ਨਾਸਾ ਦਾ ‘ਪਰਜ਼ਵਰੈਂਸ’ ਰੋਵਰ ਮੰਗਲ ’ਤੇ ਉਤਰਿਆ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦਾ ਰੋਵਰ ‘ਪਰਜ਼ਵਰੈਂਸ’ ਸਫ਼ਲਤਾ ਨਾਲ ਮੰਗਲ ਗ੍ਰਹਿ ਉਤੇ ਉਤਰ ਗਿਆ ਹੈ। ਸੱਤ ਮਹੀਨਿਆਂ ਦੇ ਸਫ਼ਰ ਤੋਂ ਬਾਅਦ ਮੰਗਲ ਉਤੇ ਲੈਂਡ ਹੋਇਆ ਰੋਵਰ ਇੱਥੇ ਜੀਵਨ ਦੀ ਖੋਜ ਕਰੇਗਾ। ਨਾਸਾ ਵੱਲੋਂ ਭੇਜਿਆ ਗਿਆ ਇਹ ਰੋਵਰ ਹੁਣ ਤੱਕ ਦਾ ਸਭ ਤੋਂ ਵੱਡਾ ਤੇ ਜ਼ਿਆਦਾ ਵਿਕਸਿਤ ਵਾਹਨ ਹੈ। ਲਾਲ ਗ੍ਰਹਿ ਲਈ ਇਸ ਰੋਵਰ ਨੂੰ ਪਿਛਲੇ ਸਾਲ 30 ਜੁਲਾਈ ਨੂੰ ਫਲੋਰਿਡਾ ਤੋਂ ਲਾਂਚ ਕੀਤਾ ਗਿਆ ਸੀ। ਨਾਸਾ ਮੁਤਾਬਕ ਇਸ ਨੇ 472 ਮਿਲੀਅਨ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ।

ਮੰਗਲ ਤੋਂ ਸੈਂਪਲ ਇਕੱਠੇ ਕਰ ਕੇ ਧਰਤੀ ਉਤੇ ਲਿਆਉਣ ਵੱਲ ਰੋਵਰ ਦਾ ਇਹ ਪਹਿਲਾ ਕਦਮ ਹੈ। ਨਾਸਾ ਨੇ ਇਸ ਨੂੰ ਪੁਲਾੜ ਏਜੰਸੀ ਲਈ ਮਹੱਤਵਪੂਰਨ ਪ੍ਰਾਪਤੀ ਗਰਦਾਨਿਆ ਹੈ। ਵਾਹਨ (ਰੋਵਰ) 1026 ਕਿਲੋਗ੍ਰਾਮ ਦਾ ਹੈ। ਲੈਂਡਿੰਗ ਤੋਂ ਬਾਅਦ ਹੁਣ ਕਈ ਹਫ਼ਤੇ ਇਸ ਦੀ ਪਰਖ਼ ਹੋਵੇਗੀ, ਫਿਰ ਇਹ ਦੋ ਸਾਲ ਲਈ ਮੰਗਲ ਦੇ ਜੇਜ਼ੀਰੋ ਕ੍ਰੇਟਰ ਉਤੇ ਵਿਗਿਆਨਕ ਖੋਜ-ਪੜਤਾਲ ਆਰੰਭੇਗਾ। ਰੋਵਰ ਨਮੂਨੇ ਇਕੱਤਰ ਕਰ ਕੇ ਖੇਤਰ ਵਿਚ ਭੂ-ਵਿਗਿਆਨ ਤੇ ਗੁਜ਼ਰੇ ਸਮੇਂ ਵਿਚ ਰਹੇ ਮੌਸਮਾਂ ਬਾਰੇ ਖੋਜ ਕਰੇਗਾ।

ਜੀਵਨ ਨਾਲ ਜੁੜੇ ਸੰਕੇਤ ਖੋਜਣ ਦੀ ਵੀ ਇਹ ਕੋਸ਼ਿਸ਼ ਕਰੇਗਾ। ਇਕੱਠੇ ਕੀਤੇ ਗਏ ਨਮੂਨਿਆਂ ਦਾ ਨਾਸਾ ਤੇ ਯੂਰੋਪੀ ਪੁਲਾੜ ਏਜੰਸੀ ਸਾਂਝੇ ਤੌਰ ’ਤੇ ਅਧਿਐਨ ਕਰਨਗੇ। ‘ਪਰਜ਼ਵਰੈਂਸ’ ਚੱਟਾਨ ਦੇ ਟੁਕੜੇ, ਧੂੜ ਆਦਿ ਧਰਤੀ ਤੇ ਲੈ ਕੇ ਆਵੇਗਾ। ‘ਨਾਸਾ’ ਵਿਚ ਵਿਗਿਆਨ ਵਿਸ਼ੇ ਦੇ ਪ੍ਰਸ਼ਾਸਕ ਥੌਮਸ ਜ਼ਰਬੁਕੇਨ ਨੇ ਕਿਹਾ ਕਿ ਇਸ ਬਾਰੇ ਤਾਂ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਨਮੂਨਿਆਂ ਵਿਚੋਂ ਕੀ ਨਿਕਲ ਕੇ ਸਾਹਮਣੇ ਆਵੇਗਾ। ਰੋਵਰ ਕਈ ਕੈਮਰਿਆਂ, ਗੁੰਝਲਦਾਰ ਸੈਂਪਲ ਢਾਂਚੇ ਨਾਲ ਲੈਸ ਹੈ। ਨਾਸਾ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸੂਖਮ ਕਣਾਂ ਤੋਂ ਗ੍ਰਹਿ ਉਤੇ ਕਿਸੇ ਸਮੇਂ ਰਹੇ ਜੀਵਨ ਦੇ ਸਬੂਤ ਮਿਲ ਸਕਦੇ ਹਨ।

ਦੱਸਣਯੋਗ ਹੈ ਕਿ ਮੰਗਲ ਗ੍ਰਹਿ ਉਤੇ ਲੈਂਡ ਕਰਨਾ ਹਮੇਸ਼ਾ ਔਖਾ ਕਾਰਜ ਹੁੰਦਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ   ਕਮਲਾ ਹੈਰਿਸ ਨੇ ‘ਨਾਸਾ’ ਨੂੰ ਲੈਂਡਿੰਗ ਸਫ਼ਲਤਾ ਨਾਲ ਮੁਕੰਮਲ ਕਰਨ ’ਤੇ ਵਧਾਈ ਦਿੱਤੀ ਹੈ। ਉਨ੍ਹਾਂ ਇਸ ਨੂੰ ਇਤਿਹਾਸਕ ਕਰਾਰ ਦਿੱਤਾ।

Previous articleਪੰਜਾਬ ’ਚ ਹੁਣ ਡਰਾਈਵਿੰਗ ਲਾਇਸੈਂਸ ਤੇ ਆਰਸੀ ਡਿਜੀਟਲ ਰੂਪ ਵਿੱਚ ਵੈਧ
Next articleਦੇਸ਼ ਬਚਾਉਣ ਲਈ ਧਰਮਯੁੱਧ ਵਿੱਚ ਬਦਲਿਆ ਕਿਸਾਨੀ ਸੰਘਰਸ਼: ਚੜੂਨੀ