ਚੰਡੀਗੜ੍ਹ- ਇਥੇ ਰੋਜ਼ ਗਾਰਡਨ ਵਿੱਚ ਚਲ ਰਸੇ ਗੁਲਾਬ ਮੇਲੇ ਦਾ ਦੂਜਾ ਦਿਨ ਵੀ ਪੁਲਵਾਮਾ ਵਿੱਚ ਸ਼ਹੀਦ ਹੋਏ ਸੀਆਰਪੀਐਫ ਦੇ ਜਵਾਨਾਂ ਦੇ ਨਾਮ ਰਿਹਾ। ਨਗਰ ਨਿਗਮ ਵਲੋਂ ਮੇਲੇ ਦੌਰਾਨ ਇਨ੍ਹਾਂ ਵੀਰ ਸਪੂਤਾਂ ਨੂੰ ਸਮਰਪਿਤ ਦੇਸ਼ ਭਗਤੀ ਦੇ ਨਾਟਕ ਤੇ ਗੀਤ ਪੇਸ਼ ਕਰਨ ਲਈ ਕਲਾਕਾਰ ਬੁਲਾਏ ਗਏ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਮੇਅਰ ਰਾਜੇਸ਼ ਕਾਲੀਆ, ਸਾਬਕਾ ਮੇਅਰ ਤੇ ਕੌਂਸਲਰ ਅਰੁਣ ਸੂਦ ਵੀ ਹਾਜ਼ਰ ਸਨ ਅਤੇ ਸੀਆਰਪੀਐੱਫ ਦੇ ਕਮਾਂਡੈਂਟ ਬਲਿਹਾਰ ਸਿੰਘ ਨੇ ਰੋਜ਼ ਗਾਰਡਨ ਵਿੱਚ ਬਣਾਏ ਗਏ ਅਮਰ ਜਵਾਨ ਸਮਾਰਕ ’ਤੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੇਅਰ ਰਾਜੇਸ਼ ਕਾਲੀਆ ਤੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਸੀਆਰਪੀਐਫ ਜਵਾਨਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਲਈ ਸੀਆਰਪੀਐਫ ਦੇ ਕਮਾਂਡੈਂਟ ਨੂੰ 25 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਮੇਲੇ ਦੌਰਾਨ ਥੀਏਟਰ ਗਰੁੱਪ ‘ਸੰਵਾਦ’ ਨੇ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ‘ਗੁਹਾਰ-ਏ-ਹਿੰਦ’ ਨਾਟਕ ਖੇਡਿਆ। ਇਸੇ ਦੌਰਾਨ ਸੂਫੀ ਕਲਾਕਾਰ ਮਮਤਾ ਜੋਸ਼ੀ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ। ਉਸ ਨੇ ਵੀ ਸੀਆਰਪੀਐਫ ਫੰਡ ਲਈ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸੇ ਦੌਰਾਨ ‘ਰੋਜ਼ ਪ੍ਰਿੰਸ’ ਅਤੇ ‘ਰੋਜ਼ ਪ੍ਰਿੰਸੈੱਸ’ ਮੁਕਾਬਲਿਆਂ ਸਮੇਤ ਪਤੰਗਬਾਜ਼ੀ ਅਤੇ ਫੁੱਲਾਂ ਸਬੰਧੀ ਕੁਇਜ਼ ਵੀ ਕਰਵਾਏ ਗਏ। ਦੇਸ਼ ਦੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਗਰ ਨਿਗਮ ਨੇ ਇਸ ਮੇਲੇ ਦੌਰਾਨ ਕਰਵਾਏ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਸਿਰਫ ਦੇਸ਼ ਭਗਤੀ ਦੇ ਪ੍ਰੋਗਰਾਮ ਕਰਵਾਉਣ ਦਾ ਫੈਂਸਲਾ ਕੀਤਾ ਗਿਆ ਸੀ। ਰੱਦ ਕੀਤੇ ਗਏ ਸਭਿਆਚਾਰਕ ਪ੍ਰੋਗਰਾਮਾਂ ਦੇ ਬੱਚਤ ਦੇ ਪੈਸੇ ਨਿਗਮ ਨੇ ਸੀਆਰਪੀਐਫ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਸਮਰਪਿਤ ਕੀਤੇ ਹਨ। ਅੱਜ ਛੁੱਟੀ ਦਾ ਦਿਨ ਹੋਣ ਅਤੇ ਮੌਸਮ ਖੁਸ਼ਮਿਜ਼ਾਜ ਹੋਣ ਕਾਰਨ ਮੇਲੇ ਦੌਰਾਨ ਦਰਸ਼ਕਾਂ ਦੀ ਕਾਫੀ ਭੀੜ ਦੇਖਣ ਨੂੰ ਮਿਲੀ। ਨਗਰ ਨਿਗਮ ਵੱਲੋਂ ਹੈਲੀਕਾਪਟਰ ਦੇ ਕੀਤੇ ਗਏ ਪ੍ਰਬੰਧ ਕਾਰਨ ਕਈ ਸੈਲਾਨੀਆਂ ਨੇ ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਿਕਆਂ ਦਾ ਹਵਾਈ ਨਜ਼ਾਰਾ ਵੇਖਿਆ।