‘ਅੰਤਰਰਾਸ਼ਟਰੀ ਨਸ਼ਾ ਵਰਤੋਂ ਅਤੇ ਨਸ਼ਾ ਤਸਕਰੀ ਵਿਰੋਧੀ ਦਿਵਸ’ ਮੌਕੇ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਕਰਵਾਇਆ ਗਿਆ ਸੂਬਾ ਪੱਧਰੀ ਸਮਾਗਮ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹ ਗਿਆ। ਹਾਕਮ ਧਿਰ ਦੇ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਾੜੇ ਪ੍ਰਬੰਧਾਂ ’ਤੇ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ। ਇਸ ਸਮਾਗਮ ਵਿਚ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ (ਤਰਨ ਤਾਰਨ) ਤੋਂ ਇਲਾਵਾ ਵਿਸ਼ੇਸ਼ ਸਕੱਤਰ ਸਿਹਤ ਅਮਿਤ ਕੁਮਾਰ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਪੱਟੀ ਬਲਾਕ ਦੇ ਸਮੂਹ ਜੀਓਜੀ ਮੈਂਬਰਾਂ ਅਤੇ ਡੈਪੋ ਨੂੰ ਸਹੁੰ ਚੁਕਾਈ ਗਈ। ਇਹ ਸਮਾਗਮ ਇੱਥੋਂ ਦੇ ਇਨਡੋਰ ਸਟੇਡੀਅਮ ਵਿਚ ਕੀਤਾ ਗਿਆ, ਜਿਹੜਾ ਚਾਰੇ ਪਾਸਿਆਂ ਤੋਂ ਬੰਦ ਸੀ ਅਤੇ ਗਰਮੀ ਵਿਚ ਉੱਥੇ ਬੈਠਣਾ ਔਖਾ ਹੋ ਰਿਹਾ ਸੀ। ਹਾਜ਼ਰ ਲੋਕਾਂ ਲਈ ਪਾਣੀ ਦਾ ਪ੍ਰਬੰਧ ਵੀ ਨਹੀਂ ਸੀ ਕੀਤਾ ਹੋਇਆ। ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਮਾਗਮ ਲਈ ਇਸ ਜਗ੍ਹਾ ਦੀ ਚੋਣ ਕਰਨ ’ਤੇ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਹਾਲ ਦੇ ਬੰਦ ਹੋਣ ਕਰਕੇ ਬੁਲਾਰਿਆਂ ਦੀ ਗੱਲ ਸਰੋਤਿਆਂ ਤਕ ਨਹੀਂ ਜਾ ਸਕੀ। ਉਨ੍ਹਾਂ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਸਮਾਗਮ ਵਿਚ ਪ੍ਰਸ਼ਾਸਨ ਵੱਲੋਂ ਭੀੜ ਇਕੱਠੀ ਕਰਨ ਲਈ ਸਰਕਾਰੀ ਮੁਲਾਜ਼ਮਾਂ ਨੂੰ ਬੁਲਾਉਣ ’ਤੇ ਟਕੋਰਾਂ ਕਰਦਿਆਂ ਕਿਹਾ ਕਿ ਸਮਾਗਮ ਦਾ ਸੰਦੇਸ਼ ਸਹੀ ਵਿਅਕਤੀਆਂ ਤਕ ਪੁੱਜਦਾ ਕੀਤੇ ਜਾਣ ਲਈ ਆਮ ਲੋਕਾਂ ਨੂੰ ਬੁਲਾਇਆ ਜਾਣਾ ਚਾਹੀਦਾ ਸੀ। ਸਮਾਗਮ ਵਾਲੀ ਥਾਂ ’ਤੇ ਗਰਮੀ ਜ਼ਿਆਦਾ ਹੋਣ ਕਰਕੇ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਸਮਾਗਮ ਵਿਚਾਲੇ ਹੀ ਛੱਡ ਕੇ ਚਲੇ ਗਏ। ਡਿਪਟੀ ਕਮਿਸ਼ਨਰ ਦੀ ਥਾਂ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਜ਼ਿਲ੍ਹੇ ਲਈ ਪੰਜ ਹੋਰ ਨਸ਼ਾ ਛੁਡਾਊ ਕੇਂਦਰ ਮਨਜ਼ੂਰ ਕਰਨ ਦੀ ਮੰਗ ਕੀਤੀ।
INDIA ਨਸ਼ਾ ਵਿਰੋਧੀ ਦਿਵਸ ਸਮਾਗਮ ਮਾੜੇ ਪ੍ਰਬੰਧਾਂ ਦੀ ਭੇਟ ਚੜ੍ਹਿਆ