‘ਨਹਿਰੂ-ਗਾਂਧੀ ਪਰਿਵਾਰ’ ਤੇ ‘ਚਾਹਵਾਲੇ’ ਦੀ ਕਾਰਗੁਜ਼ਾਰੀ ਦਾ ਮੁਕਾਬਲਾ ਹੋਵੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ’ਚ 28 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਹਿਰੂ-ਗਾਂਧੀ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਤੇ ‘ਚਾਹਵਾਲੇ ਦੇ ਚਾਰ ਸਾਲਾਂ’ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਮੁਕਾਬਲੇ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਰੀਬਾਂ ਨੂੰ ਬੈਂਕ ਖਾਤੇ, ਬਿਜਲੀ ਤੇ ਐੱਲਪੀਜੀ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜੋ ਕਾਂਗਰਸ 55 ਸਾਲਾਂ ਵਿੱਚ ਵੀ ਨਹੀਂ ਕਰ ਸਕੀ।
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੋ ਭਾਜਪਾ ਤੋਂ ਉਸ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਆਪਣੇ ਪੰਜ ਦਹਾਕਿਆਂ ਦੀ ਕਾਰਗੁਜ਼ਾਰੀ ਦਾ ਹਿਸਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਅਸੀਂ ਵਾਅਦਾ ਕੀਤਾ ਸੀ ਕਿ ਹਰ ਗਰੀਬ ਦਾ ਬੈਂਕ ਖਾਤਾ ਹੋਵੇਗਾ ਤੇ ਅਸੀਂ ਇਹ ਚਾਰ ਸਾਲਾਂ ਵਿੱਚ ਕਰ ਵਿਖਾਇਆ ਜਦਕਿ ਕਾਂਗਰਸ 1970 ਤੋਂ ਗਰੀਬੀ ਹਟਾਓ ਦਾ ਨਾਅਰਾ ਮਾਰਦੀ ਆ ਰਹੀ ਹੈ, ਪਰ ਕੀਤਾ ਕੁਝ ਵੀ ਨਹੀਂ।’ ਉਨ੍ਹਾਂ ਕਿਹਾ ਕਿ ਕਾਂਗਰਸ ਜੋ ਕੰਮ 55 ਸਾਲਾਂ ’ਚ ਨਹੀਂ ਕਰ ਸਕੀ ਭਾਜਪਾ ਨੇ ਉਹ ਚਾਰ ਸਾਲਾਂ ’ਚ ਕਰ ਦਿੱਤਾ ਹੈ। ਭਾਜਪਾ ਨੇ ਗਰੀਬਾਂ ਨੂੰ ਬਿਜਲੀ, ਘਰੇਲੂ ਗੈਸ, ਸੜਕਾਂ ਤੇ ਹੋਰ ਕਈ ਚੀਜ਼ਾਂ ਮੁਹੱਈਆ ਕਰਵਾਈਆਂ ਹਨ। ਕਾਂਗਰਸ ਆਗੂਆਂ ਨੂੰ ‘ਝੂਠ ਦੇ ਸ਼ਹਿਨਸ਼ਾਹ’ ਕਹਿੰਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਆਗੂਆਂ ਦੀ ਕਹਿਣੀ ਤੇ ਕਰਨੀ ’ਚ ਫਰਕ ਹੈ ਅਤੇ ਇਹੀ ਕਾਂਗਰਸ ਦਾ ਚਰਿੱਤਰ ਹੈ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਿਆ ਕਿਹਾ, ‘ਸੰਸਦ ’ਚ ਕਾਂਗਰਸ ਆਗੂ ਪਿਆਰ ਦੀਆਂ ਗੱਲਾਂ ਕਰਦੇ ਹਨ ਪਰ ਮੱਧ ਪ੍ਰਦੇਸ਼ ’ਚ ਗੁੱਸਾ ਦਿਖਾਉਂਦੇ ਹਨ।’ ਕਾਂਗਰਸ ਵੱਲੋਂ ਨੋਟਬੰਦੀ ਨੂੰ ਸਭ ਤੋਂ ਵੱਡਾ ਘਪਲਾ ਦੱਸੇ ਜਾਣ ਸਬੰਧੀ ਉਨ੍ਹਾਂ ਕਿਹਾ ਕਿ ਸਿਰਫ਼ ਉਹੀ ਕਾਂਗਰਸ ਆਗੂ ਸਭ ਤੋਂ ਵੱਧ ਰੌਲਾ ਪਾ ਰਹੇ ਹਨ ਜਿਨ੍ਹਾਂ ਨਾਜਾਇਜ਼ ਢੰਗ ਨਾਲ ਧਨ ਇਕੱਠਾ ਕੀਤਾ ਹੈ। ਆਮ ਆਦਮੀ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇੰਨਾਂ ਸਮਾਂ ਇਸ ਲਈ ਰਾਜ ਕੀਤਾ ਹੈ ਕਿਉਂਕਿ ਉਸ ਸਮੇਂ ਵਿਰੋਧੀ ਧਿਰ ਇੰਨੀ ਮਜ਼ਬੂਤ ਨਹੀਂ ਸੀ ਤੇ ਨਾ ਮੀਡੀਆ ਇੰਨਾ ਸਰਗਰਮ ਸੀ।
ਇਸੇ ਦੌਰਾਨ ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੱਧ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ, ਛੱਤੀਸਗੜ੍ਹ ਤੇ ਮਿਜ਼ੋਰਮ ’ਚ ਚੋਣ ਪ੍ਰਚਾਰ ਲਈ 25 ਦੇ ਕਰੀਬ ਰੈਲੀਆਂ ਕਰਨਗੇ।

Previous articleਭਾਰਤ ਵਿਚ ਨੋਟਬੰਦੀ ਸਭ ਤੋਂ ਵੱਡਾ ਘੁਟਾਲਾ: ਰਾਹੁਲ
Next articleਚਾਮ ਕੌਰ ਨੇ ਅਦਾਲਤ ’ਚ ਸੱਜਣ ਕੁਮਾਰ ਦੀ ਪਛਾਣ ਕੀਤੀ