(ਸਮਾਜ ਵੀਕਲੀ)
ਮੇਰੇ ਪਿਆਰੇ ਦੋਸਤੋ,
ਤੁਹਾਡੀਆਂ ਸ਼ੁਭਕਾਮਨਾਵਾ ਤੇ ਹੌਂਸਲਾ ਅਫਜਾਈ ਮੇਰੇ ਵਾਸਤੇ ਹਮੇਸ਼ਾ ਹੀ ਐਨਰਜੀ ਬੂਸਟਰ ਦਾ ਕਾਰਜ ਕਰਦੀ ਰਹੀ ਹੈ । ਇਹ ਤੁਹਾਡੀਆਂ ਦਿਲੀ ਦੁਆਵਾਂ ਹੀ ਹਨ ਜੋ ਹਰ ਵਕਤ ਮੈਨੂੰ ਕੁੱਜ ਚੰਗਾ ਕਰਨ ਵਾਸਤੇ ਪ੍ਰੇਰਦੀਆਂ ਹਨ ਤੇ ਮੈਂ ਹਰ ਸਮੇਂ ਤਾਜਾ ਦਮ ਹੋ ਕੇ ਬਿਨਾ ਕਿਸੇ ਥਕਾਵਟ ਆਪਣੀ ਤੁੱਛ ਬੁੱਧੀ ਮੁਤਾਬਿਕ ਨਿਰੰਤਰ ਆਪਣੇ ਸਮਾਜ ਵਾਸਤੇ ਕੁੱਜ ਨ ਕੁੱਜ ਕਰਨ ਲਈ ਤਤਪਰ ਰਹਿੰਦਾ ਹਾਂ ।
ਇਹ ਤੁਹਾਡੀ ਹੱਲਾਸ਼ੇਰੀ ਹੀ ਹੈ ਜਿਸ ਨੇ ਮੇਰੇ ਕੋਲੋਂ ਉਹ ਕਾਰਜ ਕਰਵਾ ਦਿੱਤੇ ਜੋ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਵੱਲੋਂ ਪੋਸਟ ਗਰੇਜੂਏਸ਼ਨ ਕਰਨ ਉਪਰੰਤ ਪੀ ਐਚ ਡੀ ਡਿਗਰੀ ਲੈਣ ਵਾਸਤੇ ਕਈ ਕਈ ਸਾਲ ਝੱਖ ਮਾਰਨ ਤੋਂ ਬਾਅਦ ਸੰਪੂਰਨ ਕੀਤੇ ਜਾਂਦੇ ਹਨ ।
ਤੁਸੀਂ ਮੈਨੂੰ ਹਮੇਸ਼ਾ ਹੀ ਏਨਾ ਮਾਣ ਦਿੱਤਾ ਹੈ ਕਿ ਮੇਰਾ ਸਿਰ ਮਸਤਕ ਆਪ ਸਭ ਅੱਗੇ ਬਹੁਤ ਸਤਿਕਾਰ ਨਾਲ ਆਪਣੇ ਆਪ ਹੀ ਝੁਕ ਜਾਂਦਾ ਹੈ । ਮੈਨੂੰ ਤੁਹਾਡਾ ਧੰਨਵਾਦ ਕਰਨ ਵਾਸਤੇ ਢੁਕਵੇਂ ਸ਼ਬਦਾਂ ਦੀ ਕਮੀ ਮਹਿਸੂਸ ਹੋਣ ਲਗਦੀ ਹੈ, ਜ਼ੁਬਾਨ ਚੁੱਪ ਹੋ ਕੇ ਰਹਿ ਜਾਂਦੀ ਹੈ ਤੇ ਅੱਖਾਂ ਚ ਖ਼ੁਸ਼ੀ ਦੇ ਹੰਝੂ ਆ ਜਾਂਦੇ ਹਨ । ਸੱਚ ਦੱਸਾਂ ! ਅੱਜ ਤੱਕ ਜੋ ਵੀ ਮੇਰੇ ਰਾਹੀਂ ਕੁੱਜ ਚੰਗਾ ਹੋਇਆ ਹੈ, ਉਸ ਵਾਸਤੇ ਮੈਂ ਤਾਂ ਇਕ ਸਾਧਨ ਹਾਂ, ਅਸਲ ਦੇਣ ਤਾਂ ਤੁਹਾਡੀ ਹੈ, ਜਿਹਨਾਂ ਦੁਆਰਾ ਦਿੱਤੀ ਗਈ ਦਿਲਬਰੀ ਨੇ ਮੇਰਾ ਮਨੋਂਬਲ ਕਦੇ ਵੀ ਨਾ ਡਿਗਣ ਦਿੱਤਾ ਤੇ ਨਾ ਹੀ ਕਮਜ਼ੋਰ ਹੋਣ ਦਿੱਤਾ ਹੈ ।
ਤੁਹਾਡੇ ਦੁਆਰਾ ਦਿੱਤੇ ਸਤਿਕਾਰ ਤੇ ਉਤਸ਼ਾਹ ਦਾ ਸਿੱਟਾ ਇਹ ਹੋਇਆ ਕਿ “ਰੰਗਲਾ ਪੰਜਾਬ ਕਿ ਕੰਗਲਾ ਪੰਜਾਬ !!” ਵਰਗੀ ਪੁਸਤਕ ਸਮੁੱਚੇ ਗਲੋਬਲ ਪੰਜਾਬੀ ਭਾਈਚਾਰੇ ਚ ਬਹੁਤ ਹਰਮਨ ਪਿਆਰੀ ਹੋਈ ਤੇ ਉਸ ਦੇ ਇਕ ਸਾਲ ਵਿੱਚ ਹੀ ਦੋ ਅਡੀਸ਼ਨ ਪ੍ਰਕਾਸ਼ਤ ਹੋਏ । ਪੰਜਾਬੀ ਦੀ ਇਹ ਪਹਿਲੀ ਪੁਸਤਕ ਹੈ ਜੋ ਪੰਜਾਬ ਤੋ ਬਾਹਰ, ਬਰਤਾਨੀਆ ਵਰਗੇ ਮੁਲਕ ਦੀਆਂ ਲਾਇਬਰੇਰੀਆਂ ਵਾਸਤੇ ਡਿਜੀਟਲ ਅਡੀਸ਼ਨ ਵਜੋਂ ਪ੍ਰਵਾਨਤ ਹੋਈ । ਅੰਗਰੇਜੀ ਦੀ ਖੋਜ ਭਰਪੂਰ ਵੱਡ ਅਕਾਰੀ ਪੁਸਤਕ 66 Years of panjabis in Leicester – A Socio Analytical Study (2017), ਕੈਂਬਰਿਜ, ਆਕਸਫੋਰਡ, ਡੀ ਮੋਂਟ ਫੋਰਡ, ਲੰਡਨ ਯੂਨੀਵਰਸਿਟੀ, ਟਰਿੰਟੀ ਕਾਲੇਜ, ਬਰਲਿਨ, ਲੈਸਟਰ ਯੂਨੀਵਰਸਿਟੀ, ਲਖਬੋਰੋ ਯੂਨੀਵਰਸਿਟੀ, ਮੇਜੀ ਯੂਨੀਵਰਸਿਟੀ, ਟੋਕਿਓ (ਜਪਾਨ), ਹਾਊਸ ਆਫ ਕਾਮਨਜ, ਹਾਊਸ ਆਫ ਲਾਰਡਜ, ਬਿ੍ਰਟਿਸ਼ ਲਾਇਬਰੇਰੀ, ਲੰਡਨ, ਨੈਸ਼ਨਲ ਲਾਇਬਰੇਰੀ ਵੇਲਜ, ਨੈਸ਼ਨਲ ਲਾਇਬਰੇਰੀ, ਸਕਾਟਲੈਂਡ ਆਦਿ ਵਰਗੇ ਵਿਸ਼ਵ ਪ੍ਰਸਿੱਧ ਅਦਾਰਿਆ ਵਿਚ ਰੈਫਰੈਂਸ ਪੁਸਤਕ ਵਜੋਂ ਪਰਵਾਨਤ ਹੋਈ ।
ਇਸੇ ਤਰਾਂ ਮਨੋਵਿਗਿਆਨ ਵਰਗੇ ਜਟਿੱਲ ਵਿਸ਼ੇ ਉਤੇ ਆਪਣੀ ਤਰਾਂ ਦੀ ਪਹਿਲੀ ਪੁਸਤਕ “Psychology Spectrum – A book on Social Psychology (2018)” ਨੂੰ ਆਪ ਸਭ ਵਲੋ ਬਹੁਤ ਵੱਡਾ ਹੁੰਗਾਰਾ ਮਿਲਿਆ ਤੇ ਇਹ ਪੁਸਤਕ ਵੀ ਵਿਸ਼ਵ ਚ ਇਤਿਹਾਸ ਰਚ ਰਹੀ ਹੈ । ਦੱਸਣਾ ਚਾਹਾਂਗਾ ਕਿ ਮੇਰੇ ਵਲੋਂ ਇਸ ਪੁਸਤਕ ਦੀ ਰਚਨਾ ਅਧਿਆਪਕਾਂ, ਸਿਹਤ ਮਾਹਿਰਾਂ, ਯੂਨੀਵਰਸਿਟੀ ਦੇ ਵਿਦਿਆਰਥੀਆਂ, ਸਿਹਤ ਕਾਮਿਆਂ, ਬੱਚਿਆਂ ਦੇ ਮਾਪਿਆਂ, ਪਰਿਵਾਰਕ ਮੈਂਬਰਾਂ ਆਦਿ ਸਭਨਾ ਵਾਸਤੇ ਲਿਖੀ ਗਈ ਸੀ ਤੇ ਇਸ ਵਿਚ ਉਕਤ ਸਭਨਾ ਵਰਗਾਂ ਵਾਸਤੇ ਹੀ ਨਵੀਂ ਤੇ ਵੱਡਮੁੱਲੀ ਜਾਣਕਾਰੀ ਦਰਜ ਹੈ ।
ਸਾਲ 2020 ਚ ਕਰਤਾਰ ਪੁਰ ਲਾਂਘੇ ਨਾਲ ਸੰਬੰਧਿਤ ਪੁਸਤਕ “ਤਾਰੀਖ ਬੋਲਦੀ ਹੈ – ਗਾਥਾ ਕਰਤਾਰਪੁਰ ਲਾਂਘੇ ਦੀ (History Speaks – The Tale of Kartar Pur Corridor) ਪ੍ਰਕਾਸ਼ਿਤ ਹੋਈ ਜਿਸ ਨੂੰ ਆਪ ਸਭ ਵਲੋਂ ਅਥਾਹ ਪਿਆਰ ਦਿੱਤਾ ਗਿਆ ਜਿਸ ਦਾ ਸਿੱਟਾ ਇਹ ਹੋਇਆ ਕਿ ਉਸ ਪੁਸਤਕ ਨੂੰ ਪਾਕਿਸਤਾਨ ਦੀ ਨਾਮਵਰ ਯੂਨੀਵਰਸਿਟੀ ਗੌਰਮਿੰਟ ਕਾਲੇਜ ਯੂਨੀਵਰਸਿਟੀ ਵਲੋਂ ਉਰਦੂ ਭਾਸ਼ਾ ਚ ਅਨੁਵਾਦ ਕਰਕੇ ਪਾਕਿਸਤਾਨ ਦੇ ਵਿਦਿਅਕ ਤੇ ਜਨਤਕ ਅਦਾਰਿਆ ਚ ਪਹੁੰਚਾਉਣ ਦਾ ਐਲਾਨ ਕੀਤਾ ਗਿਆ, ਜਿਸ ਕਾਰਜ ਉਤੇ ਯੂਨੀਵਰਸਿਟੀ ਵੱਲੋਂ ਕੰਮ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ । ਇਥੇ ਇਰ ਜਿਕਰ ਕਰਨਾ ਬਣਦਾ ਹੈ ਕਿ ਕਰਤਾਰ ਪੁਰ ਸਾਹਿਬ ਦੇ ਗੁਰਦੁਆਰਾ ਤੇ ਕਰਤਾਰ ਪੁਰ ਲਾਂਘੇ ਨਾਲ ਸੰਬੰਧਿਤ ਪੰਜਾਬ ਤੇ ਸਿੱਖ ਇਤਿਹਾਸ ਵਿਚ ਇਸ ਨੂੰ ਪਹਿਲੀ ਪੁਸਤਕ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ ।
ਇਹ ਤੁਹਾਡੇ ਦੁਆਰਾ ਮਿਲੇ ਪਿਆਰ ਦਾ ਹੀ ਪ੍ਰਤੀਫਲ ਹੈ ਕਿ ਜੀਵਨ ਲੜੀ ਤਹਿਤ ਹੁਣ ਤੱਕ ਤਿੰਨ ਪੁਸਤਕਾਂ – ਜੀਵਨ ਵਿਚਾਰਧਾਰਾ, ਜੀਵਨ ਜੁਗਤਾਂ ਤੇ ਜੀਵਨ ਸੇਧਾਂ – ਦੀ ਰਚਨਾ ਕੀਤੀ ਤੇ ਇਹਨਾ ਪੁਸਤਕਾਂ ਨੂੰ ਪੰਜਾਬੀ ਪਾਠਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ । ਇਹਨਾਂ ਤਿੰਨਾਂ ਪੁਸਤਕਾਂ ਚੋ “ਜੀਵਨ ਸੇਧਾਂ” ਨੂੰ ਹੁਣੇ ਜਿਹੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋ ਪੰਜਾਬ ਦੇ ਲਗਭਗ 53000 ਪ੍ਰਾਇਮਰੀ, ਮਿਡਲ, ਹਾਈ ਅਤੇ ਹਾਇਰ ਸੈਕੰਡਰੀ ਸਕੂਲਾਂ ਦੀਆ ਲਾਇਬਰੇਰੀਆਂ ਵਾਸਤੇ ਪਰਵਾਨਤ ਕੀਤਾ ਹੈ । ਇਹ ਪੁਸਤਕ ਵਿਭਾਗ ਵੱਲੋਂ ਪ੍ਰਾਈਵੇਟ (Aided and unaided) ਸਕੂਲਾਂ ਦੀਆਂ ਲਾਇਬ੍ਰੇਰੀਆਂ ਵਾਸਤੇ ਵੀ ਪਰਵਾਨਤ ਕੀਤੀ ਗਈ ਹੈ ਜੋ ਕਿ ਆਪਾਂ ਸਭਨਾ ਵਾਸਤੇ ਹੀ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ।
ਇਸ ਤੋਂ ਇਲਾਵਾ ਮੇਰੀਆ ਕੁੱਜ ਪੁਸਤਕਾ ਭਾਸ਼ਾ (Language), History “ਪੰਜਾਬ ਦੁਖਾਂਤ ਬੀਤੇ ਦੱਸ ਵਰ੍ਹੇ (1981 – 1991) ਵੀ ਪੰਜਾਬੀ ਸਾਹਿਤ ਦਾ ਖ਼ਾਸਾ ਹਨ । “ਜੀਵਨ ਸੇਧਾਂ” ਪੁਸਤਕ ਅਤੇ ਬਾਕੀ ਸਮੂਹ ਪੁਸਤਕਾਂ ਸੰਬੰਧੀ ਆਪ ਜੀ ਵੱਲੋਂ ਮਿਲੀ ਭਰਪੂਰ ਵਧਾਈ ਤੇ ਹੌਂਸਲਾ ਅਫਜਾਈ ਵਾਸਤੇ ਮੈਂ ਆਪ ਸਭ ਦਾ ਇਕ ਵਾਰ ਫਿਰ ਤਹਿ ਦਿਲੋਂ ਮਸ਼ਕੂਰ ਹਾਂ ਤੇ ਇਸ ਦੇ ਨਾਲ ਆਪ ਸਭ ਨਾਲ ਇਹ ਵਾਅਦਾ ਕਰਦਾ ਹਾਂ ਕਿ ਹਮੇਸ਼ਾ ਕੁੱਜ ਨ ਕੁੱਜ ਚੰਗਾ ਕਰਨ ਵਾਸਤੇ ਕਾਰਜਸ਼ੀਲ ਰਹਾਂਗਾ । ਬਹੁਤ ਸਾਰੇ ਦੋਸਤਾਂ ਨੇ ਮੇਰੀਆ ਲਿਖਤਾਂ ਨੂੰ ਖਰੀਦਣ ਦੀ ਇੱਛਾ ਪ੍ਰਗਟਾਈ ਹੈ, ਉਹਨਾਂ ਦੀ ਸਹੂਲਤ ਵਾਸਤੇ ਇਸ ਲਿਖਤ ਚ ਇਕ ਤਸਵੀਰ ਸ਼ਾਮਿਲ ਕਰ ਦਿੱਤੀ ਗਈ ਹੈ ਜਿਸ ਚ ਦਿੱਤੇ ਪਤੇ ‘ਤੇ ਸੰਪਰਕ ਕਰਕੇ ਆਪੋ ਆਪਣੀ ਮਨਪਸੰਦ ਪੁਸਤਕ/ਪੁਸਤਕਾਂ ਦੀ ਕਾਪੀ/ ਕਾਪੀਆਂ ਪ੍ਰਾਪਤ ਕਰ ਸਕਦੇ ਹਨ ਜੀ । ਇਕ ਵਾਰ ਫਿਰ ਹਿਰਦੇ ਦੀ ਗਹਿਰਾਈ ਤੋਂ ਸਭਨਾ ਦਾ ਧੰਨਵਾਦ, ਤੁਸੀਂ ਮੇਰਾ ਮਾਣ ਹੋ ਤੇ ਮੈਂ ਹਮੇਸ਼ਾ ਤੁਹਾਡਾ ਮਾਣ ਵਧਾਉਣ ਲਈ ਕਾਰਜਸ਼ੀਲ ਰਹਾਂਗਾ ।
– ਸ਼ਿੰਗਾਰਾ ਸਿੰਘ ਢਿੱਲੋਂ (ਪ੍ਰੋ:)
08/03/2021