ਨਵੀਂ ਦਿੱਲੀ (ਸਮਾਜਵੀਕਲੀ) : ਕੋਵਿਡ-19 ਕਾਰਨ ਕੀਤੀ ਤਾਲਬੰਦੀ ਦੌਰਾਨ ਨਿਜ਼ਾਮੂਦੀਨ ਮਰਕਜ਼ ਵਿੱਚ ਸ਼ਮੂਲੀਅਤ ਕਰਨ ਵਾਲੇ 60 ਮਲੇਸ਼ੀਆ ਵਾਸੀਆਂ ਨੂੰ ਅੱਜ ਦਿੱਲੀ ਦੀ ਇੱਕ ਅਦਾਲਤ ਨੇ ਹਰੇਕ ਕੋਲੋਂ ਸੱਤ ਹਜ਼ਾਰ ਰੁਪਏ ਜੁਰਮਾਨਾ ਭਰਾਊਣ ਮਗਰੋਂ ਰਿਹਾਅ ਕਰਨ ਦੀ ਆਗਿਆ ਦਿੱਤੀ ਹੈ।
ਇਨ੍ਹਾਂ ਨੇ ਸਜ਼ਾ ਵਿੱਚ ਛੋਟ ਦੀ ਮੰਗ ਸਬੰਧੀ ਪਟੀਸ਼ਨ ਦੀ ਕਾਰਵਾਈ ਦੌਰਾਨ ਵੀਜ਼ਾ ਨੇਮਾਂ ਸਮੇਤ ਕਈ ਊਲੰਘਣਾਵਾਂ ਦੇ ਦੋਸ਼ ਕਬੂਲੇ। ਮੈਟਰੋਪੌਲੀਟਿਨ ਮੈਜਿਸਟ੍ਰੇਟ ਸਿਧਾਰਥ ਮਲਿਕ ਨੇ ਮਲੇਸ਼ੀਆ ਵਾਸੀਆਂ ਵਲੋਂ ਸਜ਼ਾ ’ਚ ਛੋਟ ਦੀ ਮੰਗ ਸਬੰਧੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਆਦੇਸ਼ ਦਿੱਤੇ।
ਵਕੀਲ ਅਨੁਸਾਰ ਕੇਸ ਦੇ ਸ਼ਿਕਾਇਤਕਰਤਾ ਵਲੋਂ ਪਟੀਸ਼ਨਾਂ ਸਬੰਧੀ ਕੋਈ ਇਤਰਾਜ਼ ਨਾ ਕੀਤੇ ਜਾਣ ਮਗਰੋਂ ਰਿਹਾਈ ਦੇ ਅਾਦੇਸ਼ ਦਿੱਤੇ ਗਏ।