ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਸ਼ਹੀਦ ਬਾਬਾ ਸੁੰਦਰ ਸਿੰਘ ਜੀ ਜਥੇਦਾਰ ਅਤੇ ਸਮੂਹ ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ਵਿਚ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ਼ਹੀਦਾਂ ਪਿੰਡ ਧੁਦਿਆਲ ਵਿਖੇ ਸਮੂਹ ਸੰਗਤ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸ਼ਹੀਦੀ ਸਮਾਗਮ ਸ਼ਰਧਾ ਭਾਵਨਾ ਸਾਹਿਤ ਮਨਾਇਆ ਗਿਆ।
ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏੇ ਜਾਣ ਉਪਰੰਤ ਵਿਸ਼ਾਲ ਦੀਵਾਨ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਸਜਾਏ ਗਏ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਭਾਈ ਅਮਨਦੀਪ ਸਿੰਘ ਮਾਤਾ ਕੌਲਾ, ਅੰਮ੍ਰਿਤਸਰ ਵਾਲੇ, ਇੰਟਰਨੈਸ਼ਨਲ ਢਾਡੀ ਜਥਾ ਭਾਈ ਸੁਰਜੀਤ ਸਿੰਘ ਵਾਰਸ, ਅਤੇ ਕਵੀਸ਼ਰੀ ਜਥਾ ਬੀਬੀ ਸੁਪਿੰਦਰ ਕੌਰ, ਬੀਬੀ ਕਰਮਨਜੋਤ ਕੌਰ ਅਤੇ ਸੁਖਮੀਤ ਕੌਰ ਸੰਗਤ ਨੂੰ ਸ਼ਬਦ ਕੀਰਤਨ, ਕਵੀਸ਼ਰੀ ਅਤੇ ਸ਼ਹੀਦੀ ਵਾਰਾਂ ਸਰਵਣ ਕਰਵਾਈਆਂ। ਸਟੇਜ ਦੀ ਸੇਵਾ ਹੈਡ ਗ੍ਰੰਥੀ ਪ੍ਰਚਾਰਕ ਭਾਈ ਸਰਵਣ ਸਿੰਘ ਜੀ ਨੇ ਬਾਖੂੁਬੀ ਨਿਭਾਉਂਦਿਆਂ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸੰਖੇਪ ਜਾਣਕਾਰੀ ਸੰਗਤ ਨੂੰ ਦਿੱਤੀ।
ਇਸ ਮੌਕੇ ਪਿੰਡ ਦੇ ਨੌਜਵਾਨਾਂ ਵਲੋਂ ਛੋਟੇ ਬੱਚਿਆਂ ਕੋਲੋਂ ਗੁਰਬਾਣੀ ਪਾਠ ਸੁਣਿਆਂ ਗਿਆ ਅਤੇ ਬੱਚਿਆਂ ਨੂੰ ਹੌਂਸਲਾ ਅਫਜਾਈ ਲਈ ਸਨਮਾਨਿਤ ਕੀਤਾ ਗਿਆ। ਇਸ ਤਿੰਨੋਂ ਦਿਨ ਗੁਰੂ ਦੇ ਲੰਗਰ ਸ਼ਹੀਦ ਭਾਈ ਸੁੰਦਰ ਸਿੰਘ ਜਥੇਦਾਰ ਜੀ ਦੇ ਪਰਿਵਾਰ ਵਲੋਂ ਅਤੁੱਟ ਵਰਤਾਏ ਗਏ। ਇਸ ਤੋਂ ਦੋ ਦਿਨ ਪਹਿਲਾਂ ਬਾਬਾ ਸੁੰਦਰ ਸਿੰਘ ਜੀ ਦੇ ਅਸਥਾਨ ਤੇ ਚਾਹ ਪਕੌੜੇ ਅਤੇ ਛੋਲੇ ਪੂਰੀਆਂ ਦੇ ਲੰਗਰ ਲਗਾਏ ਗਏ। ਇਸ ਦੌਰਾਨ ਸਮਾਗਮ ਤੋਂ ਇਕ ਦਿਨ ਪਹਿਲਾਂ ਪਿੰਡ ਪੱਧਰ ਤੇ ਨਗਰ ਕੀਰਤਨ ਵੀ ਸ਼ਹੀਦਾਂ ਦੀ ਯਾਦ ਵਿਚ ਸਜਾਏ ਗਏ। ਆਖਿਰ ਵਿਚ ਪ੍ਰਬੰਧਕ ਕਮੇਟੀ ਨੇ ਸਹਿਯੋਗੀਆਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਵਾਰ ਸ਼ਹੀਦੀ ਸਮਾਗਮ 5 ਦਿਨ ਦਾ ਹੋ ਨਿਬੜਿਆ।