ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਕਿਹਾ ਹੈ ਕਿ ਨਵਾਂ ਬਣਾਇਆ ਗਿਆ ਬਹੁ-ਅਨੁਸ਼ਾਸਨੀ ਦਹਿਸ਼ਤੀ ਨਿਗਰਾਨ ਗਰੁੱਪ (ਐਮਡੀਟੀਐਮਜੀ) ਸੂਬੇ ’ਚੋਂ ਅਤਿਵਾਦ ਦੇ ਖ਼ਾਤਮੇ ’ਚ ਸਹਾਈ ਹੋਵੇਗਾ। ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਲਿਕ ਨੇ ਕਿਹਾ ਕਿ ਦਹਿਸ਼ਤਗਰਦਾਂ ਨੂੰ ਫੰਡ ਮੁਹੱਈਆ ਕਰਾਉਣ ਵਾਲੇ ਅਤੇ ਜਥੇਬੰਦੀਆਂ ਦੇ ਹਮਦਰਦ ਹਰ ਥਾਂ ’ਤੇ ਮੌਜੂਦ ਹਨ। ‘ਜਦੋਂ ਤਕ ਉਨ੍ਹਾਂ ਨਾਲ ਕਰੜੇ ਹੱਥੀਂ ਨਜਿੱਠਿਆ ਨਹੀਂ ਜਾਂਦਾ ਹੈ, ਉਦੋਂ ਤਕ ਅਤਿਵਾਦ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।’ ਸਰਕਾਰੀ ਮੁਲਾਜ਼ਮਾਂ ’ਤੇ ਨਜ਼ਰ ਰੱਖਣ ਬਾਰੇ ਪੁੱਛੇ ਜਾਣ ’ਤੇ ਰਾਜਪਾਲ ਨੇ ਕਿਹਾ,‘‘ਮੈਂ ਮੁਲਾਜ਼ਮਾਂ ਬਾਰੇ ਗੱਲ ਨਹੀਂ ਕਰ ਰਿਹਾ। ਮੈਂ ਅਤਿਵਾਦੀਆਂ ਨਾਲ ਜੁੜੇ ਉਨ੍ਹਾਂ ਸਾਰੇ ਵਿਅਕਤੀਆਂ ਦੀ ਗੱਲ ਕਰ ਰਿਹਾ ਹਾਂ ਜੋ ਉਨ੍ਹਾਂ ਨੂੰ ਹਮਾਇਤ ਦੇ ਰਹੇ ਹਨ ਅਤੇ ਉਨ੍ਹਾਂ ਦੇ ਹਮਦਰਦ ਹਨ।’’ ਕੁਝ ਖਾਸ ਸਿਆਸਤਦਾਨਾਂ ਵੱਲੋਂ ਦਹਿਸ਼ਤਗਰਦ ਪੱਖੀ ਨਾਅਰੇਬਾਜ਼ੀ ਦੀਆਂ ਰਿਪੋਰਟਾਂ ’ਤੇ ਉਨ੍ਹਾਂ ਪ੍ਰਤੀਕਰਮ ਦੇਣ ਤੋਂ ਇਨਕਾਰ ਕਰ ਦਿੱਤਾ।
INDIA ਨਿਗਰਾਨ ਗਰੁੱਪ ਅਤਿਵਾਦ ਦੇ ਖ਼ਾਤਮੇ ’ਚ ਮਦਦ ਕਰੇਗਾ: ਮਲਿਕ