ਨਿਊਜ਼ੀਲੈਂਡ: ਹੜ੍ਹਾਂ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ

ਵੈਲਿੰਗਟਨ, ਸਮਾਜ ਵੀਕਲੀ : ਨਿਊਜ਼ੀਲੈਂਡ ਦੇ ਕੈਂਟਰਬਰੀ ਖੇਤਰ ਵਿਚ ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹਾਂ ਵਿਚ ਫਸੇ ਸੈਂਕੜੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਇਸ ਦੌਰਾਨ ਕਈ ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਕੱਢਿਆ ਗਿਆ। ਅਧਿਕਾਰੀਆਂ ਨੇ ਹਫ਼ਤੇ ਦੇ ਅਖ਼ੀਰ ਅਤੇ ਅੱਜ ਕੁਝ ਥਾਵਾਂ ’ਤੇ 40 ਸੈਂਟੀਮੀਟਰ (16 ਇੰਚ) ਤੱਕ ਮੀਂਹ ਪੈਣ ਤੋਂ ਬਾਅਦ ਹੰਗਾਮੀ ਹਾਲਾਤ ਦਾ ਐਲਾਨ ਕੀਤਾ।

ਫ਼ੌਜ ਨੇ ਰਾਤ ਭਰ ਵਿਚ ਫ਼ੌਜੀ ਹੈਲੀਕਾਪਟਰ ਐੱਨਐੱਚ-90 ਰਾਹੀਂ 50 ਤੋਂ ਵੱਧ ਲੋਕਾਂ ਨੂੰ ਹੜ੍ਹਾਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਫ਼ੌਜ ਦੇ ਜਨ ਸੰਪਰਕ ਅਧਿਕਾਰੀ ਕੈਪਟਨ ਜੇਕ ਫੈਬਰ ਨੇ ਦੱਸਿਆ ਕਿ ਦਾਰਫੀਲਡ ਸ਼ਹਿਰ ਨੇੜੇ ਇਕ ਵਿਅਕਤੀ ਦਰੱਖਤ ’ਤੇ ਚੜ੍ਹਿਆ ਹੋਇਆ ਸੀ। ਉਸ ਨੇ ਤੈਰ ਕੇ ਸੁਰੱਖਿਅਤ ਥਾਂ ’ਤੇ ਜਾਣ ਲਈ ਹੜ੍ਹ ਦੇ ਪਾਣੀ ਵਿੱਚ ਛਾਲ ਮਾਰ ਦਿੱਤੀ ਪਰ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। 30 ਮਿੰਟ ਤੱਕ ਉਸ ਦੀ ਭਾਲ ਕਰ ਕੇ ਬਾਅਦ ਵਿਚ ਹੈਲੀਕਾਪਟਰ ਦੀ ਮਦਦ ਨਾਲ ਉਸ ਨੂੰ ਹੜ੍ਹ ਦੇ ਪਾਣੀ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਫ਼ੌਜੀ ਹੈਲੀਕਾਪਟਰ ਦੇ ਅਮਲੇ ਨੇ ਇਕ ਕਾਰ ਦੀ ਛੱਤ ’ਤੇ ਚੜ੍ਹੇ ਇਕ ਬਜ਼ੁਰਗ ਜੋੜੇ ਨੂੰ ਵੀ ਬਚਾਇਆ। ਸ਼ਹਿਰੀ ਹਵਾਬਾਜ਼ੀ ਵਾਲੇ ਇਕ ਹੈਲੀਕਾਪਟਰ ਦੇ ਪਾਇਲਟ ਨੇ ਵੀ ਇਕ ਵਿਅਕਤੀ ਨੂੰ ਬਚਾਇਆ। ਉਹ ਆਪਣੇ ਖੇਤਾਂ ਵਿਚ ਆਏ ਹੜ੍ਹ ਦੇ ਪਾਣੀ ਵਿਚ ਰੁੜ੍ਹਦਾ ਜਾ ਰਿਹਾ ਸੀ।

ਨਿਊਜ਼ੀਲੈਂਡ ਦੌਰੇ ’ਤੇ ਆਏ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਹੜ੍ਹ ਵਿਚ ਫਸੇ ਲੋਕਾਂ ਬਾਰੇ ਸੋਚ ਕੇ ਚਿੰਤਤ ਹਨ। ਉਨ੍ਹਾਂ ਕਿਹਾ, ‘‘ਆਸਟਰੇਲੀਆ ਹੜ੍ਹਾਂ, ਅੱਗਾਂ, ਚੱਕਰਵਾਤੀ ਤੂਫ਼ਾਨਾਂ ਅਤੇ ਇੱਥੋਂ ਤੱਕ ਕਿ ਚੂਹਿਆਂ ਕਾਰਨ ਫੈਲਣ ਵਾਲੀ ਬਿਮਾਰੀ ਪਲੇਗ ਤੋਂ ਅਣਜਾਣ ਨਹੀਂ ਹੈ। ਦੋਹਾਂ ਦੇਸ਼ਾਂ ਨੇ ਪਿਛਲੇ ਕੁਝ ਸਾਲਾਂ ਵਿਚ ਕਾਫੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦੀ ਹੜ੍ਹਾਂ ਸਬੰਧੀ ਹਾਲਾਤ ਦਾ ਜਾਇਜ਼ਾ ਲੈਣ ਲਈ ਕ੍ਰਾਈਸਟਚਰਚ ਦਾ ਦੌਰਾ ਕਰਨ ਦੀ ਯੋਜਨਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੈਕਸੀਨ ਨੀਤੀ ਬਣਾਉਣ ਵਾਲੇ ਜ਼ਮੀਨੀ ਹਾਲਾਤ ਤੋਂ ਜਾਣੂ ਰਹਿਣ: ਸੁਪਰੀਮ ਕੋਰਟ
Next article‘ਸੈਂਟਰਲ ਵਿਸਟਾ ਜ਼ਰੂਰੀ ਪ੍ਰਾਜੈਕਟ, ਕੰਮ ਜਾਰੀ ਰਹੇਗਾ’