ਉਸਦਾ ਅੱਬਾ ਫੁੱਲਾਂ-ਬੂਟਿਆਂ ਨਾਲ ਬੜਾ ਪਿਆਰ ਕਰਦਾ ਹੁੰਦਾ ਸੀ। ਘਰ ਵਿਚ ਨਿੱਕੇ-ਨਿੱਕੇ ਬੂਟੇ ਲਾਉਣਾ ਉਸਦਾ ਸ਼ੌਕ ਸੀ। ਫੁੱਲ ਖਿੜਦੇ ਤਾਂ ਉਸਦੇ ਅੱਬਾ ਦਾ ਚਿਹਰਾ ਵੀ ਖਿੜਿਆ-ਖਿੜਿਆ ਲੱਗਣਾ। ਉਸਨੇ ਕਦੀ ਫੁੱਲਾਂ ਨੂੰ ਨਹੀਂ ਸੀ ਤੋੜਿਆ। ਫੁੱਲਾਂ ਨੂੰ ਹੱਥ ਲਾਉਣ ਤੋਂ ਵੀ ਗੁਰੇਜ਼ ਕਰਦਾ ਸੀ। ਬੱਚਿਆਂ ਵਾਂਗੂੰ ਉਹਨਾਂ ਨਾਲ ਪਿਆਰ ਕਰਨਾ। ਸ਼ਾਇਦ ਕੁਦਰਤ ਲਈ ਮੁਹੱਬਤ ਸਾਬਿਤ ਕਰਨ ਦਾ ਉਸਦਾ ਆਪਣਾ ਇਹੀ ਅੰਦਾਜ਼ ਸੀ। ਉਹ ਆਪਣੇ ਪੁੱਤਰ ਨੂੰ ਸਮਝਾਉਂਦਾ…
” ਇਹ ਫੁੱਲ-ਬੂਟੇ ਬੱਚਿਆਂ ਵਾਂਗ ਹੁੰਦੇ ਨੇ, ਰੁੱਸ ਜਾਂਦੇ ਨੇ ਜੇਕਰ ਇਹਨਾਂ ਨੂੰ ਪਿਆਰ ਨਾ ਦਿੱਤਾ ਜਾਵੇ। ਮਨਾ-ਮਨਾ ਕੇ ਰੱਖਣੇ ਪੈਂਦੇ ਨੇ।”
ਉਹ ਅਕਸਰ ਕਹਿੰਦਾ ਸੀ…
“ਜਦੋਂ ਮੈਨੂੰ ਦਫ਼ਨਾਉਣ ਲੱਗੇ ਤਾਂ ਇੱਕ ਬੂਟਾ ਮੇਰੀ ਕਬਰ ਕੋਲ ਵੀ ਲਾ ਦੇਣਾ। ਮੈਨੂੰ ਤੁਹਾਡੇ ਸਭ ਦਾ ਅਹਿਸਾਸ ਹੁੰਦਾ ਰਹੇਗਾ”। ਅੱਬਾ ਦੀ ਇਹ ਗੱਲ ਉਸਨੂੰ ਬੜੀ ਅਜੀਬ ਲੱਗਦੀ ਹੁੰਦੀ ਸੀ। ਵੈਸੇ ਵੀ ਉਸਨੂੰ ਆਪਣੇ ਬਾਪ ਵਾਂਗ ਫੁੱਲਾਂ-ਬੂਟਿਆਂ ਦਾ ਕੋਈ ਸ਼ੌਕ ਨਹੀਂ ਸੀ।
” ਕਿਹੜਾ ਇੰਨੀ ਜ਼ਿੰਮੇਦਾਰੀ ਨਾਲ ਸਾਂਭੇ ਇਹਨਾਂ ਨੂੰ?”
