ਪੇਸ਼ਕਸ਼:- ਅਮਰਜੀਤ ਚੰਦਰ, ਲੁਧਿਆਣਾ 9417600014
ਬੀਤੇ ਸਾਲਾਂ ਵਾਂਗ ਹੀ ਇਹ 2019 ਸਾਲ ਆਪਣਾ ਸਫਰ ਪੂਰਾ ਕਰਕੇ ਤੁਰ ਗਿਆ। ਨਵਾਂ ਸਾਲ ਸਾਡੇ ਬਰੂਹਾਂ ਤੇ ਆਣ ਖੜਿਆ ਹੈ। ਆਓ ਇਸ ਨਵੇਂ ਸਾਲ ਨੂੰ ਖੁਸ਼ਾਮਦੀਨ ਕਹੀਏ ਅਤੇ ਜਾ ਰਹੇ ਸਾਲ ਨੂੰ ਵਿਦਾਈ ਦਈਏ। ਬੀਤ ਰਹੇ ਸਾਲ ਨੂੰ ਅਲਵਿਦਾ ਕਹਿਣ ਦੇ ਨਾਲ ਨਾਲ ਸਾਨੂੰ ਨਵੀ ਸੋਚ ਅਤੇ ਨਵੇ ਸੰਕਲਪ ਬਾਰੇ ਜਰੂਰ ਅਹਿਦ ਕਰਨਾ ਪਵੇਗਾ ਕਿ ਜੋ ਸਾਡੇ ਕੋਲੋ ਇਸ ਸਾਲ ਵਿਚ ਮਾੜਾ ਹੋਇਆ ਹੈ ਉਹ ਆਉਣ ਵਾਲੇ ਸਾਲ ਦੇ ਅੰਦਰ ਨਾ ਹੋਵੇ।ਦਿਨ, ਮਹੀਨੇ ਸਾਲ ਇਹ ਤਾਂ ਬੀਤਦੇ ਹੀ ਜਾਦੇ ਹਨ,ਦਿਨ ਤੋਂ ਬਾਅਦ ਰਾਤ ਆ ਜਾਂਦੀ ਹੈ, ਮਹੀਨੇ ਦੇ ਬਾਅਦ ਦੂਸਰਾ ਮਹੀਨਾ ਸ਼ੁਰੂ ਹੋ ਜਾਦਾ ਹੈ, ਸਾਲ ਦੇ ਬਾਅਦ ਦੁਸਰਾ ਸਾਲ ਸ਼ੁਰੂ ਹੋ ਜਾਦਾ ਹੈ।ਨਵਾ ਸਾਲ ਸ਼ੁਰੂ ਹੋਣ ਤੇ ਰਿਸ਼ਤੇਦਾਰਾਂ, ਯਾਰਾਂ ਦੋਸਤਾਂ ਵਲੋਂ ਸ਼ੁਭ ਇਸ਼ਾਵਾਂ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਦੁਆ ਕਰਦੇ ਕਿ ਨਵਾ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਭਰਿਆ ਆਵੇ।ਨਵਾ ਸਾਲ ਸ਼ੁਰੂ ਹੋਣ ਤੇ ਸ਼ੋਸ਼ਲ ਮੀਡੀਆ ਉਤੇ ਤਰ੍ਹਾਂ-ਤਰ੍ਹਾਂ ਦੇ ਸੰਕਲਪ ਲੈਣ ਦੇ ਵਾਅਦੇ ਕਰਦੇ ਹਨ।