ਨਹਿਰ ’ਚ ਵੈਨ ਡਿੱਗਣ ਕਾਰਨ 7 ਬੱਚੇ ਰੁੜ੍ਹੇ

22 ਵਿਅਕਤੀ ਬਚਾਏ; ਗੋਤਾਖ਼ੋਰਾਂ ਨੇ ਤਿੰਨ ਲਾਸ਼ਾਂ ਲੱਭੀਆਂ;
ਵਿਆਹ ਤੋਂ ਪਰਤ ਰਹੇ ਸਨ ਮੁਸਾਫ਼ਰ

ਸ਼ਹਿਰ ਦੇ ਬਾਹਰਵਾਰ ਇੰਦਰਾ ਨਹਿਰ ’ਚ ਅੱਜ ਤੜਕੇ ਪਿਕ-ਅੱਪ ਵੈਨ ਦੇ ਡਿੱਗਣ ਕਰਕੇ ਸੱਤ ਬੱਚਿਆਂ ਦੇ ਡੁੱਬ ਜਾਣ ਦਾ ਖ਼ਦਸ਼ਾ ਹੈ ਜਦਕਿ 22 ਹੋਰ ਵਿਅਕਤੀਆਂ ਨੂੰ ਬਚਾਅ ਲਿਆ ਗਿਆ। ਲਖਨਊ ਦੇ ਜ਼ਿਲ੍ਹਾ ਮੈਜਿਸਟਰੇਟ ਕੌਸ਼ਲ ਰਾਜ ਸ਼ਰਮਾ ਨੇ ਦੱਸਿਆ ਕਿ ਵੈਨ ’ਚ 29 ਵਿਅਕਤੀ ਸਵਾਰ ਸਨ ਅਤੇ ਹਾਦਸਾ ਨਗਰਮ ਇਲਾਕੇ ’ਚ ਵਾਪਰਿਆ। ਵੈਨ ’ਚ ਸਵਾਰ ਵਿਅਕਤੀ ਬਾਰਾਬੰਕੀ ਜ਼ਿਲ੍ਹੇ ’ਚ ਵਿਆਹ ਸਮਾਗਮ ਤੋਂ ਪਰਤ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਵਾਪਰਨ ਦੇ 12 ਘੰਟਿਆਂ ਮਗਰੋਂ ਵੀ ਲਾਪਤਾ ਸੱਤ ਬੱਚਿਆਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਬੱਚਿਆਂ ਦੀ ਉਮਰ 5 ਤੋਂ 10 ਸਾਲ ਸੀ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਣੀ ਦੇ ਤੇਜ਼ ਵਹਾਅ ’ਚ ਬੱਚੇ ਰੁੜ੍ਹ ਗਏ ਹੋਣਗੇ। ਗੋਤਾਖੋਰਾਂ ਵੱਲੋਂ ਬੱਚਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਲਾਪਤਾ ਹੋਏ ਸੱਤ ਬੱਚਿਆਂ ’ਚੋਂ ਤਿੰਨਾਂ ਦੀਆਂ ਲਾਸ਼ਾਂ ਨਹਿਰ ’ਚੋਂ ਬਾਹਰ ਕੱਢ ਲਈਆਂ ਗਈਆਂ ਹਨ। ਹਾਦਸੇ ਮਗਰੋਂ ਵੱਡੀ ਗਿਣਤੀ ’ਚ ਭੀੜ ਇਕੱਠੀ ਹੋ ਗਈ ਅਤੇ ਗੁਆਚੇ ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਪਿਕ-ਅੱਪ ਵੈਨ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਨ ਹਾਦਸਾ ਵਾਪਰਿਆ ਹੈ। ਲੱਜਾਵਤੀ ਨੇ ਕਿਹਾ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਵੈਨ ਨੂੰ ਤੇਜ਼ ਰਫ਼ਤਾਰ ਨਾਲ ਭਜਾ ਰਿਹਾ ਸੀ। ਜਦੋਂ ਇਕ ਮੋੜ ਆਇਆ ਤਾਂ ਵੈਨ ਬੇਕਾਬੂ ਹੋ ਗਈ ਅਤੇ ਸਿੱਧੇ ਨਹਿਰ ’ਚ ਜਾ ਡਿੱਗੀ। ਅਧਿਕਾਰੀਆਂ ਵੱਲੋਂ ਡਰਾਈਵਰ ਦਾ ਮੈਡੀਕਲ ਕਰਵਾਇਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਅਤੇ ਕੌਮੀ ਤੇ ਸੂਬਾਈ ਆਫ਼ਤ ਪ੍ਰਬੰਧਨ ਬਲ ਦੇ ਜਵਾਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਬਚਾਅ ਕਾਰਜ ਤੇਜ਼ੀ ਨਾਲ ਚਲਾਉਣ।

Previous articleਕਰਤਾਰਪੁਰ ਲਾਂਘਾ ਛੇਤੀ ਖੋਲ੍ਹਣ ਲਈ ਮੋਦੀ ਵੱਲੋਂ ਇਮਰਾਨ ਨੂੰ ਪੱਤਰ
Next articleਇਰਾਨ ਨੇ ਅਮਰੀਕਾ ਦਾ ਜਾਸੂਸ ਡਰੋਨ ਸੁੱਟਿਆ