ਨਗਰ ਨਿਗਮ ਦੀਆਂ ਦੋ ਵਾਰਡਾਂ 50 ਅਤੇ 71 ਵਿਚ ਹੋਣ ਵਾਲੀ ਜ਼ਿਮਨੀ ਚੋਣ ਲਈ ਅੱਜ ਚੋਣ ਪ੍ਰਚਾਰ ਖਤਮ ਹੋ ਗਿਆ। ਵੋਟਾਂ 21 ਜੂਨ ਨੂੰ ਪੈਣਗੀਆਂ। ਇਸ ਦੌਰਾਨ ਭਾਜਪਾ ਦੇ ਉਮੀਦਵਾਰ ਨੇ ਕਾਂਗਰਸ ’ਤੇ ਧੱਕੇਸ਼ਾਹੀ ਦਾ ਦੋਸ਼ ਲਾਇਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਚੋਣਾਂ ਜਿੱਤਣ ਦਾ ਦਾਅਵਾ ਕੀਤਾ ਹੈ। ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਉਮੀਦਵਾਰਾਂ ਨੇ ਚੋਣ ਪ੍ਰਚਾਰ ਦੌਰਾਨ ਪੂਰਾ ਜ਼ੋਰ ਲਾਇਆ ਹੈ। ਵਾਰਡ ਨੰਬਰ 50 ਵਿਚ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਦਾਨ ਵਿਚ ਹਨ, ਜਦੋਂਕਿ ਵਾਰਡ ਨੰਬਰ 71 ਵਿਚ ਕਾਂਗਰਸ , ਸ਼੍ਰੋਮਣੀ ਅਕਾਲੀ ਦਲ ਅਤੇ ਆਪ ਦੇ ਉਮੀਦਵਾਰ ਮੈਦਾਨ ਵਿਚ ਹਨ। ਕੁਲ 8 ਉਮੀਦਵਾਰ ਚੋਣ ਲੜ ਰਹੇ ਹਨ। ਵਾਰਡ ਨੰਬਰ 50 ਤੋਂ ਭਾਜਪਾ ਉਮੀਦਵਾਰ ਰਾਜ ਕੁਮਾਰ ਜੁਡੋ ਨੇ ਦੋਸ਼ ਲਾਇਆ ਕਿ ਹਾਕਮ ਧਿਰ ਕਾਂਗਰਸ ਵਲੋਂ ਇਸ ਵਾਰਡ ਵਿਚ ਧੱਕੇਸ਼ਾਹੀ ਅਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਕਾਂਗਰਸ ਸਰਕਾਰ ਹੁਣ ਤਕ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ ਅਤੇ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ। ਜ਼ਿਲ੍ਹਾ ਭਾਜਪਾ ਵਲੋਂ ਪ੍ਰਸ਼ਾਸਨ ਨੂੰ ਕੱਲ ਇਸ ਸਬੰਧੀ ਇਕ ਮੰਗ ਪੱਤਰ ਵੀ ਦਿੱਤਾ ਗਿਆ ਸੀ, ਜਿਸ ਵਿਚ ਵਾਰਡ ਵਿਚ ਨੀਮ ਫੌਜੀ ਬਲ ਤੈਨਾਤ ਕਰਨ, ਚੋਣ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਕਰਾਉਣ ਅਤੇ ਸ਼ਨਾਖਤ ਤੋਂ ਬਿਨਾਂ ਕਿਸੇ ਵੀ ਵੋਟਰ ਨੂੰ ਬੂਥ ’ਤੇ ਦਾਖਲ ਨਾ ਹੋਣ ਦੀ ਮੰਗ ਕੀਤੀ ਗਈ ਸੀ। ਇਸੇ ਸਬੰਧ ਵਿਚ ਅੱਜ ਭਾਜਪਾ ਦਫਤਰ ਵਿੱਚ ਇਕ ਮੀਟਿੰਗ ਕੀਤੀ ਗਈ।ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਕਨਵੀਨਰ ਕੁਲਦੀਪ ਧਾਲੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਤਲਵਾਰ ਦੀ ਅਗਵਾਈ ਹੇਠ ਵਲੰਟੀਅਰਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਚੋਣਾਂ ਦੀ ਤਿਆਰੀ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਵਾਰਡ ਨੰਬਰ 50 ਤੋਂ ਵਿਸ਼ਾਲ ਜੋਸ਼ੀ ਨੂੰ ਉਮੀਦਵਾਰ ਬਣਾਇਆ ਹੈ, ਜੋ ਕਿ ਸਾਫ ਸੁਥਰੀ ਛਵੀ ਦੇ ਉਮੀਦਵਾਰ ਹਨ।
INDIA ਨਗਰ ਨਿਗਮ ਜ਼ਿਮਨੀ ਚੋਣ : ਵਾਰਡ ਨੰਬਰ 50 ਅਤੇ 71 ਲਈ ਚੋਣ...