ਨਿਊਜ਼ੀਲੈਂਡ ਜਨਗਣਨਾ: ਪੰਜ ਸਾਲਾਂ ’ਚ ਸਿੱਖਾਂ ਦੀ ਗਿਣਤੀ ਦੁੱਗਣੀ ਹੋਈ

ਨਿਊਜ਼ੀਲੈਂਡ ਵਿੱਚ ਜਨਗਣਨਾ ਅੰਕੜਾ ਜਾਰੀ ਕਰ ਦਿੱਤਾ ਗਿਆ ਹੈ। ਅੰਕੜੇ ਅਨੁਸਾਰ ਨਿਊਜ਼ੀਲੈਂਡ ਬਹੁ-ਸੱਭਿਅਕ ਦੇਸ਼ ਹੈ ਜਿਸ ’ਚ ਤਕਰੀਬਨ 180 ਕੌਮਾਂ ਵਸਦੀਆਂ ਹਨ।
2018 ਦੀ ਇਸ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਆਬਾਦੀ ਵਾਲੇ ਇਸ ਮੁਲਕ ਵਿਚ ਹਰੇਕ ਭਾਈਚਾਰਾ ਪਿਆਰ ਨਾਲ ਵੱਸ ਰਿਹਾ ਹੈ। ਅੰਕੜੇ ਮੁਤਾਬਿਕ ਨਿਊਜ਼ੀਲੈਂਡ ’ਚ ਯੂਰਪੀ ਮੂਲ ਦੇ ਲੋਕਾਂ ਦੀ ਗਿਣਤੀ 30 ਲੱਖ 25 ਹਜ਼ਾਰ 587 ਦੀ ਆਬਾਦੀ ਨਾਲ ਸਭ ਤੋਂ ਪਹਿਲੇ ਨੰਬਰ ’ਤੇ ਹਨ ਜਦੋਂ ਕਿ ਦੂਜਾ ਨੰਬਰ ਸਥਾਨਕ ਮੂਲਵਾਸੀ ਮੌਰੀ ਮੂਲ ਦੇ ਲੋਕਾਂ ਦਾ ਹੈ ਜੋ ਇਸ ਸਾਲ ਦੇ ਨਵੇਂ ਅੰਕੜਿਆਂ ਮੁਤਾਬਿਕ 7 ਲੱਖ 77 ਹਜ਼ਾਰ 195 ਹਨ। ਤੀਜੇ ਨੰਬਰ ’ਤੇ ਚੀਨੀ ਭਾਈਚਾਰੇ ਦੇ ਲੋਕ ਤਕਰੀਬਨ 2 ਲੱਖ 60 ਹਜ਼ਾਰ ਦੀ ਆਬਾਦੀ ਨਾਲ ਬਾਹਰਲੇ ਭਾਈਚਾਰੇ ਵਿੱਚੋਂ ਸਭ ਤੋਂ ਅੱਗੇ ਹਨ। ਇੱਥੇ ਭਾਰਤੀ ਮੂਲ ਦੇ ਦੇ ਲੋਕ ਸਮੂਹਿਕ ਤੌਰ ’ਤੇ 2 ਲੱਖ 44 ਹਜ਼ਾਰ 717 ਦੀ ਆਬਾਦੀ ਨਾਲ ਚੀਨੀ ਮੂਲ ਦੇ ਲੋਕਾਂ ਦੇ ਮੁਕਾਬਲੇ ਵਿਚ ਹਨ। ਜੇਕਰ ਪਾਕਿਸਤਾਨੀ, ਬੰਗਲਾਦੇਸ਼ੀ, ਸ੍ਰੀ ਲੰਕਾ, ਨੇਪਾਲ, ਭੂਟਾਨੀ ਅਤੇ ਅਫਗਾਨੀ ਮੂਲ ਦੇ ਲੋਕਾਂ ਨੂੰ ਆਪਸ ਵਿਚ ਜੋੜ ਕੇ ਦੱਖਣ ਏਸ਼ਿਆਈ ਲੋਕਾਂ ਦੀ ਗਿਣਤੀ ਕੀਤੀ ਜਾਵੇ ਤਾਂ ਤਕਰੀਬਨ ਪੌਣੇ ਤਿੰਨ ਲੱਖ ਦੀ ਗਿਣਤੀ ਨਾਲ ਇਹ ਭਾਈਚਾਰਾ ਨਿਊਜ਼ੀਲੈਂਡ ਵਿਚ ਆਪਣੀ ਵੱਖਰੀ ਪਹਿਚਾਣ ਦਾ ਝੰਡਾ ਲਹਿਰਾਉਂਦਾ ਨਜ਼ਰ ਆ ਰਿਹਾ ਹੈ।
ਜੇਕਰ ਇਸ ਵਾਰ ਦੀ ਨਿਊਜ਼ੀਲੈਂਡ ਦੀ ਜਨਗਣਨਾ ਦੀ ਮੰਨੀਏ ਤਾਂ ਇਸ ਮੁਲਕ ਵਿਚ ਲੋਕ ਲਗਾਤਾਰ ਧਰਮ ਤੋਂ ਆਪਣਾ ਮੁਖ ਮੋੜਦੇ ਨਜ਼ਰ ਆ ਰਹੇ ਹਨ। ਤਾਜ਼ਾ ਅੰਕੜਿਆਂ ਅਨੁਸਾਰ 48.59 ਫ਼ੀਸਦ ਲੋਕ ਕਿਸੇ ਵੀ ਧਰਮ ਵਿੱਚ ਸ਼ਰਧਾ ਨਹੀਂ ਰੱਖਦੇ। ਇਹ ਅੰਕੜਾ 2013 ਦੀ ਜਨਗਣਨਾ ਤੋਂ ਕਾਫੀ ਤੇਜ਼ੀ ਨਾਲ ਵਧਿਆ ਹੈ। ਦੂਸਰੇ ਪਾਸੇ ਬਾਹਰੋਂ ਆ ਕੇ ਵੱਸਣ ਵਾਲੇ ਪਰਵਾਸੀ ਭਾਈਚਾਰੇ ਦੇ ਆਪਣੇ ਧਰਮਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਵਿਚ ਸਿੱਖ ਭਾਈਚਾਰੇ ਦੀ ਗਿਣਤੀ 40,908, ਮੁਸਲਿਮ ਧਰਮ ਦੇ ਪੈਰੋਕਾਰਾਂ ਦੀ ਗਿਣਤੀ 61,455 ਤੇ ਹਿੰਦੂ ਧਰਮ ਦੇ ਲੋਕਾਂ ਦੀ ਗਿਣਤੀ 1,23,534 ਤੱਕ ਪਹੁੰਚ ਗਈ ਹੈ।

Previous articleਵਾਦੀ ਦਾ ਦੌਰਾ ਕਰਕੇ ਪਰਤੀ ਟੀਮ ਵੱਲੋਂ ਰਿਪੋਰਟ ਜਾਰੀ
Next articleਅਮਿਤਾਭ ਨੂੰ ਦਾਦਾਸਾਹਿਬ ਫਾਲਕੇ ਪੁਰਸਕਾਰ ਦੇਣ ਦਾ ਐਲਾਨ