ਖੱਟੜਾ ਕਬੱਡੀ ਕੱਪ: ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਕਬੱਡੀ ਅਕੈਡਮੀ ਜੇਤੂ

ਪਿੰਡ ਖੱਟੜਾ ਵਿਚ 9ਵਾਂ ਬਲਦੇਵ ਸਿੰਘ ਯਾਦਗਾਰੀ ਕਬੱਡੀ ਕੱਪ ਹਰਮਨ ਖੱਟੜਾ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਕਰਵਾਇਆ ਗਿਆ। ਇਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੂਟਾ ਸਿੰਘ ਆਈਆਰਐਸ (ਸੇਵਾਮੁਕਤ) ਨੇ ਕਿਹਾ ਕਿ ਕਬੱਡੀ ਅਜੋਕੀ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਨਾ ਸ੍ਰੋਤ ਹੈ। ਇਸ ਮੌਕੇ ਹੋਏ ਮੁਕਾਬਲਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਕਬੱਡੀ ਅਕੈਡਮੀ ਨੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੂੰ 32-28 ਨਾਲ ਹਰਾ ਕੇ ਸਵਾ ਲੱਖ ਰੁਪਏ ਦੀ ਇਨਾਮੀ ਰਕਮ ਵਾਲਾ 9ਵਾਂ ਕਬੱਡੀ ਕੱਪ ਜਿੱਤਿਆ। ਦੂਜੇ ਸਥਾਨ ‘ਤੇ ਰਹੀ ਟੀਮ ਨੂੰ 1 ਲੱਖ ਰੁਪਏ ਦੀ ਇਨਾਮੀ ਰਕਮ ਨਾਲ ਸਨਮਾਨਿਆ ਗਿਆ। ਟੂਰਨਾਮੈਂਟ ਵਿੱਚ ਸ਼੍ਰੋਮਣੀ ਕਮੇਟੀ ਦੇ ਹੀ ਦੋ ਖਿਡਾਰੀ ਭਿੰਦੂ ਦੁਤਾਲ ਬੈਸਟ ਧਾਵੀ ਅਤੇ ਗੋਪੀ ਮਾਣਕੀ ਬੈਸਟ ਜਾਫ਼ੀ ਐਲਾਨੇ ਗਏ, ਜਿਨ੍ਹਾਂ ਨੂੰ 11-11 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ।
ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੈਚਾਂ ਵਿੱਚ ਅੱਠ ਚੋਟੀ ਦੀਆਂ ਟੀਮਾਂ ਆਪਸ ਵਿਚ ਭਿੜੀਆਂ। ਇਨ੍ਹਾਂ ਵਿੱਚ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਨੇ ਅੰਬੀ ਅਮਨ ਹਠੂਰ ਨੂੰ 35-16 ਨਾਲ, ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਨੇ ਹਰਦੀਪ ਜਗਰਾਉਂ ਨੂੰ 30-25 ਨਾਲ, ਚੜ੍ਹਦੀ ਕਲਾ ਜਲੰਧਰ ਨੇ ਸ਼ਹੀਦ ਬਚਿੱਤਰ ਸਿੰਘ ਘੱਗਾ ਨੂੰ 33-24 ਨਾਲ ਹਰਾਇਆ। ਇਸੇ ਤਰ੍ਹਾਂ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਤੇ ਦਸਮੇਸ਼ ਕਬੱਡੀ ਕਾਲਖ ਦੀ ਸਾਂਝੀ ਟੀਮ ਨੇ ਸ਼ਹੀਦ ਭਗਤ ਸਿੰਘ ਅਕੈਡਮੀ ਬਰਨਾਲਾ ਨੂੰ 35-27 ਦੇ ਫ਼ਰਕ ਨਾਲ ਹਰਾ ਕੇ ਸੈਮੀ ਫਾਈਨਲ ਵਿਚ ਥਾਂ ਬਣਾਈ। ਇਸੇ ਤਰ੍ਹਾਂ ਸੈਮੀਫਾਈਨਲ ’ਚ ਗੁਰਦੁਆਰਾ ਸੁਖਚੈਨਆਣਾ ਫਗਵਾੜਾ ਨੇ ਚੜ੍ਹਦੀ ਕਲਾ ਜਲੰਧਰ ਨੂੰ 33-18 ਨਾਲ, ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਨੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਤੇ ਦਸਮੇਸ਼ ਕਬੱਡੀ ਕਲੱਬ ਕਾਲਖ ਦੀ ਸਾਂਝੀ ਟੀਮ ਨੂੰ 31-29 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ।
ਇਸ ਮੌਕੇ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੇ ਸ਼ੋਅ ਮੈਚ ਵੀ ਕਰਵਾਏ ਗਏ, ਜਿਸ ‘ਚ ਸੀਂਹਾ ਦੌਦ ਦੀ ਟੀਮ ਨੇ ਕੱਲਰ ਭੈਣੀ ਪਟਿਆਲਾ ਦੀ ਟੀਮ ਨੂੰ 15-12 ਦੇ ਫ਼ਰਕ ਨਾਲ ਹਰਾਇਆ। ਇਸੇ ਦੌਰਾਨ ਕਬੱਡੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਕੋਚ ਮੇਜਰ ਸਿੰਘ ਸਹੇੜੀ ਨੂੰ ਮੋਟਰਸਾਈਕਲ ਨਾਲ ਸਨਮਾਨਿਆ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ, ਪ੍ਰਤਾਪ ਸਿੰਘ, ਪਰਮਜੀਤ ਸਿੰਘ ਸ਼ਾਹੀ, ਭੁਪਿੰਦਰ ਸਿੰਘ, ਰਣਜੀਤ ਸਿੰਘ ਖੰਨਾ, ਮਨਸ਼ਾ ਸਿੰਘ ਮਲਕਪੁਰ, ਦਰਸ਼ਨ ਸਿੰਘ ਮਾਣਕੀ ਆਦਿ ਹਾਜ਼ਰ ਸਨ।

Previous articleਇਲੀਟ ਕਲਾਸਿਕ ਓਪਨ ਬਾਡੀ ਬਿਲਡਿੰਗ ਚੈਂਪੀਅਨਸ਼ਿਪ
Next articleਨਿਊਜ਼ੀਲੈਂਡ ਨੇ ਟੈਸਟ ਲੜੀ ਵੀ ਹੂੰਝੀ