ਕਿਸਾਨਾਂ ਨੂੰ ਰਾਸ ਨਾ ਆਈ ਝੋਨੇ ਦੀ ਸਿੱਧੀ ਬਿਜਾਈ

ਮਾਛੀਵਾੜਾ (ਸਮਾਜਵੀਕਲੀ) :  ਕਰੋਨਾਵਾਇਰਸ ਕਾਰਨ ਪੰਜਾਬ ’ਚ ਮਜ਼ਦੂਰਾਂ ਦੀ ਘਾਟ ਦਾ ਵੱਡਾ ਸੰਕਟ ਖੜਾ ਹੋ ਗਿਆ ਸੀ, ਜਿਸ ’ਤੇ ਪੰਜਾਬ ਸਰਕਾਰ ਵੱਲੋਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰ ਕੇ ਕੁਦਰਤੀ ਸੋਮੇ ਪਾਣੀ ਦਾ ਬਚਾਅ ਕੀਤਾ ਜਾਵੇ। ਮਜ਼ਦੂਰਾਂ ਦੀ ਘਾਟ ਕਾਰਨ ਪੰਜਾਬ ’ਚ ਕਈ ਕਿਸਾਨਾਂ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰ ਦਿੱਤੀ ਸੀ ਪਰ ਉਹ ਰਾਸ ਨਾ ਆਈ ਜਿਸ ’ਤੇ ਉਹ ਹੁਣ ਇਸ ਨਵੇਂ ਬੀਜੇ ਝੋਨੇ ਨੂੰ ਖੇਤਾਂ ਵਿਚ ਵਾਹ ਕੇ ਪੁਰਾਣੇ ਢੰਗ ਨਾਲ ਹੀ ਕੱਦੂ ਕਰਨ ’ਚ ਜੁਟ ਗਏ ਹਨ।

ਮਾਛੀਵਾੜਾ ਇਲਾਕੇ ਦੀ ਗੱਲ ਕਰੀਏ ਤਾਂ ਇੱਥੋਂ ਖੇਤੀਬਾੜੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਕਰੀਬ 2000 ਏਕੜ ਝੋਨੇ ਦੀ ਸਿੱਧੀ ਬਿਜਾਈ ਹੋਈ ਕਿਉਂਕਿ ਕਿਸਾਨਾਂ ਨੂੰ ਜਾਪਦਾ ਸੀ ਕਿ ਇਸ ਵਾਰ ਮਜ਼ਦੂਰ ਨਹੀਂ ਮਿਲਣੇ, ਜਿਸ ਕਾਰਨ ਮਸ਼ੀਨ ਨਾਲ ਸਿੱਧੀ ਬਿਜਾਈ ਕਰ ਦਿੱਤੀ ਜਾਵੇ। ਦੂਸਰੇ ਪਾਸੇ ਜ਼ਿਆਦਾਤਰ ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਬੱਸਾਂ ਰਾਹੀਂ ਮਜ਼ਦੂਰ ਲਿਆ ਕੇ ਪੁਰਾਣੇ ਢੰਗ ਨਾਲ ਹੀ ਖੇਤਾਂ ’ਚ ਨੱਕੋ-ਨੱਕ ਪਾਣੀ ਛੱਡ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਹੁਣ ਇਹ ਡਰ ਸਤਾਉਣ ਲੱਗ ਪਿਆ ਹੈ ਕਿ ਇਸ ਤਕਨੀਕ ਨਾਲ ਫਸਲ ਦਾ ਝਾੜ ਘੱਟ ਨਾ ਨਿਕਲੇ ਅਤੇ ਇਸ ਤੋਂ ਇਲਾਵਾ ਮਜ਼ਦੂਰਾਂ ਦੀ ਘਾਟ ਵੀ ਦੂਰ ਹੋ ਗਈ, ਜਿਨ੍ਹਾਂ ਹੁਣ ਖਰਚੇ ਦੀ ਪ੍ਰਵਾਹ ਕੀਤੇ ਬਿਨਾਂ ਸਿੱਧੀ ਬਿਜਾਈ ਵਾਲਾ ਝੋਨਾ ਵਾਹ ਕੇ ਪੁਰਾਣੇ ਢੰਗ ਨਾਲ ਇਸ ਨੂੰ ਬੀਜਣਾ ਸ਼ੁਰੂ ਕਰ ਦਿੱਤਾ ਹੈ।

ਦੂਸਰੇ ਪਾਸੇ ਸਿੱਧੀ ਬਿਜਾਈ ਕਰਨ ਵਾਲੇ ਕਈ ਕਿਸਾਨਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਜ਼ੋਰਦਾਰ ਮੀਂਹ ਪਿਆ, ਜਿਸ ਕਾਰਨ ਖੇਤਾਂ ’ਚ ਇੱਕ ਪਰਤ ਜੰਮ ਗਈ ਜੋ ਕਿ ਫਸਲ ਲਈ ਨੁਕਸਾਨਦੇਹ ਹੈ, ਇਸ ਲਈ ਉਨ੍ਹਾਂ ਝੋਨੇ ਨੂੰ ਵਾਹੁਣਾ ਹੀ ਚੰਗਾ ਸਮਝਿਆ। ਪਿੰਡ ਲੱਖੋਵਾਲ, ਧਨੂਰ, ਸ਼ਹਿਬਾਜ਼ਪੁਰ ਅਤੇ ਚੱਕਲੀ ਦੇ ਵੱਡੀ ਗਿਣਤੀ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਮਸ਼ੀਨਾਂ ਰਾਹੀਂ ਬੀਜਿਆ ਝੋਨਾ ਵਾਹ ਦਿੱਤਾ। ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ’ਚ ਕਿਸਾਨਾਂ ਨੇ ਕਰੀਬ 100 ਏਕੜ ਤੋਂ ਵੱਧ ਸਿੱਧੀ ਬਿਜਾਈ ਵਾਲਾ ਝੋਨਾ ਵਾਹ ਦਿੱਤਾ ਤੇ ਕਈ ਵਾਹੁਣ ਦੀ ਤਿਆਰੀ ’ਚ ਹਨ ਜਿਸ ਨਾਲ ਸਰਕਾਰ ਦੀ ਕੁਦਰਤੀ ਸੋਮਾ ਪਾਣੀ ਬਚਾਉਣ ਦੀਆਂ ਕੋਸ਼ਿਸ਼ਾਂ ਜਿਆਦਾ ਸਫ਼ਲ ਨਾ ਹੋਈਆਂ।

Previous articleArmed forces given freedom to take any necessary step: Modi
Next articleਨਰੇਗਾ ਮੁਲਾਜ਼ਮਾਂ ਵੱਲੋਂ ਪੱਕੇ ਹੋਣ ਤੱਕ ਡਟੇ ਰਹਿਣ ਦਾ ਅਹਿਦ