ਪਰ ਇਹ ਸੰਕਲਪ ਤੇ ਵਾਅਦੇ ਸਿਰਫ ਸ਼ੋਸ਼ਲ ਮੀਡੀਆ ਤੱਕ ਹੀ ਸੀਮਿਤ ਰਹਿ ਜਾਦੇ ਹਨ, ਇਕ ਅੱਧੇ ਦਿਨ ਤੱਕ ਤਾਂ ਸ਼ੋਸ਼ਲ ਮੀਡੀਆ ਤੇ ਖੂਬ ਇਸ ਦੀ ਚਰਚਾ ਰਹਿੰਦੀ ਹੈ। ਜਿਵੇਂ ਹੀ ਕਲੰਡਰ ਤੇ ਤਰੀਕ ਬਦਲਦੀ ਹੈ ਤਾਂ ਸੱਭ ਕੁਝ ਭੁੱਲ-ਭੁਲਾ ਦਿੱਤਾ ਜਾਂਦਾ ਹੈ ਤੇ ਜਿੰਦਗੀ ਨੂੰ ਪਹਿਲੇ ਦੀ ਤਰ੍ਹਾਂ ਆਪਣੀ ਲੀਹ ਤੇ ਲੈ ਆਉਦੇ ਹਨ। ਅੱਜ ਲੋੜ ਹੈ ਸਾਨੂੰ ਕੀਤੇ ਹੋਏ ਵਾਅਦੇ ਪੂਰੇ ਕਰਨ ਦੀ ਤਾਂ ਜੋ ਅਸੀ ਆਪਣੀ ਆਉਣ ਵਾਲੀ ਪੀੜ੍ਹੀ ਲਈ ਇਕ ਮਿਸਾਲ ਬਣ ਸਕੀਏ।ਸਾਲ 2019 ਵਿਚ ਕਈ ਰਾਜਸੀ ਉਥਲ-ਪੁਥਲ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਵੀ ਬਹੁਤ ਹੋਈਆਂ। ਕੁਝ ਮਿੱਠੀਆਂ ‘ਤੇ ਕੁਝ ਕੁਸੈਲੀਆਂ ਯਾਂਦਾ ਅੱਜ ਵੀ ਸਾਡੇ ਮਨਾਂ ‘ਚੋ ਖਾਰਜ ਨਹੀ ਹੋਈਆਂ, ਸਾਡੇ ਮਹਿਕਮੇ ਨੂੰ ਵੀ ਕਈ ਮੁਸ਼ਕਲਾਂ ‘ਚੋਂ ਲੰਘਣਾ ਪਿਆ ‘ਤੇ ਨਾਲ-ਨਾਲ ਇਸ ਦੇ ਕਰਮਚਾਰੀਆਂ ਨੂੰ ਤੰਗੀਆਂ-ਤ੍ਰਸ਼ੀਆਂ ਨਾਲ ਦੋ-ਚਾਰ ਹੋਣਾ ਪਿਆ। ਕਈ ਸਾਡੇ ਸਾਥੀ ਸਾਡੇ ਤੋਂ ਹਮੇਸ਼ਾਂ ਦੇ ਲਈ ਵਿਛੜ ਗਏ, ਕਈ ਸਾਥੀ ਸੇਵਾ ਮੁਕਤ ਹੋ ਗਏ ਤੇ ਬਹੁਤ ਸਾਰੇ ਸਾਥੀ ਸੇਵਾ ਮੁੱਕਤ ਹੋਣ ਜਾ ਰਹੇ ਹਨ ਜਾਂ ਨੇੜੇ-ਤੇੜੇ ਹਨ।
ਪਿੱਛਲੇ ਸਾਲ ‘ਚ ਅਸੀ ਕੀ ਪਾਇਆ ਅਤੇ ਕੀ ਗੁਆਇਆ:- ਸੱਭ ਤੋਂ ਪਹਿਲ ਸਾਨੂੰ ਪਿੱਛੇ ਵੱਲ ਝਾਤ ਮਾਰਨੀ ਚਾਹੀਦੀ ਹੈ ਅਸੀ ਕਿਹੜੀਆਂ ਗਲਤੀਆਂ ਕੀਤੀਆਂ ਹਨ ਤਾਂ ਜੋ ਨਵੇ ਸਾਲ ਉਹਨਾਂ ਗਲਤੀਆਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕਰੀਏ। ਪਿਛਲੇ ਸਾਲ ਵਿਚ ਅਸੀ ਜੋ ਵੀ ਦੁੱਖ ਪਾਏ ਹਨ ਉਹ ਦੁੱਖ ਨਾ ਆਉਣ, ਉਹਨਾਂ ਦੁੱਖਾਂ ਨੂੰ ਭਲਾਉਦੇ ਹੋਏ ਇਹ ਅਰਦਾਸ ਕਰੀਏ ਕਿ ਸੱਭ ਦਾ ਭਲਾ ਹੋਵੇ,ਇਸ ਨਵੀ ਉਮੀਦ, ਉਮੰਗ ਦੇ ਨਾਲ ਨਵੇ ਸਾਲ ਦੀ ਸ਼ਰੂਆਤ ਕਰੀਏ।
ਮੈਨੂੰ ਆਪਣੇ ਮਹਿਕਮੇ ਵਿਚ ਰਹਿੰਦਿਆਂ ਬਹੁਤ ਸਾਰੀਆਂ ਕੌੜੀਆਂ-ਕੁਸੈਲੀਆਂ ਗੱਲਾਂ ਦਾ ਵੀ ਸਾਹਮਣਾ ਕਰਨਾ ਪਿਆ।ਕਈ ਗੁੱਸੇ ਹੋਏ, ਕਈ ਨਰਾਜ਼ਗੀਆਂ ਹੋਈਆਂ, ਕਈ ਤਾਹਨੇ, ਮਿਹਣੇ ਪੱਲੇ ਪਏ ਜਿਹੜੇ ਹੁਣ ਵੀ ਮੇਰੇ ਚੇਤਿਆਂ ‘ਚ ਗੂੰਜ਼ਦੇ ਨੇ!ਖੈਰ, ਇਹ ਜਿੰਦਗੀ ਹੈ ਇਸ ਵਿਚ ਕਈ ਮੁਸ਼ਕਲਾਂ ਕਈ ਔਕੜਾਂ ਸਾਹਮਣੇ ਆਉਦੀਆਂ ਨੇ, ਇਸ ਤੋਂ ਸਬਕ ਲੈਦਿਆਂ ਸਾਨੂੰ ਅੱਗੇ ਤੋਂ ਚੌਕੰਨੇ ਰਹਿਣਾ ਪਏਗਾ ਤਾਂ ਕਿ ਕਿਸੇ ਵੀ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ।
ਹਾਰ ਅਤੇ ਜਿੱਤ ਜਿੰਦਗੀ ਦੇ ਦੋ ਪਹਿਲੂ ਨੇ ।ਕਦੇ ਇਨਸਾਨ ਹਾਰ ਜਾਂਦਾ ਹੈ ਅਤੇ ਕਦੇ ਇਨਸਾਨ ਜਿੱਤ ਜਾਂਦਾ ਹੈ ਅਤੇ ਕਦੇ ਜਿੱਤ ਕੇ ਵੀ ਹਾਰ ਜਾਣ ਦਾ ਸਦਮਾ ਉਸ ਨੂੰ ਜਿੰਦਗੀ ਭਰ ਚੋਭਾਂ ਮਾਰਦਾ ਰਹਿੰਦਾ ਹੈ। ਤੁਰਦੇ-ਬੈਠਦੇ-ਜਾਗਦੇ-ਸੁੱਤਿਆਂ ਬਾਰ-ਬਾਰ ਉਹੀ ਸਦਮੇ ਵਾਲਾ ਦ੍ਰਿਸ਼ ਉਸ ਦੇ ਸਾਹਮਣੇ ਉਸ ਦੇ ਦਿਮਾਗ ਤੇ ਰੂਪਮਾਨ ਹੁੰਦਾ ਰਹਿੰਦਾ ਹੈ।ਜਿਸ ‘ਚੋਂ ਉਭਰਣ ਦੇ ਲਈ ਉਸ ਨੂੰ ਕਾਫੀ ਜਦੋ-ਜਹਿਦ ਕਰਨੀ ਪੈਂਦੀ ਹੈ।ਉਹ ਸਾਡੀ ਹਾਰ ਨੂੰ ਮੁਬਾਰਕ ਨਹੀ ਕਹਿੰਦੇ ਪਰ ਅਸੀ ਉਹਨਾਂ ਨੂੰ ਜਿੱਤ ਨੂੰ ਮੁਬਾਰਕ ਜਰੂਰ ਦੇਵਾਂਗੇ।
ਬੇਟੀ ਬਚਾਓ, ਬੇਟੀ ਪੜ੍ਹਾਓ:- ਅਸੀ ਆਪਣੇ ਤੋਂ ਸ਼ੁਰੂਆਤ ਕਰੀਏ ਤੇ ਇਸ ਦਾ ਪ੍ਰਚਾਰ ਕਰੀਏ ਕਿ ਕੁੱਖ ਵਿਚ ਬੇਟੀ ਨੂੰ ਨਹੀ ਮਰਨ ਦੇਵਾਂਗੇ, ਜੋ ਅਜਿਹਾ ਕੰਮ ਕਰੇਗਾ ਉਸ ਦੇ ਵਿਰੁਧ ਅਵਾਜ਼ ਉਠਾਵਾਂਗੇ। ਅਸੀ ਬੇਟੀਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਨੌਕਰੀਆਂ ਵੀ ਕਰਾਵਾਂਗੇ। ਅਸੀ ਲੜਕਾ ਅਤੇ ਲੜਕੀ ਵਿਚ ਕੋਈ ਫਰਕ ਨਹੀ ਸਮਝਾਂਗੇ, ਦੋਹਾਂ ਨੂੰ ਬਰਾਬਰ ਦਾ ਪਿਆਰ ਦੇਵਾਂਗੇ।
ਆਪਣੇ ਕੰਮ ਪ੍ਰਤੀ ਫਰਜ਼:- ਅਸੀ ਆਪਣੇ ਕੰਮ ਪ੍ਰਤੀ ਵੀ ਘੋਖ ਕਰਾਂਗੇ ਕਿ ਕਿਤੇ ਅਸੀ ਆਪਣੇ ਪ੍ਰਤੀ ਕੰਮ-ਚੋਰ ਤਾਂ ਨਹੀ,ਇਸ ਵਿਚ ਅਸੀ ਆਪਣੇ ਆਪ ਨੂੰ ਸੁਧਾਰਾਂਗੇ।ਜਿਸ ਨਾਲ ਆਪਣੇ ਸਮਾਜ ਤੇ ਦੇਸ਼ ਦੀ ਤਰੱਕੀ ਹੋਵੇ।ਆਓ,ਆਪਾਂ ਸੰਕਲਪ ਲਈਏ ਕਿ ਅਸੀ ਆਪਣੇ ਕੰਮ ਪ੍ਰਤੀ ਇਮਾਨਦਾਰ ਰਹਾਂਗੇ,ਅਤੇ ਉਸ ਵਿਚ ਹੋਰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ।
ਨਸ਼ੇ ਤਿਆਗੋ:- ਨਸ਼ਾਂ ਸਾਡੇ ਪੰਜਾਬ ਦੀ ਜਵਾਨੀ ਨੂੰ ਬੜੀ ਤੇਜ਼ੀ ਨਾਲ ਖਤਮ ਕਰਦਾ ਜਾ ਰਿਹਾ ਹੈ।ਸਾਡਾ ਪੰਜਾਬ ਨਸ਼ਿਆਂ ਨਾਲ ਖਾਲੀ ਹੁੰਦਾ ਜਾ ਰਿਹਾ ਹੈ।ਪੰਜਾਬ ਦੀ ਜਵਾਨੀ ਖਤਮ ਹੁੰਦੀ ਜਾ ਰਹੀ ਹੈ,ਇਸ ਕਲੰਕ ਨੂੰ ਖਤਮ ਕਰਨ ਦੇ ਲਈ ਆਓ ਨਵੇ ਸਾਲ ਵਿਚ ਸੰਕਲਪ ਲਈਏ ਕਿ ਅਸੀ ਕਿਸੇ ਵੀ ਪ੍ਰਕਾਰ ਦਾ ਨਸ਼ਾਂ ਨਹੀ ਕਰਾਂਗੇ,ਸਗੋਂ ਨਸ਼ ਕਰਨ ਵਾਲੇ ਦਾ ਨਸ਼ਾਂ ਛਡਾਉਣ ਦੇ ਲਈ ਅਸੀ ਸਾਰੇ ਇਕੱਠੇ ਹੋ ਕੇ ਇਕ ਦੂਜੇ ਦੀ ਹਰ ਪ੍ਰਕਾਰ ਦੀ ਮਦਦ ਕਰਾਂਗੇ।
