ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਸੋਹਣੇ ਖਿੜ ਰਹੇ ਕੋਮਲ ਨਾਜੁੱਕ ਫੁੱਲ ਵਾਂਗਰਾ, ਛੋਟਾ ਬੱਚਾ ਕਿਸੇ ਨੂੰ ਪਛਾਣ ਲੈਣ ਦਾ ਸੰਕੇਤ, ਆਪਣੀ ਪਿਆਰੀ ਜਿਹੀ ਮੁਸਕਰਾਹਟ ਨਾਲ ਦਿੰਦਾ ਹੈ। ਥੋੜ੍ਹਾ ਵੱਡਾ ਹੋ ਕੇ ਆਪਣਿਆਂ ਨੂੰ ਸਮਝਣ ਦਾ ਇਜ਼ਹਾਰ ਆਪਣੇ ਪਿਆਰ ਨਾਲ ਕਰਦਾ ਹੈ। ਅਜੋਕੇ ਸੰਸਾਰ ਅੰਦਰ ਜੇਕਰ ਕੁਝ ਕੁ ਹਾਸਾ-ਠੱਠਾ ਬਚਿਆ ਹੈ ਤਾਂ ਉਹ ਬੱਚਿਆਂ ਕਰਕੇ ਹੀ ਹੈ। ਬੱਚਿਆਂ ਦੇ ਹਾਸਿਆਂ ਨਾਲੋਂ ਵਧੀਆ ਹੋਰ ਕਿਹੜਾ ਸੰਗੀਤ ਹੋ ਸਕਦਾ ਹੈ?

ਬੱਚੇ ਸਾਨੂੰ ਜੀਵਨ ਜਾਂਚ ਵੀ ਸਿਖਾਉਂਦੇ ਰਹਿੰਦੇ ਹਨ, ਜਿੱਥੇ ਬੱਚੇ ਨਹੀਂ ਹੁੰਦੇ ਉਹ ਘਰ ਅਨੇਕਾਂ ਕਲਾਵਾਂ ਤੋਂ ਅਧੂਰੇ ਹੁੰਦੇ ਹਨ। ਜਿਹੜੇ ਮਾਪੇ ਬੱਚਿਆਂ ਨੂੰ ਪੜ੍ਹਾ ਜਾਂਦੇ ਨੇ, ਉਹ ਆਪ ਖੁਦ ਵੀ ਪੜ੍ਹ ਜਾਂਦੇ ਹਨ। ਆਓ ਅਜਿਹਾ ਮਾਹੌਲ ਉਸਾਰੀਏ ਕਿ ਹਰ ਬੱਚਾ ਨਾ ਕੇਵਲ ਜੀਵਨ ਨੂੰ ਅਨੁਭਵ ਹੀ ਕਰੇ ਸਗੋਂ ਇਸ ਦੀ ਸਿਰਜਣਾ ਵੀ ਕਰੇ, ਆਪਾਂ ਬੱਚਿਆਂ ਦੇ ਜੀਵਨ ਵਿਚ ਸਿਰਜਣਾਤਮਕਤਾ ਦਾ ਕਿਣਕਾ ਸ਼ਾਮਿਲ ਕਰੀਏ…!
ਇੱਕ ਦਿਨ ਮੇਰੇ ਮੋਢਿਆਂ ‘ਤੇ ਹੋਕੇ ਸਵਾਰ, ਖੁਸ਼ੀ ਵਿੱਚ ਪੁੱਤ ਮੈਨੂੰ ਕਹਿਣ ਲੱਗਿਆ… ਦੇਖ ਬਾਪੂ…ਮੈਂ ਤੈਥੋਂ ਵੀ ਵੱਡਾ ਹੋ ਗਿਆ।

ਮੈਂ ਜ਼ਿੰਦਗੀ ਦੇ ਤਜਰਬੇ ਚੋਂ ਆਖਿਆ… ਪੁੱਤ, ‘ਇਸ ਖੂਬਸੂਰਤ ਗਲਤਫ਼ਹਿਮੀ ਵਿੱਚ ਰਹਿਕੇ ਹਮੇਸ਼ਾ ਖੁਸ਼ ਰਹੀ’, ਪਰ, ਕਦੇ ਮੇਰਾ ਸਾਥ ਨਾ ਛੱਡੀ, ਮੇਰੇ ਸਾਰੇ ਰੰਗੀਨ ਸੁਪਨੇ ਟੁੱਟ ਜਾਣੇ ਆ ਮਿੱਠਿਆ!

ਇਹ ਦੁਨੀਆਂ ਸੱਚ-ਮੁੱਚ ‘ਚ ਹੁਸੀਨ ਨਹੀਂ, ਤੂੰ ਹਾਲੇ ਛੋਟਾ ਤੇਰੇ ਪੈਰਾਂ ਥੱਲੇ ਜ਼ਮੀਨ ਨਹੀਂ! ਤੇਰਾ ਬਾਪੂ, ਬਹੁਤ ਖੁਸ਼ ਹੋਵੇਗਾ…ਜਿਸ ਦਿਨ ਤੂੰ ਬਰਾਬਰ ਖੜਾ ਮੈਥੋਂ ਵੱਡਾ ਲੱਗੇਗਾ। ਓਨੀ ਦੇਰ ਤੇਰੀ ਆ ਹਾਸੀ ਬਰਕਰਾਰ ਰਹੇ, ਜਦੋਂ ਤੂੰ ਆਪਣੇ ਪੈਰਾਂ ਤੇ ਖੜਾ ਹੋ ਜਾਏਗਾ, ਬਾਪੂ ਆਪਣਾ ਸਭ ਕੁੱਝ ਤੈਨੂੰ ਦੇ ਦੇਵੇਗਾ, ਅੰਤ ਤੇਰੇ ਮੋਢਿਆਂ ਤੇ ਹੋਕੇ ਸਵਾਰ ਜਾਵਾਂਗਾ, ਕੁਦਰਤ ਮੇਹਰ ਕਰੇ ਅੰਤ ਤੱਕ ਆਹੀ ਪਿਆਰ ਬਣਿਆ ਰਹੇ…

ਹਰਫੂਲ ਭੁੱਲਰ

ਮੰਡੀ ਕਲਾਂ 9876870157

Previous articleਆਓ ਤੁੱਕਿਆ ਦੇ ਫਾਇਦੇ ਜਾਣੀਏ
Next article‘ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ’ ਗੀਤ ਲਿਖਣ ਵਾਲਾ ਪ੍ਰਸਿੱਧ ਗੀਤਕਾਰ ‘ਮੀਤ ਮਾਜਰੀ’ ਨਹੀਂ ਰਿਹਾ