‘ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ’ ਗੀਤ ਲਿਖਣ ਵਾਲਾ ਪ੍ਰਸਿੱਧ ਗੀਤਕਾਰ ‘ਮੀਤ ਮਾਜਰੀ’ ਨਹੀਂ ਰਿਹਾ

ਲੁਧਿਆਣਾ/ਸ਼ਾਮ ਚੁਰਾਸੀ, (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਗਾਇਕਾ ਮੱਲਿਕਾ-ਜੋਤੀ (ਮਾਜਰੀ ਭੈਣਾਂ ) ਦੇ ਪਿਤਾ ਮੀਤ ਮਾਜਰੀ ਵਾਲੇ ਅੱਜ ਸਵੇਰੇ ਤੜਕੇ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਸਬੰਧੀ ਮਨੋਹਰ ਧਾਰੀਵਾਲ ਤੇ ਅਮਨ ਫੁੱਲਾਂਵਾਲ ਨੇ ਦੱਸਿਆ ਕਿ ਓਹਨਾ ਨੂੰ ਪਿਛਲੇ ਕੁਝ ਸਮੇਂ ਤੋਂ ਪੇਟ ਦੀ ਤਕਲੀਫ ਸੀ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ l

ਅੱਜ ਸਵੇਰੇ ਉਨ੍ਹਾ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾ ਦੀ ਮੌਤ ਹੋ ਗਈ । ਓਹਨਾ ਦਾ ਅੱਜ ਦੁਪਹਿਰ ਬਾਅਦ ਮਾਡਲ ਟਾਊਨ ਸ਼ਮਸ਼ਾਨਘਾਟ ਲੁਧਿਆਣਾ ਵਿਖੇ ਪਰਵਾਰਿਕ ਮੈਂਬਰਾਂ ਅਤੇ ਕਲਾਕਾਰਾਂ ਦੀ ਹਾਜਰੀ ਵਿੱਚ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੱਜ ਸੰਸਕਾਰ ਮੌਕੇ ਤੇ ਪਰਵਾਰਿਕ ਮੈਂਬਰਾਂ ਤੋਂ ਇਲਾਵਾ ਗਾਇਕ ਜਸਵੰਤ ਬਿੱਲਾ, ਦਲੇਰ ਪੰਜਾਬੀ, ਸੁੱਖ ਚਮਕੀਲਾ, ਕੇਵਲ ਜਲਾਲ, ਰਣਧੀਰ ਚਮਕਾਰਾ, ਚੰਨ ਸ਼ਾਹਕੋਟੀ , ਸੁਖਵੰਤ ਸੁੱਖਾ, ਅਮਨ ਫੁੱਲਾਂਵਾਲ ਪੁੱਜੇ। ਮੀਤ ਮਾਜਰੀ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਪ੍ਰਸਿੱਧ ਕਲਾਕਾਰਾਂ ਜਿੰਨਾ ਵਿੱਚ ਜਸਵੰਤ ਸੰਦੀਲਾ, ਹਾਕਮ ਬਖਤੜੀਵਾਲਾ, ਰੋਮੀ ਗਿੱਲ, ਬੀਬਾ ਜਸਵੰਤ ਗਿੱਲ ,ਦਲੇਰ ਪੰਜਾਬੀ , ਚਮਕ ਚਮਕੀਲਾ, ਸਮੇਤ ਕਾਫੀ ਕਲਾਕਾਰਾਂ ਨੇ ਗੀਤ ਗਾਏ।

