ਨਹੀਂ ਮੁੱਕ ਰਿਹਾ ਓਲੀ ਤੇ ਪ੍ਰਚੰਡ ਧੜਿਆਂ ਵਿਚਾਲੇ ਰੇੜਕਾ

ਕਾਠਮੰਡੂ (ਸਮਾਜਵੀਕਲੀ) :  ਨੇਪਾਲ ਦੀ ਹਾਕਮ ਕਮਿਊਨਿਸਟ ਪਾਰਟੀ ਵਿਚਲੀ ਧੜੇਬੰਦੀ ਦਾ ਰੇੜਕਾ ਅਜੇ ਖਤਮ ਨਹੀਂ ਹੋਇਆ ਕਿਉਂਕਿ ਇੱਕ ਹਫ਼ਤੇ ’ਚ ਅੱਧੀ ਦਰਜਨ ਦੇ ਕਰੀਬ ਮੀਟਿੰਗ ਦੇ ਬਾਵਜੂਦ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਤੇ ਐੱਨਸੀਪੀ ਦੇ ਕਾਰਜਕਾਰੀ ਚੇਅਰਮੈਨ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਕਿਸੇ ਸਹਿਮਤੀ ’ਤੇ ਨਹੀਂ ਪਹੁੰਚ ਸਕੇ।

ਨੇਪਾਲ ਕਮਿਊਨਿਸਟ ਪਾਰਟੀ ਦੀ 45 ਮੈਂਬਰੀ ਸਥਾਈ ਕਮੇਟੀ ਦੀ ਮੀਟਿੰਗ ਬੀਤੇ ਦਿਨ ਹੋਣੀ ਸੀ ਪਰ ਹੁਣ ਇਹ ਭਲਕੇ 10 ਜੁਲਾਈ ਨੂੰ ਹੋਵੇਗੀ। ਅਜਿਹਾ ਲਗਾਤਾਰ ਚੌਥੀ ਵਾਰ ਹੋਇਆ ਹੈ ਜਦੋਂ ਇਹ ਮੀਟਿੰਗ ਟਲੀ ਹੋਵੇ। ਹੁਣ ਭਲਕੇ ਹੋਣ ਵਾਲੀ ਸਥਾਈ ਕਮੇਟੀ ਦੀ ਮੀਟਿੰਗ ’ਚ 68 ਸਾਲਾ ਓਲੀ ਦੇ ਭਵਿੱਖ ਬਾਰੇ ਕੋਈ ਫ਼ੈਸਲਾ ਹੋਣ ਦੀ ਉਮੀਦ ਹੈ।

ਇਸੇ ਦੌਰਾਨ ਓਲੀ ਦੀ ਕੁਰਸੀ ਬਚਾਉਣ ਲਈ ਚੀਨੀ ਰਾਜਦੂਤ ਹੋਊ ਯਾਂਕੀ ਦਾ ਦਖਲ ਵੀ ਵੱਧ ਗਿਆ ਹੈ। ਪ੍ਰਚੰਡ ਦੀ ਹਮਾਇਤ ਪਾਰਟੀ ਦੇ ਸੀਨੀਅਰ ਆਗੂਆਂ ਤੇ ਸਾਬਕਾ ਪ੍ਰਧਾਨ ਮੰਤਰੀਆਂ ਮਾਧਵ ਕੁਮਾਰ ਨੇਪਾਲ ਅਤੇ ਝਾਲਾਨਾਥ ਖਨਾਲ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਆਗੂਆਂ ਵੱਲੋਂ ਓਲੀ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਭਾਰਤ ਖ਼ਿਲਾਫ਼ ਕੀਤੀਆਂ ਟਿੱਪਣੀਆਂ ਨਾ ਸਿਆਸੀ ਪੱਖੋਂ ਤੇ ਨਾ ਹੀ ਕੂਟਨੀਤਕ ਪੱਖੋਂ ਦਰੁਸਤ ਸਨ ਪਰ ਓਲੀ ਕੋਈ ਵੀ ਅਹੁਦਾ ਛੱਡਣ ਨੂੰ ਤਿਆਰ ਨਹੀਂ ਹਨ।

ਨੇਪਾਲ ਦੀ ਕਮਿਊਨਿਸਟ ਪਾਰਟੀ ’ਚ ਇਸ ਸਮੇਂ ਦੋ ਧੜੇ ਬਣੇ ਹੋਏ ਹਨ ਜਿਨ੍ਹਾਂ ’ਚ ਇੱਕ ਦੀ ਅਗਵਾਈ ਓਲੀ ਤੇ ਦੂਜੇ ਦੀ ਅਗਵਾਈ ਪ੍ਰਚੰਡ ਵੱਲੋਂ ਕੀਤੀ ਜਾ ਰਹੀ ਹੈ। ਦੋਵਾਂ ਧੜਿਆਂ ਵਿਚਾਲੇ ਤਕਰਾਰ ਹੋਰ ਵੱਧ ਗਿਆ ਜਦੋਂ ਪ੍ਰਧਾਨ ਮੰਤਰੀ ਨੇ ਸੰਸਦ ਦਾ ਬਜਟ ਸੈਸ਼ਨ ਟਾਲਣ ਦਾ ਇੱਕਪਾਸੜ ਫ਼ੈਸਲਾ ਲੈ ਲਿਆ ਸੀ।

Previous articleNortheast’s Covid-19 tally rises to 18,665
Next articleਨੀਰਵ ਮੋਦੀ ਦੇ ਰਿਮਾਂਡ ਵਿੱਚ ਵਾਧਾ