ਅੱਬਾ ਬੀਮਾਰ ਹੋਇਆ ਤੇ ਗੁਜ਼ਰ ਗਿਆ। ਪੁੱਤਰ ਨੂੰ ਅਚਾਨਕ ਅੱਬਾ ਦੀ ਖ਼ਵਾਹਿਸ਼ ਯਾਦ ਆਈ। ਕਾਹਲੀ ਨਾਲ ਅੰਦਰ ਗਿਆ ਤੇ ਅੱਬਾ ਦੀ ਅਲਮਾਰੀ ਵਿਚੋਂ ਕੁਝ ਬੀਜ ਲੱਭੇ। ਮੁੱਠੀ ਭਰ ਬੀਜ ਨਾਲ ਲੈ ਆਇਆ। ਬਾਪ ਨੂੰ ਸਪੁਰਦ-ਏ-ਖ਼ਾਕ ਕਰਨ ਲੱਗੇ ਤਾਂ ਉਹੀ ਬੀਜ ਉਸਦੀ ਕਬਰ ਨਾਲ ਦੀ ਮਿੱਟੀ ਵਿੱਚ ਦਫ਼ਨਾ ਆਇਆ।
ਕੁੱਝ ਦਿਨਾਂ ਬਾਅਦ ਉਹਨਾਂ ਵਿਚੋਂ ਕੁਝ ਨਿੱਕੇ ਨਿੱਕੇ ਬੂਟੇ ਪੁੰਗਰ ਆਏ। ਪੁੱਤਰ ਨੂੰ ਲੱਗਾ ਅੱਬਾ ਦੀ ਰੂਹ ਜਿੱਥੇ ਵੀ ਹੈ ਖ਼ੁਸ਼ ਹੈ। ਬੂਟੇ ਵੱਡੇ ਹੋਏ ਪਰ ਕੋਈ ਫੁੱਲ ਨਾ ਲੱਗਿਆ। ਉਹ ਉਸਦੀ ਕਬਰ ਤੇ ਜਾਂਦਾ ਤਾਂ ਬਸ ਵੇਖ ਕੇ ਹੀ ਵਾਪਿਸ ਆ ਜਾਂਦਾ। ਵੈਸੇ ਵੀ ਉਸਦਾ ਮਨ ਇਹਨਾਂ ਕੰਮਾਂ ਵਿੱਚ ਨਹੀਂ ਸੀ ਲੱਗਦਾ।
ਪਰ ਫੁੱਲ ਨਾ ਲੱਗਣਾ ਉਸਦੇ ਲਈ ਫ਼ਿਕਰਮੰਦੀ ਵਾਲੀ ਗੱਲ ਸੀ। ਅੱਬਾ ਨੂੰ ਫੁੱਲਾਂ ਨਾਲ ਤਾਂ ਬੜਾ ਪਿਆਰ ਸੀ। ਪਰ ਹਾਲੇ ਤੱਕ ਇੱਕ ਵੀ ਫੁੱਲ ਨਹੀਂ ਸੀ ਲੱਗਿਆ। ਇਕ ਦਿਨ ਖ਼ਵਾਬ ਚ ਉਸਨੂੰ ਉਸਦਾ ਅੱਬਾ ਮਿਲਿਆ। ਬੜਾ ਮਾਯੂਸ ਨਜ਼ਰ ਆ ਰਿਹਾ ਸੀ… ਤੇ ਉਸਨੂੰ ਉਹੀ ਗੱਲ ਆਖੀ…
” ਇਹ ਫੁੱਲ ਬੂਟੇ ਬੱਚਿਆਂ ਵਾਂਗ ਹੁੰਦੇ ਨੇ, ਰੁੱਸ ਜਾਂਦੇ ਨੇ ਜੇਕਰ ਇਹਨਾਂ ਨੂੰ ਪਿਆਰ ਨਾ ਦਿੱਤਾ ਜਾਵੇ। ਮਨਾ-ਮਨਾ ਕੇ ਰੱਖਣੇ ਪੈਂਦੇ ਨੇ।”
ਸਵੇਰੇ ਉਹ ਫ਼ਿਰ ਆਪਣੇ ਅੱਬਾ ਦੀ ਕਬਰ ਤੇ ਗਿਆ। ਬੂਟਿਆਂ ਨੂੰ ਪਾਣੀ ਪਾਇਆ, ਪਲੋਸਿਆ, ਕਿਆਰੀਆਂ ਬਣਾਈਆਂ, ਪੱਤਿਆਂ ਤੋਂ ਮਿੱਟੀ ਸਾਫ਼ ਕੀਤੀ। ਉਹ ਰੋਜ਼ ਇਸੇ ਤਰ੍ਹਾਂ ਹੀ ਉਹਨਾਂ ਬੂਟਿਆਂ ਦੀ ਦੇਖ-ਰੇਖ ਕਰਦਾ।
ਅੱਜ ਉਸਨੂੰ ਨਿੱਕੇ-ਨਿੱਕੇ ਸਫ਼ੈਦ ਫੁੱਲ ਨਜ਼ਰ ਆਏ ਨੇ। ਅੱਬਾ ਦੀ ਨਸੀਹਤ ਉਸਨੂੰ ਅੱਜ ਸਮਝ ਆਈ ਹੈ। ਰਾਤ ਸੁਪਨੇ ‘ਚ ਅੱਬਾ ਉਸਨੂੰ ਫੁੱਲਾਂ ਤੇ ਤਿਤਲੀਆਂ ਨਾਲ ਭਰੀਆਂ ਕਿਆਰੀਆਂ ਕੋਲ ਬੈਠਾ ਨਜ਼ਰ ਆਇਆ ਸੀ।
ਸ਼ਹਿਬਾਜ਼ ਖ਼ਾਨ
ਮਲੇਰਕੋਟਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly