(ਸਮਾਜ ਵੀਕਲੀ)
ਇੱਕ ਬਹੁ ਪ੍ਰਤਿਭਾ ਦਾ ਮਲਕ, ਸੁਰਜੀਤ ਸਿੰਘ, ਜਿਸਨੂੰ ਮੈਂ ਨਿੱਜੀ ਤੌਰ ਤੇ ਨਾ ਜਾਣਦੀ ਹਾਂ, ਨਾ ਮਿਲੀ ਨਾ ਵੇਖਿਆ ਹੈ। ਪ੍ਰੰਤੂ ਹੱਥਲੀ ਪੁਸਤਕ ਪੜ੍ਹਕੇ ਪਤਾ ਲੱਗਦਾ ਹੈ ਕਿ ਜਰੂਰ ਇਹ ਕੋਈ ਤਿੱਖੀ
ਸੂਲ ਹੈ, ਜੋ ਪਾਣਕ ਦੇ ਮਨ ਨੂੰ ਗੁਰੂ ਦੀ, ਗੁਰਬਾਣੀ ਦੀ, ਸੱਚ ਦੀ, ਗਿਆਨ ਦੀ , ਬੌਧਿਕਤਾ ਦੀ , ਇਤਿਹਾਸ ਦੀ ਖੋਜ ਦੀ, ਆਸਤਿਕਤਾ ਦੀ, ਅਜਿਹੀ ਚੋਭ ਮਾਰਦੀ ਹੈ ਜਿਸ ਨਾਲ ਮਨੁੱਖੀ ਜੀਵਨ ਜਾਚ ਦੀ ਪਹਿਚਾਣ ਹੁੰਦੀ ਹੈ। ਲੇਖਕ ਆਪਣੀ ਲਿਖਣ ਕਲਾ ਰਾਹੀਂ, ਪਾਠਕ ਨਾਲ ਐਸਾ ਸੰਬੰਧ ਜੋੜਨ ਦੀ ਜੁਗਤੀ ਪੇਸ਼ ਕਰਦਾ ਹੈ ਕਿ ਪੁਸਤਕ ਵਿਚਲੀਆਂ ਘਟਨਾਵਾਂ ਨਾਲ ਪਾਠਕ ਸਦੀਵੀਂ ਕਾਲ ਲਈ ਜੁੜ ਜਾਂਦਾ ਹੈ।
ਸੁਰਜੀਤ ਬੜੀ ਸਿਆਣਪ ਨਾਲ਼, ਪਹਿਲਾਂ ਉਹ ਤੱਥ ਪੇਸ਼ ਕਰਦਾ ਹੈ, ਜਿਨਾਂ ਦੀ ਭੂਮਿਕਾ ਦੱਸੇ ਬਗੈਰ, ਗੁਰੂ ਨਾਨਕ ਦੇਵ ਜੀ ਦੀ ਗੱਲ ਕਰਨੀ ਸ਼ਾਇਦ ਏਨੀ ਸਹਿਜ ਨਾ ਬਣਦੀ, ਜਿੰਨੀ ਉਸਨੇ ਬਣਾ ਦਿੱਤੀ ਹੈ।
ਭਾਰਤ ਦੇ ਨਾਮਕਰਨ ਤੋਂ ਲੈ ਕੇ ਸਾਰੇ ਆਦਿ ਧਰਮ ਜਿਵੇਂ ਇਸਲਾਮ, ਹਿੰਦੂ, ਜੈਨ, ਬੁੱਧ, ਸ਼ੈਵ, ਵੈਸ਼ਨਵ, ਈਸਾਈ ਅਤੇ ਸਨਿਆਸ ਦੀ ਭੂਮਿਕਾ ਦੱਸ ਕੇ ਗੁਰੂ ਨਾਨਕ ਫਲਸਫੇ ਸਮਝਣ ਲਈ ਇੱਕ ਪੁਲ ਦਾ ਕੰਮ ਕੀਤਾ ਹੈ। ਇਹ ਲੇਖਕ ਦਾ ਨਿਵੇਕਲਾਪਨ ਹੈ।
ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹੋਣ ਦੇ ਨਾਲ ਨਾਲ ਪਹਿਲੇ ਭਾਸ਼ਾ ਵਿਗਿਆਨੀ ਹੋਏ ਹਨ ਜਿਨਾਂ ਨੇ ਗੁਰਮੁਖੀ ਦੇ ਪਹਿਲੇ ਅੱਖਰ ‘ਓ’ ਅਤੇ ਗਣਿਤ ਦਾ ਪਹਿਲਾ ਅੰਕ ‘੧’ ਲੈ ਕੇ ਇੱਕ ਨਵੇਂ ਸਾਝੇ ਸ਼ਬਦ ‘ੴ’ ਦੀ ਰਚਨਾ ਕੀਤੀ। ਇਸਦਾ ਸ਼ਬਦਿਕ ਅਰਥ ਸਾਰੇ ਧਰਮਾਂ ਲਈ ਇਕ ਹੀ ਅਰਥ ਰੱਖਦਾ ।
ਗੁਰੂ ਨਾਨਕ ਦੇਵ ਜੀ ਨੇ ਭਾਵੇਂ ਚਾਰ ਉਦਾਸੀਆਂ ਕੀਤੀਆਂ ਹਨ, ਪਰ ਉਹ ਕਦੇ ਵੀ ਉਦਾਸ ਨਹੀਂ ਹੋਏ ਤੇ ਨਾ ਹੀ ਉਨਾਂ ਨੇ ਗ੍ਰਹਿਸਥ ਤਿਆਗਿਆ ਅਤੇ ਨਾ ਹੀ ਸੰਨਿਆਸ ਲਿਆ। ਸਾਰੀ ਜਿੰਦਗੀ ਗੁਰੂ ਜੀ ਨੇ ਹੱਥੀਂ ਕਿਰਤ ਕਰਨ ਤੇ ਵੰਡ ਛਕਣ ਉੱਤੇ ਜ਼ੋਰ ਦਿੱਤਾ। ਸਾਰਾ ਜੀਵਨ ਉਨ੍ਹਾਂ ਸੰਸਾਰ ਨੂੰ ਨਵੀਂਆਂ ਦਿਸ਼ਾਵਾਂ ਅਤੇ ਅਗਾਂਹ ਵਧੂ ਸੋਚਾਂ ਦੇਣ ਲਈ ਲੇਖੇ ਲਾ ਦਿੱਤਾ।
ਅੱਜ ਦਾ ਮਨੁੱਖ ਕਿਸੇ ਉਦਾਸੀ ਤੇ ਨਹੀਂ ਜਾਂਦਾ। ਪ੍ਰੰਤੂ ਹਰ ਵਕਤ ਪਖੰਡ, ਵਹਿਮ ਅਤੇ ਅੰਧ ਵਿਸ਼ਵਾਸ ਵਿੱਚ ਰਹਿੰਦਾ ਹੈ। ਸਦੀਆਂ ਗੁਜ਼ਰ ਜਾਣ ਤੋਂ ਬਾਦ ਵੀ ਸਾਡਾ ਜੀਵਨ ਅੰਸ਼ਿਕ ਮਾਤਰ ਵੀ ਗੁਰੂ ਨਾਨਕ ਫਲਸਫੇ ਅਨੁਸਾਰ ਢਲ ਨਹੀਂ ਸਕਿਆ। ਸ਼ਾਇਦ ਤਾਂ ਹੀ ਸਮੇਂ ਸਮੇਂ ਤੇ ਵੱਖੋ ਵੱਖ ਲੋਖਕ ਆਪੋ-ਆਪਣੀ ਸਮਝ ਮੁਤਾਬਕ ਗੁਰੂ ਨਾਨਕ, ਸਿੱਖੀ ਅਤੇ ਬਾਣੀ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ ਤਾਂ ਜੋ ਅਸੀਂ ਗੁਰੂ ਨਾਨਕ ਮਾਰਗ ਤੇ ਤੁਰੇ ਰਹੀਏ ।
ਵੱਡੇ ਅਰਥਾਂ ਵਾਲੀਆਂ ਛੋਟੀਆਂ ਛੋਟੀਆਂ ਸਾਖੀਆਂ ਦੱਸ ਕੇ ਗੁਰੂ ਨਾਨਕ ਦੇਵ ਜੀ ਅਤੇ ਅਗਲੇ ਗੁਰੂ ਸਾਹਿਬਾਨ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਲੇਖਕ ਨੇ ਉਸ ਸਮੇਂ ਦੀ ਰਾਜਸੀ, ਸਮਾਜਿਕ ਤੇ ਆਰਥਿਕ ਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ ਹੈ । ਪੁਸਤਕ ਪੜ੍ਹ ਕੇ ਹੀ ਸਾਨੂੰ ਪਤਾ ਲੱਗਦਾ ਹੈ ਕਿ ਮੁਗਲ ਹਾਕਮਾਂ ਦੀ ਨਿਆਂ ਪ੍ਰਣਾਲੀ ਕਿੰਨੀ ਕਠੋਰ ਸੀ, ਨਿਰਦਈ ਸੀ , ਜ਼ਾਲਮ ਸੀ ਤਾਂ ਹੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਤੇ ਉਨ੍ਹਾਂ ਦੇ ਸ਼ਰਧਾਲੂ ਸੇਵਕਾਂ ਦੀ ਲਾਸਾਨੀ ਸ਼ਹਾਦਤ ਦਾ ਭੇਦ ਖੁੱਲ੍ਹਦਾ ਹੈ।
ਲੇਖਕ ਦੀ ਵਾਕ ਬਣਤਰ ਕੋਈ ਗੁੰਝਲਦਾਰ ਨਹੀਂ ਸਗੋਂ ਜਨ ਸਧਾਰਨ ਹੀ ਹੈ, ਉਹ ਸਾਧਾਰਨ ਸ਼ੈਲੀ ਵਿੱਚ ਛੋਟੇ ਛੋਟੇ ਵਾਕਾਂ ਰਾਹੀਂ ਆਪਣੀ ਗੱਲ ਸਮਝਾਉਣ ਦੀ ਸਮਰੱਥਾ ਰੱਖਦਾ ਹੈ। ਹਰ ਸਾਖੀ ਨਾਲ ਗੁਰਬਾਣੀ ਦੇ ਪ੍ਰਮਾਣ ਵੀ ਦੇ ਰਿਹਾ ਹੈ ਅਤੇ ਅੰਗ ਨੰਬਰ ਦੱਸ ਕੇ ਪਾਠਕ ਲਈ ਸੌਖਾ ਵੀ ਕਰ ਰਿਹਾ ਹੈ ਤਾਂ ਜੋ ਬਾਣੀ ਦੇ ਮੂਲ ਮੰਤਵ ਨੂੰ ਭਲੀ ਭਾਂਤ ਪ੍ਰਕਾਰ ਸਮਝਿਆ ਜਾ ਸਕੇ ।
ਅਸਲ ਵਿੱਚ ‘ਸੁਰਜੀਤ ਸਿੰਘ’ ਚੰਗਾ ਲਿਖਾਰੀ ਹੀ ਨਹੀਂ ਇੱਕ ਵਧੀਆ ਗੁਰਸਿੱਖ ਵੀ ਹੈ । ਉਸ ਦਾ ਸਿੱਖੀ ਜਜ਼ਬਾ ਬਾਹਰੀ ਦਿੱਖ ਵਿੱਚ ਹੀ ਉਜਾਗਰ ਨਹੀਂ ਉਸ ਦੀ ਕਲਮ ਦੁਆਰਾ ਰਚਿਆ ਇੱਕ ਇੱਕ ਸ਼ਬਦ ਉਸਦੇ ਸਿੱਖ ਹੋਣ ਦਾ ਸਬੂਤ ਦਿੰਦਾ ਹੈ। ਪੂਰੀ ਪੁਸਤਕ ਵਿੱਚ ਉਹ ਕਿਤੇ ਵੀ ਗੁਰੂ ਜੀ ਜਾਂ ਗੁਰੂ ਸਾਹਿਬ ਤੋਂ ਬਿਨਾਂ ਆਪਣੀ ਗੱਲ ਸ਼ੁਰੂ ਜਾਂ ਖ਼ਤਮ ਨਹੀਂ ਕਰਦਾ। ਪੁਸਤਕ ਦਾ ਨਾਮ “ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵੀਚਾਰਿ।।”
( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 20 ਪੰਨੇ ਤੇ ਅੰਕਿਤ ਹੈ।)
ਆਪਣੀ ਕਹਿਣੀ ਨੂੰ ਸਾਰਥਕ ਕਰਦਾ ਹੈ । ਸੱਚਮੁੱਚ ਹੀ ਸੁਰਜੀਤ ਸਿੰਘ “ਨਾਨਕ ਬੇੜੀ ਸੱਚ ਕੀ” ਦੇ ਫਲਸਫੇ ਨੂੰ ਉਜਾਗਰ ਕਰਨ ਵਿੱਚ ਸਫ਼ਲ ਹੋਇਆ ਹੈ।
ਮੇਰੀ ਦੁਆ ਹੈ ਕਿ ਭਵਿੱਖ ਵਿੱਚ ਵੀ ਉਹ ਆਪਣੀਆਂ ਰਚਨਾਵਾਂ, ਪੁਸਤਕਾਂ ਰਾਹੀਂ ਪਾਠਕਾਂ ਦੀ ਰੂਹ ਨੂੰ ਤ੍ਰਿਪਤ ਕਰਦਾ ਰਹੇਗਾ । ਆਪਣੀ ਕਲਮ ਰਾਹੀਂ ਗੁਰੂ ਗਿਆਨ ਰਾਹੀਂ ਅਤੇ ਬਾਣੀ ਰਾਹੀਂ ਇੱਕ ਨਵਾਂ ਇਤਿਹਾਸ ਰਚਣ ਦੀ ਸ਼ਕਤੀ ਤੇ ਸਮਰੱਥਾ ਦਾ ਉਸ ਕੋਲ ਕੋਈ ਘਾਟਾ ਨਹੀਂ।
ਇਹ ਪੁਸਤਕ ਅੱਜ ਦੀ ਨੌਜਵਾਨ ਪੀੜ੍ਹੀ ਲਈ ਵਰ ਸਾਬਤ ਹੋ ਸਕਦੀ ਹੈ। ਇਸ ਲਈ ਹਰ ਨੌਜਵਾਨ ਦੇ ਹੱਥਾਂ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਸਾਡੀ ਨਸ਼ਿਆਂ ‘ਚ ਖ਼ਤਮ ਹੋ ਰਹੀ ਜਵਾਨੀ ਨੂੰ ਕੋਈ ਨਵੀਂ ਦਿਸ਼ਾ ਮਿਲ ਸਕੇ। ਹਥਿਆਰਾਂ ਨਾਲ, ਲੈਸ ਬਹੁ- ਅਰਥੀ ਲੱਚਰ ਗਾਇਕੀ ਨੂੰ ਠੱਲ੍ਹ ਪਾਉਣ ਲਈ ਇਹ ਕਿਤਾਬ ਇੱਕ ਅਧਿਆਪਕ ਦਾ ਕੰਮ ਕਰੇਗੀ ।
ਰਜਿੰਦਰ ਕੌਰ ‘ਪੰਨੂੰ”
ਭੈਣੀ ਸਾਹਿਬ।
ਸੰਪਰਕ 95013-92150