ਮਜ਼ਬੂਤ ਬੱਲੇਬਾਜ਼ੀ ਕ੍ਰਮ ਲਈ ਮਸ਼ਹੂਰ ਭਾਰਤੀ ਕ੍ਰਿਕਟ ਟੀਮ ਕਾਗ਼ਜ਼ੀ ਸ਼ੇਰ ਸਾਬਤ ਹੋਈ, ਜਿਸ ਨੂੰ ਨਿਊਜ਼ੀਲੈਂਡ ਦੀ ਅਨੁਸ਼ਾਸਿਤ ਟੀਮ ਨੇ ਦੂਜੇ ਅਤੇ ਆਖ਼ਰੀ ਟੈਸਟ ਵਿੱਚ ਤਿੰਨ ਦਿਨ ਦੇ ਅੰਦਰ ਅੱਜ ਇੱਥੇ ਸੱਤ ਵਿਕਟਾਂ ਨਾਲ ਹਰਾ ਕੇ ਲੜੀ 2-0 ਨਾਲ ਹੂੰਝ ਲਈ। ਨਿਊਜ਼ੀਲੈਂਡ ਨੇ ਭਾਰਤ ਦਾ 132 ਦੌੜਾਂ ਦਾ ਟੀਚਾ 36 ਓਵਰਾਂ ਵਿੱਚ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਭਾਰਤ ਨੇ ਨਿਊਜ਼ੀਲੈਂਡ ਦੌਰੇ ’ਤੇ ਟੀ-20 ਲੜੀ 5-0 ਨਾਲ ਜਿੱਤੀ ਸੀ। ਫਿਰ ਮੇਜ਼ਬਾਨ ਟੀਮ ਨੇ ਵਾਪਸੀ ਕਰਦਿਆਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਨੂੰ ਪਹਿਲਾਂ ਇੱਕ ਰੋਜ਼ਾ ਲੜੀ ਵਿੱਚ (3-0) ਅਤੇ ਹੁਣ ਟੈਸਟ ਲੜੀ ਵਿੱਚ ਧੂੜ ਚਟਾਈ।
ਭਾਰਤੀ ਟੀਮ ਅੱਜ ਸਵੇਰੇ ਛੇ ਵਿਕਟਾਂ ’ਤੇ 90 ਦੌੜਾਂ ਤੋਂ ਅੱਗੇ ਖੇਡਣ ਉਤਰੀ ਸੀ ਅਤੇ ਇੱਕ ਘੰਟੇ ਅੰਦਰ ਹੀ ਉਸ ਦੀ ਦੂਜੀ ਪਾਰੀ 124 ਦੌੜਾਂ ’ਤੇ ਸਿਮਟ ਗਈ। ਬੱਲੇਬਾਜ਼ੀ ਕਰਦਿਆਂ ਮੁਹੰਮਦ ਸ਼ਮੀ ਦੇ ਸੱਟ ਲੱਗੀ ਅਤੇ ਉਹ ਗੇਂਦਬਾਜ਼ੀ ਕਰਨ ਨਹੀਂ ਉਤਰਿਆ, ਜਿਸ ਕਾਰਨ ਨਿਊਜ਼ੀਲੈਂਡ ਦਾ ਰਾਹ ਹੋਰ ਸੁਖਾਲਾ ਹੋ ਗਿਆ। ਸਲਾਮੀ ਬੱਲੇਬਾਜ਼ਾਂ ਟੌਮ ਬਲੰਡੇਲ (113 ਗੇਂਦਾਂ ਵਿੱਚ 55 ਦੌੜਾਂ) ਅਤੇ ਟੌਮ ਲੈਥਮ (74 ਗੇਂਦਾਂ ਵਿੱਚ 52 ਦੌੜਾਂ) ਨੇ ਪਹਿਲੀ ਵਿਕਟ ਲਈ 103 ਦੌੜਾਂ ਦੀ ਭਾਈਵਾਲੀ ਕਰਕੇ ਆਸਾਨ ਜਿੱਤ ਦੀ ਨੀਂਹ ਰੱਖੀ। ਇਹ ਟੈਸਟ ਮੈਚ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ, ਜਿਸ ਵਿੱਚ ਨੌਂ ਟੀਮਾਂ ਖੇਡ ਰਹੀਆਂ ਹਨ। ਇਨ੍ਹਾਂ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਟੈਸਟ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣਗੀਆਂ, ਜੋ ਜੂਨ 2021 ਵਿੱਚ ਇੰਗਲੈਂਡ ਵਿੱਚ ਭਿੜਨਗੀਆਂ। ਇਸ ਲੜੀ ਨੂੰ ਜਿੱਤ ਕੇ ਨਿਊਜ਼ੀਲੈਂਡ ਨੇ ਟੈਸਟ ਚੈਂਪੀਅਨਸ਼ਿਪ ਵਿੱਚ 120 ਅੰਕ ਹਾਸਲ ਕਰ ਲਏ ਹਨ। ਹੁਣ ਉਸ ਦੇ ਕੁੱਲ 180 ਅੰਕ ਹੋ ਗਏ ਹਨ। ਭਾਰਤ ਹਾਲਾਂਕਿ ਵੈਸਟ ਇੰਡੀਜ਼, ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਨੂੰ ਹਰਾ ਕੇ 360 ਅੰਕਾਂ ਨਾਲ ਚੋਟੀ ’ਤੇ ਬਰਕਰਾਰ ਹੈ।
ਭਾਰਤ ਦੀ ਨਿਊਜ਼ੀਲੈਂਡ ਦੇ ਇਸ ਦੌਰੇ ’ਤੇ ਆਖ਼ਰੀ ਦੋ ਲੜੀਆਂ ਵਿੱਚ ਵਿਖਾਈ ਖ਼ਰਾਬ ਕਾਰਗੁਜ਼ਾਰੀ ਤੋਂ ਇੱਕ ਵਾਰ ਮੁੜ ਸਾਬਤ ਹੋ ਗਿਆ ਕਿ ਕਾਗਜ਼ਾਂ ਵਿੱਚ ਉਸ ਦਾ ਰਿਕਾਰਡ ਚਾਹੇ ਕਿੰਨਾ ਚੰਗਾ ਹੋਵੇ, ਪਰ ਜਦੋਂ ਗੇਂਦ ਸਵਿੰਗ ਅਤੇ ਸੀਮ ਕਰਦੀ ਹੈ ਤਾਂ ਉਸ ਦੇ ਬੱਲੇਬਾਜ਼ ਫੇਲ ਹੋ ਜਾਂਦੇ ਹਨ। ਇੰਗਲੈਂਡ ਵਿੱਚ ਸਾਲ 2014 ਅਤੇ 2018 ਅਤੇ ਹੁਣ ਨਿਊਜ਼ੀਲੈਂਡ ਵਿੱਚ ਟੀਮ ਨੂੰ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਲੜੀ ਦੇ ਹਾਰ ਦੇ ਫ਼ਰਕ ਤੋਂ ਵੱਧ ਸਮੱਸਿਆ ਇਹ ਹੈ ਕਿ ਭਾਰਤੀ ਬੱਲੇਬਾਜ਼ਾਂ ਨੇ ਬਗ਼ੈਰ ਜੂਝੇ ਗੋਡੇ ਟੇਕ ਦਿੱਤੇ। ਦੋ ਮੈਚਾਂ ਦੀ ਲੜੀ ਦੀਆਂ ਚਾਰ ਪਾਰੀਆਂ ਵਿੱਚ ਭਾਰਤ ਵੱਲੋਂ ਸਿਰਫ਼ ਚਾਰ ਨੀਮ ਸੈਂਕੜੇ ਜੜੇ ਗਏ। ਇਸ ਦੌਰਾਨ ਸੀਮ ਅਤੇ ਸਵਿੰਗ ਲੈਂਦੀਆਂ ਗੇਂਦਾਂ ਖ਼ਿਲਾਫ਼ ਅਜਿੰਕਿਆ ਰਹਾਣੇ, ਮਯੰਕ ਅਗਰਵਾਲ, ਕੋਹਲੀ, ਚੇਤੇਸ਼ਵਰ ਪੁਜਾਰਾ ਅਤੇ ਪ੍ਰਿਥਵੀ ਸ਼ਾਅ ਸਣੇ ਲਗਪਗ ਸਾਰੇ ਖਿਡਾਰੀਆਂ ਦੀ ਤਕਨੀਕ ’ਤੇ ਸਵਾਲ ਉੱਠੇ। ਭਾਰਤ ਲਈ ਸਭ ਤੋਂ ਵੱਡਾ ਝਟਕਾ ਕਪਤਾਨ ਕੋਹਲੀ ਦਾ ਪ੍ਰਦਰਸ਼ਨ ਰਿਹਾ, ਜੋ ਚਾਰ ਪਾਰੀਆਂ ਵਿੱਚ ਸਿਰਫ਼ 38 ਦੌੜਾਂ ਬਣਾ ਸਕਿਆ।
ਅੱਜ ਭਾਰਤ ਦਾ ਹੇਠਲਾ ਕ੍ਰਮ ਮੁੜ ਨਾਕਾਮ ਰਿਹਾ ਅਤੇ ਟੀਮ ਨੇ 34 ਦੌੜਾਂ ਜੋੜਦਿਆਂ ਚਾਰ ਵਿਕਟਾਂ ਗੁਆ ਲਈਆਂ। ਰਿਸ਼ਭ ਪੰਤ ਨੂੰ ਰਿਧੀਮਾਨ ਸਾਹਾ ਦੀ ਥਾਂ ਮੌਕਾ ਦਿੱਤਾ ਗਿਆ, ਪਰ ਉਸ ਦਾ ਵੀ ਨਮੋਸ਼ੀਜਨਕ ਪ੍ਰਦਰਸ਼ਨ ਜਾਰੀ ਰਿਹਾ। ਟਿਮ ਸਾਊਦੀ (36 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਟ੍ਰੈਂਟ ਬੋਲਟ (28 ਦੌੜਾਂ ਦੇ ਕੇ ਚਾਰ ਵਿਕਟਾਂ) ਦੀ ਤੂਫ਼ਾਨੀ ਗੇਂਦਬਾਜ਼ੀ ਸਾਹਮਣੇ ਭਾਰਤੀ ਬੱਲੇਬਾਜ਼ੀ ਕ੍ਰਮ ਨੇ ਦਮ ਤੋੜ ਦਿੱਤਾ। ਹਨੁਮਾ ਵਿਹਾਰੀ (ਨੌਂ ਦੌੜਾਂ) ਸਵੇਰੇ ਆਊਟ ਹੋਣ ਵਾਲਾ ਪਹਿਲਾ ਬੱਲੇਬਾਜ਼ ਰਿਹਾ। ਉਸ ਨੂੰ ਬਾਹਰ ਜਾਂਦੀ ਗੇਂਦ ਨੂੰ ਛੇੜਣ ਦਾ ਖ਼ਮਿਆਜ਼ਾ ਭੁਗਤਣਾ ਪਿਆ। ਪੰਤ ਵੀ ਇਸ ਮਗਰੋਂ ਬੋਲਟ ਦੀ ਗੇਂਦ ’ਤੇ ਵਿਕਟਕੀਪਰ ਬੀਜੇ ਵਾਟਲਿੰਗ ਨੂੰ ਕੈਚ ਦੇ ਬੈਠਾ। ਉਹ ਇਸ ਲੜੀ ਦੌਰਾਨ 19, 25, 12 ਅਤੇ ਚਾਰ ਦੌੜਾਂ ਦੀਆਂ ਪਾਰੀਆਂ ਹੀ ਖੇਡ ਸਕਿਆ। ਮੁਹੰਮਦ ਸ਼ਮੀ (ਪੰਜ ਦੌੜਾਂ) ਨੂੰ ਸਾਊਦੀ ਨੇ ਪੈਵਿਲੀਅਨ ਭੇਜਿਆ, ਜਦਕਿ ਜਸਪ੍ਰੀਤ ਬੁਮਰਾਹ (ਚਾਰ ਦੌੜਾਂ) ਰਨ ਆਊਟ ਹੋਇਆ।
Sports ਨਿਊਜ਼ੀਲੈਂਡ ਨੇ ਟੈਸਟ ਲੜੀ ਵੀ ਹੂੰਝੀ