ਭ੍ਰਿਸ਼ਟਾਚਾਰ ਤੇ ਰਿਸ਼ਵਤ:- ਭ੍ਰਿਸ਼ਟਾਚਾਰ ਤੇ ਰਿਸ਼ਵਤ ਇਹ ਦੋਨੋ ਬਘਿਆੜ ਸਾਡੇ ਦੇਸ਼ ਨੂੰ ਖਾ ਰਹੇ ਹਨ।ਇਹ ਕੋਹੜ ਸਾਡੇ ਦੇਸ਼ ਵਿਚ ਬੜਾ ਤੇਜ਼ੀ ਨਾਲ ਫੈਲ ਰਿਹਾ ਹੈ। ਆਓ ਸੰਕਲਪ ਕਰੀਏ ਕਿ ਅਸੀ ਆਉਣ ਵਾਲੇ ਨਵੇ ਸਾਲ ਵਿਚ ਭ੍ਰਿਸ਼ਟਾਚਾਰ ਤੇ ਰਿਸ਼ਵਤ ਦਾ ਹਿੱਸਾ ਨਹੀ ਬਣਾਂਗੇ ਅਤੇ ਨਾ ਹੀ ਕਿਸੇ ਨੂੰ ਬਣਨ ਦੇਵਾਂਗੇ ਅਤੇ ਜੋ ਰਿਸ਼ਵਤ ਮੰਗੇਗਾ ਉਸ ਵਿਰੁਧ ਅਵਾਜ਼ ਉਠਾਵਾਂਗੇ।ਇਹ ਸੁਨੇਹਾ ਅਸੀ ਜਨਜਨ ਤੱਕ ਪਹੁੰਚਾ ਕੇ ਉਹਨਾਂ ਨੂੰ ਸੁਚੇਤ ਕਰਾਂਗੇ।
ਗਰੀਬਾਂ ਦੀ ਮਦਦ ਕਰਨੀ:- ਦੇਸ਼ ਦੀ ਅਰਥਵਿਵਸਥਾ ਸਹੀ ਰੱਖਣ ਵਾਸਤੇ ਅਮੀਰ ਤੇ ਗਰੀਬ ਵਿਚਲਾ ਪਾੜਾ ਖਤਮ ਹੋਣਾ ਚਾਹੀਦਾ ਹੈ।ਅਮੀਰ ਲੋਕਾਂ ਨੂੰ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ।ਮਜਦੂਰ ਦੀ ਮਿਹਨਤ ਮਜ਼ਦੂਰੀ ਮਜ਼ਦੂਰ ਦਾ ਮੁੜਕਾ ਸੁੱਕਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ।ਆਓ ਸੰਕਲਪ ਲਈਏ ਕਿ ਅਸੀ ਮਜ਼ਦੂਰ ਦਾ ਹੱਕ ਨਹੀ ਰੱਖਾਂਗੇ ਅਸੀ ਗਰੀਬ ਦੀ ਮਿਹਨਤ ਮਜ਼ਦੂਰੀ ਉਸ ਦਾ ਮੁੜਕਾ ਸੁੱਕਣ ਤੋਂ ਪਹਿਲਾਂ ਦੇਵਾਂਗੇ। ਉਹਨਾਂ ਨੂੰ ਤਨ ਢਕਣ ਨੂੰ ਕੱਪੜਾ ਤੇ ਖਾਣ ਨੂੰ ਰੋਟੀ ਮਹੱਈਆ ਕਰਵਾਵਾਂਗੇ।