ਇਸ ਤੋਂ ਬਾਅਦ ਮੀਤ ਮਾਜਰੀ ਨੇ ਮਾਜਰੀ ਭੈਣਾਂ ਦੇ ਨਾਮ ਨਾਲ ਆਪਣੀਆਂ ਬੇਟੀਆਂ ਮੱਲਿਕਾ ਜੋਤੀ ਨੂੰ ਗਾਇਕੀ ਦੇ ਖੇਤਰ ਵਿੱਚ ਸੁਪਰ ਡੁੱਪਰ ਗੀਤਾਂ ਨਾਲ ਪੇਸ਼ ਕੀਤਾ l ਜਿਸ ਨਾਲ ਇਹ ਜੋੜੀ ਵਿਸ਼ਵ ਪ੍ਰਸਿੱਧ ਹੋ ਗਈ। ਓਹਨਾ ਦੇ ਲਿਖੇ ਗੀਤਾਂ ਵਿੱਚ ‘ਨਹਿਰੋਂ ਪਾਰ ਬੰਗਲਾ ਪਵਾ ਕੇ ਹਾਣੀਆਂ, ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ , ਕੈਂਠੇ ਵਾਲਾ ਧਾਰ ਕੱਢਦਾ, ਸਮੇਤ ਅਨੇਕਾਂ ਗੀਤ ਸੁਪਰ ਹਿੱਟ ਰਹੇ ਅਤੇ ਓਹਨਾ ਦੇ ਗੀਤਾਂ ਨੂੰ ਗਾਕੇ ਕਈ ਕਲਾਕਾਰ ਸੁਪਰ ਸਟਾਰ ਬਣੇ l ਜ਼ਿਕਰਯੋਗ ਹੈ ਕੇ ਮੀਤ ਮਾਜਰੀ ਨੇ ਦੋ ਦਰਜਨ ਦੇ ਕਰੀਬ ਗੀਤ ਰਚਨਾਵਾਂ ਦੀਆਂ ਕਿਤਾਬਾਂ ਲਿਖੀਆਂ ਜੋ ਆਪਣੇ ਆਪ ਵਿਚ ਬਹੁਤ ਹੀ ਵੱਡਾ ਸਾਹਿਤਕ ਕਾਰਜ ਹੈ l

ਇਸ ਤੋਂ ਇਲਾਵਾ ਓਹਨਾਂ ਖੁਦ ਵੀ ਗਾਇਆ ਅਤੇ ਬਤੌਰ ਏ ਗਾਇਕ ਓਹਨਾਂ ਸਵ. ਦੀਦਾਰ ਸੰਧੂ ਨੂੰ ਉਸਤਾਦ ਬਣਾਇਆ ਸੀ l ਗੀਤਕਾਰ ਮੀਤ ਮਾਜਰੀ ਵਾਲੇ ਦੇ ਬੇਵਕਤੀ ਦੇਹਾਂਤ ਤੇ ਵੱਖ ਵੱਖ ਕਲਾਕਾਰਾਂ, ਗੀਤਕਾਰਾਂ ਵਲੋਂ ਜਿਨ੍ਹਾਂ ਵਿੱਚ ਰਣਜੀਤ ਮਣੀ, ਦਲਵਿੰਦਰ ਦਿਆਲਪੁਰੀ , ਸਰਬਜੀਤ ਚਿਮਟੇ ਵਾਲੀ , ਰਿੰਪੀ ਗਰੇਵਾਲ , ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ, ਸ਼੍ਰੀ ਸੁਰਿੰਦਰ ਸੇਠੀ, ਲਿਸ਼ਕਾਰਾ ਟਾਈਮਜ਼ ਦੇ ਚੀਫ ਐਡੀਹਰ ਸ਼੍ਰੀ ਹਰੀ ਦੱਤ ਸ਼ਰਮਾ,ਸ਼੍ਰੀ ਵਿਨੋਦ ਕੁਮਾਰ ਗਰਗ ਚੀਫ ਐਡੀਟਰ ਗੋਲਡ ਸਟਾਰ, ਪ੍ਰੈਸ ਮੀਡੀਆ ਤੋ ਗੋਬਿੰਦ ਸੁਖੀਜਾ, ਸਰਵਨ ਹੰਸ, ਕੁਲਦੀਪ ਚੁੰਬਰ , ਹਰਸ਼ ਕੁਮਾਰ ਗੋਗੀ, ਤਰਲੋਚਨ ਲੋਚੀ ਸਮੇਤ ਕਾਫੀ ਪ੍ਰਸੰਸਕਾਂ ਵੱਲੋ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Previous articleਸ਼ੁਭ ਸਵੇਰ ਦੋਸਤੋ,
Next articleਬਾਬਾ ਲੀਡਰ ਸਿੰਘ ਜੀ ਵਲੋਂ ਅਧਿਆਪਕ ਦਲ ਪੰਜਾਬ ਦਾ ਕੈਲੰਡਰ ਲੋਕ ਅਰਪਿਤ