹਾਂ ਚਿਰ ਇਸ ਸਰੀਰ ਵਿੱਚ ਸਾਹ ਚੱਲਦੇ ਹਨ ਮੈਂ ਪਿੱਛੇ ਹਟਣ ਵਾਲਾ ਨਹੀਂ।
ਰਮੇਸ਼ਵਰ ਜੀ ਦੇ ਜੀਵਨ ਬਾਰੇ ਸੁਣ ਕੇ ਅਤੇ ਉਨ੍ਹਾਂ ਨੂੰ ਪੜ੍ਹ ਕੇ ਮੈਂ ਇਹੋ ਕਹਿ ਸਕਦਾ ਹਾਂ ਕਿ ਜਦੋਂ ਤਕ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਦੀ ਸੇਵਾ ਵਿੱਚ ਪੂਰੀ ਲਗਨ ਦ੍ਰਿੜਤਾ ਅਤੇ ਆਤਮ ਸਮਰਪਣ ਦੀ ਭਾਵਨਾ ਨਾਲ ਪਹਿਰਾ ਦੇਣ ਲਈ ਇਹਨਾ ਵਰਗੇ ਸਪੂਤ ਹਨ ਤਾਂ ਸਾਡੀ ਮਾਂ ਬੋਲੀ ਨੂੰ ਕੋਈ ਖ਼ਤਰਾ ਨਹੀਂ । ਬਾਬੇ ਨਾਨਕ ਦੀ ਵਿਚਾਰਧਾਰਾ ਤੇ ਚਲਦੀ ਇਸ ਕਲਮ ਤੇ ਬਾਬੇ ਨਾਨਕ ਦੀ ਕਿਰਪਾ ਸਦਾ ਬਣੀ ਰਹੇ ਤੇ ਇਹ ਕਲਮ ਲੰਮੀਆਂ ਉਮਰਾਂ ਮਾਣਦੀ ਪੰਜਾਬ ,ਪੰਜਾਬੀਅਤ ਅਤੇ ਪੰਜਾਬੀ ਬੋਲੀ ਦੀ ਸੇਵਾ ਕਰਦੀ ਰਹੇ ।
ਜਤਿੰਦਰ ਭੁੱਚੋ
9501475400