ਨਿਊਜ਼ੀਲੈਂਡ ਵਿਚ ਵਾਪਰੇ ਕਤਲੇਆਮ ਵਿਚ ਮਾਰੇ ਗਏ ਛੇ ਮ੍ਰਿਤਕਾਂ ਦੀਆਂ ਦੇਹਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਨਿਊਜ਼ੀਲੈਂਡ ਪੁਲੀਸ ਮੁਤਾਬਕ ਮਾਰੇ ਗਏ 50 ਜਣਿਆਂ ਵਿਚੋਂ ਕੁਝ ਦੀ ਹੀ ਪੂਰੀ ਤਰ੍ਹਾਂ ਸ਼ਨਾਖ਼ਤ ਹੋ ਸਕੀ ਹੈ। ਪੁਲੀਸ ਵੱਲੋਂ ਕੀਤੀ ਜਾ ਰਹੀ ਦੇਰੀ ਕਾਰਨ ਰਿਸ਼ਤੇਦਾਰਾਂ ਨਿਰਾਸ਼ ਹਨ। ਲੰਘੇ ਸ਼ੁੱਕਰਵਾਰ ਗੋਰੇ ਕੱਟੜਵਾਦੀ ਵੱਲੋਂ ਕ੍ਰਾਈਸਟਚਰਚ ਦੀਆਂ ਦੋ ਮਸਜਿਦਾਂ ਉੱਤੇ ਕੀਤੇ ਹਮਲੇ ਵਿਚ ਮਾਰੇ ਗਏ ਮੁਸਲਿਮ ਭਾਈਚਾਰੇ ਦੇ ਜ਼ਿਆਦਾਤਰ ਵਿਅਕਤੀਆਂ ਦੀਆਂ ਦੇਹਾਂ ਹਾਲੇ ਵੀ ਫੋਰੈਂਸਿਕ ਜਾਂਚ ਲਈ ਏਜੰਸੀਆਂ ਕੋਲ ਹਨ ਜਦਕਿ ਇਸਲਾਮਿਕ ਰਵਾਇਤਾਂ ਮੁਤਾਬਕ ਇਨ੍ਹਾਂ ਨੂੰ ਜਲਦੀ ਦਫ਼ਨਾਇਆ ਜਾਣਾ ਹੁੰਦਾ ਹੈ। ਪੁਲੀਸ ਮੁਤਾਬਕ 12 ਜਣਿਆਂ ਦੀ ਹੀ ਪੂਰੀ ਤਰ੍ਹਾਂ ਸ਼ਨਾਖ਼ਤ ਹੋਈ ਹੈ ਤੇ ਜਲਦੀ ਸਾਰੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਜਦਕਿ ਸਰਕਾਰੀ ਕਾਰਵਾਈ ’ਚ ਦੇਰੀ ’ਤੇ ਸਵਾਲ ਵੀ ਚੁੱਕੇ ਜਾ ਰਹੇ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦਾ ਕਹਿਣਾ ਹੈ ਕਿ ਬੰਦੂਕਧਾਰੀ ਨੂੰ ‘ਸਖ਼ਤ ਕਾਨੂੰਨ ਦਾ ਸਾਹਮਣਾ’ ਕਰਨਾ ਪਏਗਾ। ਪ੍ਰਧਾਨ ਮੰਤਰੀ ਨੇ ਸੰਸਦੀ ਸੈਸ਼ਨ ਦੀ ਸ਼ੁਰੂਆਤ ‘ਸਲਾਮ ਅਲੈਕੁਮ’ ਕਹਿੰਦਿਆਂ ਕੀਤੀ ਤੇ ਅਮਨ ਦਾ ਸੁਨੇਹਾ ਦਿੱਤਾ। ਆਰਡਨ ਨੇ ਕਿਹਾ ਕਿ 28 ਸਾਲਾ ਬੰਦੂਕਧਾਰੀ ਨੂੰ ਉਭਾਰਿਆ ਨਹੀਂ ਜਾਵੇਗਾ ਤੇ ਹੁਣ ਕਦੇ ਉਸ ਦਾ ਨਾਂ ਨਹੀਂ ਲਿਆ ਜਾਏਗਾ। ਉਨ੍ਹਾਂ ਉਸ ਨੂੰ ਅਤਿਵਾਦੀ, ਅਪਰਾਧੀ ਤੇ ਕੱਟੜਵਾਦੀ ਗਰਦਾਨਿਆ। ਨਿਊਜ਼ੀਲੈਂਡ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਲਈ 65 ਵੀਜ਼ੇ ਵੀ ਜਾਰੀ ਕੀਤੇ ਹਨ। ਮੁਸਲਿਮ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਨਿਊਜ਼ੀਲੈਂਡ ਵਾਸੀ ਅੱਜ ‘ਹਾਕਾ ਜੰਗੀ ਨ੍ਰਿਤ’ ਲਈ ਇਕੱਤਰ ਹੋਏ।
HOME ਨਿਊਜ਼ੀਲੈਂਡ ਹਮਲਾ: ਛੇ ਮ੍ਰਿਤਕਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸੌਂਪੀਆਂ