ਨਾਨਕ ਦੀ ਅਸਲੀ ਤਸਵੀਰ

– ਜਸਵੰਤ ਸਿੰਘ ਜ਼ਫਰ
    ਮਾਫ਼ ਕਰਨਾ
ਸਾਡੇ ਲਈ ਬਹੁਤ ਮੁਸ਼ਕਿਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
   ਪੈੰਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਹਨੇਰੀ ਨਾਲ ਉਲ਼ਜੀ ਖੁਲਜੀ ਦਾੜੀ
ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਗ
   ਲੂੰਅਾਂ ਤੇ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲ਼ਾਂ ਦਾ ਚਿਪਕਿਆ ਮਾਸ
ਅਜਿਹੇ ਨਾਨਕ ਦਾ ਅਸੀਂ ਧਿਆਨ ਨਹੀਂ
ਧਰ ਸਕਦੇ
   ਜੋ ਘਰਾਂ ਨੂੰ ਉਜਾੜ ਸਕਦਾ
ਨਿਆਣੇ ਵਿਗਾੜ ਸਕਦਾ
ਕਿਸੇ ਕਾਬੇ ਵੱਲ ਪੈਰ ਕਰਕੇ
ਪਰਿਕਰਮਾ ਵਿੱਚ ਲੇਟਣ ਲਈ
ਉਕਸਾਹ ਸਕਦਾ
   ਲਿਹਾਜਾ ਲੱਤਾਂ ਤੁੜਵਾ ਤੇ ਵਡਾ ਸਕਦਾ
ਤੇ ਹੋਰ ਵੀ ਕਈ ਕੁਝ ਕਰਵਾ ਸਕਦਾ
ਮਸਲਨ ਅਸੀਂ ਚਿੰਨਾ ਦੇ ਥੋਥੇਪਨ
ਨੂੰ ਮਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਆਧਾ ਨੂੰ ਤੋੜਨ ਦਾ
ਐਲਾਨ ਨਾਵਾਂ ਛਪਵਾ ਸਕਦੇ ਹਾਂ
   ਅਜਿਹੇ ਖਤਰਨਾਕ ਨਾਨਕ ਤੋਂ ਅਸੀਂ
ਬਹੁਤ ਚਾਲੂ ਹਾਂ
ਸਾਨੂੰ ਤਾਂ ਚਾਹੀਦੀ ਏ ਖੈਰ ਸੁਖ ਸ਼ਾਂਤੀ
ਸਾਨੂੰ ਤਾਂ ਚਾਹਦੀਆਂ ਨੇ ਮਿੱਠੀਆਂ ਦਾਤਾਂ
ਵੱਧਦੀਆਂ ਵੇਲਾਂ ਤੇ ਵੇਲਾਂ ਨੂੰ ਲਗਦੇ ਰੁਪਈਏ
   ਦਗਦੀਆਂ ਮਗਦੀਆਂ ਤੇਜ ਅੱਖਾਂ
ਅੱਖਾਂ ਜੋ ਪਰਿਵਾਰ ਨੂੰ
ਸਰਕਾਰ ਨੂੰ ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
   ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸਲੀ ਨਾਨਕ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦੈ
   ਸ਼ਾਂਤ ਲੀਨ ਲਕਸ਼ਮੀ ਵਾੰਗ
ਉਠਇਆ ਹੱਥ
ਤੇ ਡੁਲ ਡੁਲ ਪੈੰਦੀ ਕੋਮਲਤਾ
ਸਿਲਕੀ ਸ਼ਫਾਫ ਦਾੜੀ
   ਗੋਲ ਮਟੋਲ ਗੱਲਾਂ
ਸੁਰਖ ਟਿਪਸੀ ਹੋੰਠ
ਮੁਲਾਇਮ ਜਿਮਨੀ ਪੈਰ
ਕੂਲੇ ਕੂਲੇ ਹੱਥ
ਪੈਗੰਬਰੀ ਵਸਤਰਾਂ ਤੇ ਨਿਖਾਰ
   ਸਾਡੇ ਇਨਾੰ ਘਰਾਂ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿਤਰ ਹੀ ਟਿਕ
ਸਕਦੇ ਹਨ
   ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੰਧ ਨਹੀ ਝੱਲ ਸਕਦੀ
ਮਾਫ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨੀ ਢਾਉਣੇ
ਮਸਾਂ ਮਸਾਂ ਲਏ ਰੱਭ ਤੋਂ ਨਿਆਣੇ ਨੀ ਗੁਆਉਣੇ
   ਅਸੀਂ ਅਸਲੀ ਨਾਨਕ ਦੀ ਤਸਵੀਰ
ਦਾ ਧਿਆਨ ਨਹੀਂ ਧਰ ਸਕਦੇ
Previous articleAAP to start political campaign in Haryana on Saturday
Next articleAyurveda Day 2018 Houses of Parliament