ਤੁਰਦੇ ਕਾਫਲੇ ‘ਚੋਂ ਰਾਹੀਆਂ ਦੇ ਵਿਛੜ ਜਾਣ ਤੇ ਸਦਮਾ ਵੀ ਹੈ ਤੇ ਗਿਲ੍ਹਾ ਵੀ ਹੈ ਕਿ ਅਸੀ ਉਨਾਂ ਨੂੰ ਮੁੜ ਆਉਣ ਦੇ ਲਈ ਅਵਾਜ਼ ਵੀ ਨਹੀ ਮਾਰ ਸਕਦੇ, ਸਾਡੀ ਅਵਾਜ਼ ਉਹਨਾਂ ਦੇ ਕੰਨੀ ਪੈਂਦੀ ਹੀ ਨਹੀ, ਮੁੜ ਆਉਣ ਕਿਵੇ। ਕੁਦਰਤ ਦੇ ਨਿਯਮ ਤਾਂ ਹਨ ਅਤੇ ਸਾਨੂੰ ਉਸ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਜਿੰਦਗੀ ਵਿਚ ਅਗਾਂਹ ਤੁਰਦੇ ਰਹਿਣਾ ਪੈਂਦਾ ਹੈ। ਅਸੀ ਸਾਰੇ ਰਲ ਕੇ ਵੀ ਉਸ ਦੇ ਕਨੂੰਨ ਜਾਂ ਨਿਯਮਾਂ ਨੂੰ ਬਦਲ ਨਹੀ ਸਕਦੇ।
ਸੋ ਸਾਥੀਓ, ਮੈਂ ਤਾਂ ਮ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਨਵਾ ਸਾਲ ਹਰੇਕ ਦੀ ਜਿੰਦਗੀ ਵਿਚ ਖੁਸ਼ੀਆਂ ਤੇ ਖੁਸ਼ਹਾਲੀ ਲਿਆਵੇ। ਸੰਸਾਰ ਵਿਚ ਸੁਖ-ਸ਼ਾਤੀ ਦਾ ਪਸਾਰਾ ਹੋਵੇ। ਹਰੇਕ ਇਨਸਾਨ ਦੇ ਢਿੱਡ ਵਿਚ ਰੋਟੀ ਤੇ ਸਿਰ ਤੇ ਛੱਤ ਹੋਵੇ। ਵੈਰ ਵਿਰੋਧ ਦਾ ਖਾਤਮਾ ਹੋਵੇ। ਭਾਈਚਾਰਾ ਵਧੇ, ਸਾਰੇ ਮਸਲੇ ਗਲਬਾਤ ਅਤੇ ਸ਼ਾਤੀ ਨਾਲ ਹੱਲ ਹੋਣ। ਸਭਨਾ ਦੇ ਚਾਅ ਮਲਾਰ ਪ੍ਰਵਾਨ ਚੜਣ। ਕਿਸੇ ਦਾ ਪੁੱਤ ਕਿਸੇ ਦਾ ਪਤੀ, ਕਿਸੇ ਭੈਣ ਦਾ ਭਰਾ ਦਾ ਸਦੀਵੀ ਵਿਛੋੜਾ ਨਾ ਪਵੇ। ਹਰੇਕ ਘਰ ਦੇ ਵਿਹੜੇ ਵਿਚ ਖੁਸ਼ੀਆਂ ਦੇ ਢੋਲ ਵੱਜਣ, ਸੁਹਾਗ ਗਾਏ ਜਾਣ, ਹਰ ਪਾਸੇ ਖਿੜਿਆ ਹੋਇਆ ਆਲਮ ਹੋਵੇ, ਮੇਰੇ ਵਲੋਂ ਸਭ ਸਾਥੀਆਂ ਨੂੰ 2020 ਸਾਲ ਮੁਬਾਰਕ ਹੋਵੇ।