ਨਾਗਰਿਕਤਾ ਐਕਟ ਰਾਹੀਂ ਅੱਗ ਨਾਲ ਨਾ ਖੇਡੇ ਭਾਜਪਾ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ਨੂੰ ‘ਅੱਗ ਨਾਲ ਨਾ ਖੇਡਣ’ ਦੀ ਸਲਾਹ ਦਿੰਦਿਆਂ ਕਿਹਾ ਕਿ ਜਦੋਂ ਤੱਕ ਨਾਗਰਕਿਤਾ ਸੋਧ ਕਾਨੂੰਨ (ਸੀਏਏ) ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਸ਼ਾਂਤੀਪੂਰਵਕ ਪ੍ਰਦਰਸ਼ਨ ਜਾਰੀ ਰਹਿਣਗੇ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਨੇ ਸ਼ਹਿਰ ਵਿੱਚ ਪ੍ਰਦਰਸ਼ਨ ਰੈਲੀ ਵਿੱਚ ਭਾਜਪਾ ’ਤੇ ਆਪਣੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਮੰਗਲੁਰੂ ਵਿੱਚ ਸੀਏਏ ਖ਼ਿਲਾਫ਼ ਪ੍ਰਦਰਸ਼ਨ ਵਿੱਚ ਪੁਲੀਸ ਫਾਇਰਿੰਗ ਵਿੱਚ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਾਂ ਲਈ ਮੁਆਵਜ਼ਾ ਰੋਕਣ ਸਬੰਧੀ ਕਰਨਾਟਕ ਦੇ ਮੁੱਖ ਮੰਤਰੀ ਬੀ.ਅੇੱਸ. ਯੇਦੀਯੁਰੱਪਾ ਦੇ ਬਿਆਨ ਦਾ ਜ਼ਿਕਰ ਕੀਤਾ। ਬੈਨਰਜੀ ਨੇ ਵਿਦਿਆਰਥੀਆਂ ਨੂੰ ਪ੍ਰਦਰਸ਼ਨ ਜਾਰੀ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦਾ ਸਮਰਥਨ ਕਰਦੀ ਰਹੇਗੀ। ਮੁੱਖ ਮੰਤਰੀ ਨੇ ਕਿਹਾ, ‘‘ਕਿਸੇ ਤੋਂ ਨਾ ਡਰੋ। ਮੈਂ ਭਾਜਪਾ ਨੂੰ ਚਿਤਾਵਨੀ ਦੇ ਰਹੀ ਹਾਂ ਕਿ ਉਹ ਅੱਗ ਨਾਲ ਨਾ ਖੇਡੇ।’’ ਉਨ੍ਹਾਂ ਮੱਧ ਕੋਲਕਾਤਾ ਵਿੱਚ ਰਾਜਾਬਾਜ਼ਾਰ ਤੋਂ ਮਲਿਕ ਬਾਜ਼ਾਰ ਤੱਕ ਰੋਸ ਮਾਰਚ ਦੀ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਸੀਏਏ ਦੇ ਵਿਰੋਧ ਵਿੱਚ ਬੋਲ ਰਹੇ ਵਿਦਿਆਰਥੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, ‘‘ਅਸੀਂ ਜਾਮੀਆ ਮਿਲੀਆ, ਆਈਆਈਟੀ ਕਾਨਪੁਰ ਅਤੇ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਜੋ ਸੀਏਏ ਅਤੇ ਐੱਨਆਰਸੀ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ, ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹਾਂ।’’

Previous articleਸ਼ਹੀਦ ਦੇ ਘਰ ਨੇੜਿਓਂ ਨਾਜਾਇਜ਼ ਉਸਾਰੀ ਢਾਹੀ
Next articleਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ‘ਬੰਦੀ ਕੇਂਦਰ’ ਬਣਾਉਣ ਦਾ ਦਾਅਵਾ