ਖੰਨਾ (ਸਮਾਜਵੀਕਲੀ): ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਠੇਕਾ ਭਰਤੀ ’ਤੇ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਲਾਇਆ ਧਰਨਾ ਅੱਜ ਦੂਜੇ ਦਿਨ ਜਾਰੀ ਰਿਹਾ। ਧਰਨੇ ਦੀ ਅਗਵਾਈ ਕਰਦਿਆਂ ਬਲਾਕ ਪ੍ਰਧਾਨ ਨਿਰਭੈ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ 12 ਸਾਲਾਂ ਤੋਂ ਜਿੱਥੇ ਅਸੀਂ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਯੋਗਦਾਨ ਪਾ ਰਹੇ ਹਾਂ, ਉੱਥੇ ਪਿੰਡਾਂ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿਚ ਵੀ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ ਪਰ ਸਰਕਾਰ ਰੈਗੂਲਰ ਦੀ ਮੰਗ ਤੋਂ ਵਾਰ-ਵਾਰ ਟਾਲਾ ਵੱਟ ਰਹੀ ਹੈ।
ਉਨ੍ਹਾਂ ਦੱਸਿਆ ਕਿ 2016 ਤੋਂ ਲਗਾਤਾਰ ਰੈਗੂਲਰ ਕਰਨ ਦਾ ਕੇਸ ਵਿਭਾਗ ਵੱਲੋਂ ਲਟਕਾਇਆ ਜਾ ਰਿਹਾ ਹੈ, ਜਦੋਂ ਕਿ ਜਿਸ ਕਿਸੇ ਬਲਾਕ ਵਿੱਚ ਵੀ ਰੈਗੂਲਰ ਮੁਲਾਜ਼ਮਾਂ ਦੀ ਘਾਟ ਹੁੰਦੀ ਹੈ, ਉੱਥੇ ਝੱਟ ਸਾਰਾ ਕੰਮ ਨਰੇਗਾ ਮੁਲਾਜ਼ਮਾਂ ਤੋਂ ਕਰਵਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰੈਗੂਲਰ ਨਹੀਂ ਕੀਤਾ ਜਾਂਦਾ, ਕਿਸੇ ਵੀ ਕੀਮਤ ਤੇ ਧਰਨਾ ਖ਼ਤਮ ਨਹੀਂ ਕਬਰਨਗੇ। ਇਸ ਮੌਕੇ ਸ਼ਮਿੰਦਰ ਸਿੰਘ, ਚਰਨ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਗੌਰਵ ਵਰਮਾ ਹਾਜ਼ਰ ਸਨ।