ਪੁਲੀਸ ਨੇ ਨਕਲੀ ਸਬ ਇੰਸਪੈਕਟਰ ਬਣ ਕੇ ਪੰਜਾਬ ਪੁਲੀਸ ਵਿੱਚ ਭਰਤੀ ਕਰਵਾਉਣ ਦਾ ਝਾਂਸਾ ਦੇਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕਰ ਕੇ ਉਸ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ ਆਸ਼ਵੰਤ ਸਿੰਘ ਅਤੇ ਥਾਣਾ ਮੁਖੀ ਦਲਵਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਿੰਡ ਮੰਗਿਆਲ ਦਾ ਰਹਿਣ ਵਾਲੇ ਰੋਹਿਤ ਸ਼ਰਮਾ ਖਿਲਾਫ਼ ਧਾਰਾ 170, 71, 42 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੋਹਿਤ ਸ਼ਰਮਾ ਸਾਲ 2015 ਵਿੱਚ ਦਸਵੀਂ ਵਿੱਚ ਫੇਲ੍ਹ ਹੋ ਗਿਆ ਸੀ ਤੇ ਉਸ ਨੂੰ ਪੁਲੀਸ ਵਿੱਚ ਭਰਤੀ ਹੋਣ ਦਾ ਸ਼ੌਂਕ ਸੀ। ਉਸ ਨੇ ਅੱਜ ਤੋਂ 20 ਦਿਨ ਪਹਿਲਾਂ ਪੁਲੀਸ ਦੀ ਵਰਦੀ ਸਰਨਾ ਤੋਂ ਬਣਵਾਈ ਅਤੇ ਬੈਲਟ ਤੇ ਟੋਪੀ ਪਠਾਨਕੋਟ ਤੋਂ ਖਰੀਦੀ ਅਤੇ ਬੂਟ ਬਣਵਾਏ। ਇਸ ਦੌਰਾਨ ਉਸ ਨੇ ਆਪਣੇ ਦੋਸਤਾਂ ਨੂੰ ਫੋਟੋ ਵੀ ਸ਼ੇਅਰ ਕੀਤੇ ਅਤੇ ਆਪਣੇ ਪਰਿਵਾਰ ਨੂੰ ਵੀ ਵਿਸ਼ਵਾਸ ਵਿੱਚ ਲੈ ਕੇ ਦੱਸਿਆ ਕਿ ਉਹ ਸਬ ਇੰਸਪੈਕਟਰ ਭਰਤੀ ਹੋ ਗਿਆ ਹੈ। ਇਸ ਤਰ੍ਹਾਂ ਉਸ ਨੇ ਨੌਕਰੀ ਲਗਵਾਉਣ ਦੇ ਨਾਂ ’ਤੇ ਝਾਂਸਾ ਦੇਣਾ ਸ਼ੁਰੂ ਕਰ ਦਿੱਤਾ। ਉਸ ਦੇ ਕਿਸੇ ਦੋਸਤ ਨੇ ਆਪਣੇ ਰਿਸ਼ਤੇਦਾਰ ਨੂੰ ਦੱਸਿਆ ਕਿ ਉਸ ਦਾ ਦੋਸਤ ਪੰਜਾਬ ਪੁਲੀਸ ਵਿੱਚ ਨੌਕਰੀ ਲਗਵਾ ਸਕਦਾ ਹੈ ਜਿਸ ਦੇ ਤਹਿਤ ਰੋਹਿਤ ਸ਼ਰਮਾ ਨੇ ਸੁਜਾਨਪੁਰ ਵਿੱਚ ਰਹਿਣ ਵਾਲੇ ਇੱਕ ਲੜਕੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਬੇਟੇ ਦੇ ਸਰਟੀਫੀਕੇਟ ਲਏ ਅਤੇ ਕਿਹਾ ਕਿ ਹਵਾਲਦਾਰ ਲਈ 8 ਲੱਖ ਰੁਪਏ ਅਤੇ ਸਬ ਇੰਸਪੈਕਟਰ ਭਰਤੀ ਕਰਵਾਉਣ ਲਈ 26 ਲੱਖ ਰੁਪਏ ਲੱਗਣਗੇ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹ ਸਬ ਇੰਸਪੈਕਟਰ ਲਈ ਇੰਨੇ ਪੈਸੇ ਤਾਂ ਨਹੀ ਸਕਦੇ ਤੇ ਇਸ ਉਪਰ ਉਸ ਨੇ ਕਿਹਾ ਕਿ ਉਹ ਬੇਟੇ ਨੂੰ ਪੰਜਾਬ ਪੁਲੀਸ ਵਿੱਚ ਹਵਾਲਦਾਰ ਲਗਵਾ ਦੇਵੇਗਾ ਅਤੇ ਉਨ੍ਹਾਂ ਤੋਂ ਅਡਵਾਂਸ 50 ਹਜ਼ਾਰ ਰੁਪਏ ਦੀ ਰਾਸ਼ੀ 3 ਦਿਨ ਪਹਿਲਾਂ ਲੈ ਲਈ। ਇਸ ਦੌਰਾਨ ਰਾਸ਼ੀ ਦੇਣ ਵਾਲਿਆਂ ਨੇ ਜਦ ਇਸ ਸੰਬੰਧੀ ਆਪਣੇ ਕਿਸੇ ਰਿਸ਼ਤੇਦਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਨਾਲ ਠੱਗੀ ਹੋ ਰਹੀ ਹੈ ਜਦ ਇਕ ਦਿਨ ਬਾਅਦ ਰੋਹਿਤ 50 ਹਜ਼ਾਰ ਰੁਪਏ ਦੀ ਰਾਸ਼ੀ ਹੋਰ ਲੈਣ ਲਈ ਉਨ੍ਹਾਂ ਦੇ ਘਰ ਆਇਆ ਤਾਂ ਉਨ੍ਹਾਂ ਇਸ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਜਿਸ ’ਤੇ ਸੁਜਾਨਪੁਰ ਪੁਲੀਸ ਨੇ ਰੋਹਿਤ ਸ਼ਰਮਾ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਦੇ ਘਰ ਤੋਂ ਉਸ ਦੀ ਵਰਦੀ, 2 ਮੋਬਾਈਲ ਫੋਨ ਅਤੇ ਟਰੰਕ ਵਿੱਚ ਰੱਖੇ ਉਕਤ ਲੜਕੇ ਦੇ ਸਰਟੀਫੀਕੇਟ ਬਰਾਮਦ ਕਰ ਲਏ।