ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਦੇਸ਼ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ ਜ਼ਰੂਰ ਲਾਗੂ ਹੋਵੇਗਾ ਅਤੇ ਭਵਿੱਖ ਵਿੱਚ ਕੌਮੀ ਨਾਗਰਿਕ ਰਜਿਸਟਰ ਵੀ ਲਾਗੂ ਕੀਤਾ ਜਾਵੇਗਾ। ਭਾਜਪਾ ਦੇ ਦਫ਼ਤਰ ’ਚ ਅਫ਼ਗਾਨਿਸਤਾਨ ਤੋਂ ਆਏ ਸਿੱਖ ਸ਼ਰਨਾਰਥੀਆਂ ਨਾਲ ਮੁਲਾਕਾਤ ਮਗਰੋਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ, ‘‘ਮੈਂ ਇਸ ਮੰਚ ਤੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਵੋਟ ਬੈਂਕ ਦੀ ਰਾਜਨੀਤੀ ਛੱਡ ਦਿਓ। ਵੋਟ ਬੈਂਕ ਦੀ ਖ਼ਾਤਰ ਮਨੁੱਖੀ ਹਿੱਤਾਂ ਦਾ ਨਿਰਾਦਰ ਨਾ ਕਰੋ।’’ ਸ੍ਰੀ ਨੱਢਾ ਨੇ ਕਿਹਾ ਕਿਹਾ ਕਿ ਇਸ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਕਹਿਣਾ ਚਾਹੁੰਦੇ ਹਨ ਕਿ ਇਥੇ ਆਏ ਹਿੰਦੂ, ਜੈਨੀ, ਪਾਰਸੀ, ਬੋਧੀ, ਈਸਾਈ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਵੇਖਣਾ ਚਾਹੀਦਾ ਹੈ ਕਿ ਉਹ ਕਿਸ ਹਾਲਾਤ ’ਚ ਰਹਿ ਰਹੇ ਹਨ। ਉਹ ਨਾ ਤਾਂ ਇੱਥੇ ਪ੍ਰਮਾਣ ਪੱਤਰ ਬਣਵਾ ਸਕਦੇ ਹਨ ਅਤੇ ਨਾ ਹੀ ਬੱਚਿਆਂ ਦਾ ਦਾਖ਼ਲਾ ਕਰਵਾ ਸਕਦੇ ਹਨ। ਉਹ ਮਕਾਨ ਵੀ ਨਹੀਂ ਖ਼ਰੀਦ ਸਕਦੇ ਸੀ ਅਤੇ ਅੱਧਵਾਟੇ ਲਟਕੇ ਹੋਏ ਸਨ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਦੀ ਇੱਛਾ ਸ਼ਕਤੀ ਸਦਕਾ ਸੰਸਦ ’ਚ ਨਾਗਰਿਕਤਾ ਸੋਧ ਕਾਨੂੰਨ ਪਾਸ ਹੋਇਆ ਹੈ। ਨਾਗਰਿਕਤਾ ਕਾਨੂੰਨ ਵੀ ਲਾਗੂ ਹੋਵੇਗਾ ਅਤੇ ਅੱਗੇ ਚੱਲ ਕੇ ਕੌਮੀ ਨਾਗਰਿਕ ਰਜਿਸਟਰ ਵੀ ਲਾਗੂ ਹੋਵੇਗਾ।’’ ਨੱਢਾ ਨੇ ਕਿਹਾ ਕਿ ਜਿਹੜੇ ਸਿੱਖ ਭਰਾ ਕਰੀਬ 28-30 ਸਾਲ ਪਹਿਲਾਂ ਅਫ਼ਗਾਨਿਸਤਾਨ ਤੋਂ ਬੇਦਖ਼ਲ ਹੋ ਕੇ ਅਤੇ ਆਪਣੇ ਧਰਮ ਦੀ ਰੱਖਿਆ ਲਈ ਭਾਰਤ ਆਏ ਸਨ, ਉਨ੍ਹਾਂ ਨੇ ਅੱਜ ਪਾਰਟੀ ਦਫ਼ਤਰ ਆ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ।
INDIA ਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਲਾਗੂ ਹੋਣਗੇ: ਨੱਢਾ