ਪਾਇਲ- ਖੰਨਾ-ਮਾਲੇਰਕੋਟਲਾ ਰੋਡ ’ਤੇ ਪੈਂਦੇ ਪਿੰਡ ਫਤਿਹਪੁਰ ਵਿਚ ਸੰਘਣੀ ਧੁੰਦ ਹੋਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਕੈਂਟਰ ਅਤੇ ਟਿੱਪਰ ਦੀ ਟੱਕਰ ਹੋ ਗਈ। ਟਿੱਪਰ ਦੀ ਤੇਲ ਵਾਲੀ ਟੈਂਕੀ ਫਟ ਜਾਣ ਕਾਰਨ ਟਿੱਪਰ ਨੂੰ ਅਤੇ ਕੈਂਟਰ ਦੇ ਕੈਬਿਨ ਵਿਚ ਅੱਗ ਲੱਗ ਗਈ। ਇਸ ਕਾਰਨ ਕੈਂਟਰ ਦਾ ਦਾ ਕੈਬਿਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਉਦੋਂ ਤੱਕ ਲੋਕਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ।
ਘਟਨਾ ਸਥਾਨ ਤੋਂ ਇਕੱਤਰ ਜਾਣਕਾਰੀ ਅਨੁਸਾਰ ਸਵੇਰੇ ਬੈਨੀਪਾਲ ਢਾਬੇ ਤੋਂ ਇੱਕ ਬਜਰੀ ਨਾਲ ਭਰਿਆ ਟਿੱਪਰ ਜਦੋਂ ਮੁੱਖ ਸੜਕ ’ਤੇ ਚੜ੍ਹਿਆ ਤਾਂ ਮਾਲੇਰਕੋਟਲਾ ਵੱਲੋਂ ਆ ਰਹੇ ਸਕਰੈਪ ਨਾਲ ਭਰੇ ਕੈਂਟਰ ਦੀ ਸੰਘਣੀ ਧੁੰਦ ਹੋਣ ਕਾਰਨ ਟਿੱਪਰ ਨਾਲ ਟੱਕਰ ਹੋ ਗਈ। ਇਸ ਭਿਆਨਕ ਟੱਕਰ ਨਾਲ ਟਿੱਪਰ ਦੀ ਤੇਲ ਵਾਲੀ ਟੈਂਕੀ ਫਟ ਗਈ ਜਿਸ ਕਾਰਨ ਕੈਂਟਰ ਦੇ ਕੈਬਿਨ ਨੂੰ ਅੱਗ ਲੱਗ ਗਈ ਜੋ ਸੜਕੇ ਸੁਆਹ ਹੋ ਗਿਆ। ਉਸ ਸਮੇਂ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਕੈਂਟਰ ਦੇ ਕੈਬਿਨ ਵਿੱਚ ਫਸੇ ਡਰਾਈਵਰ ਹਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਨੂੰ ਜੱਦੋ-ਜਹਿਦ ਨਾਲ ਬਾਹਰ ਕੱਢਿਆ। ਉਸ ਦੀ ਇੱਕ ਲੱਤ ਟੁੱਟ ਗਈ ਤੇ ਦੂਜੀ ਅੱਗ ਨਾਲ ਝੁਲਸ ਗਈ। ਉਸ ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਖੰਨਾ ਵਿਚ ਦਾਖ਼ਲ ਕਰਵਾਇਆ ਗਿਆ।
ਇਹ ਹਾਦਸਾ ਵਾਪਰਨ ਸਮੇਂ ਮਾਲੇਰਕੋਟਲਾ ਵੱਲੋਂ ਆ ਰਹੀ ਬੋਲੈਰੋ ਜੀਪ ਦੇ ਡਰਾਈਵਰ ਨੇ ਅੱਗੇ ਟਰੱਕ ਨੂੰ ਅੱਗ ਲੱਗੀ ਦੇਖ ਕੇ ਇੱਕਦਮ ਬਰੇਕ ਲਗਾ ਦਿੱਤੀ। ਇਸ ਕਾਰਨ ਜੀਪ ਦੇ ਪਿੱਛੋਂ ਆ ਰਹੀ ਦੂਜੀ ਦੁੱਧ ਵਾਲੀ ਬੋਲੈਰੋ ਗੱਡੀ ਨੇ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਰ ਕੇ ਗੱਡੀ ਦਾ ਭਾਰੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਇਸ ਹਾਦਸੇ ਕਾਰਨ ਮੇਨ ਸੜਕ ’ਤੇ ਦੋਵੇਂ ਪਾਸੇ ਵਾਹਨਾਂ ਦਾ ਜਾਮ ਲੱਗ ਗਿਆ। ਇਸ ਨੂੰ ਪੁਲੀਸ ਚੌਕੀ ਈਸੜੂ ਦੇ ਹੌਲਦਾਰ ਅਮਰਜੀਤ ਸਿੰਘ ਨੇ ਪਿੰਡ ਫਤਹਿਪੁਰ ਵਿਚੋਂ ਦੀ ਆਵਾਜਾਈ ਸ਼ੁਰੂ ਕਰ ਕੇ ਜਾਮ ਖੁੱਲ੍ਹ ਵਾਇਆ।
ਮੌਕੇ ’ਤੇ ਪੁੱਜੇ ਐੱਸਐੱਚਓ ਸਦਰ ਖੰਨਾ ਬਲਜਿੰਦਰ ਸਿੰਘ ਬਾਠ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਾਸੀਆਂ ਮੁਤਾਬਿਕ ਟਿੱਪਰ ਚਾਲਕ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ।
ਜ਼ਿਕਰਯੋਗ ਹੈ ਕਿ ਘਟਨਾ ਸਥਾਨ ’ਤੇ ਨਾ ਤਾਂ ਸਮੇਂ ਸਿਰ ਐਂਬੂਲੈਂਸ ਅਤੇ ਨਾ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ।
INDIA ਧੁੰਦ ਕਾਰਨ ਕੈਂਟਰ ਤੇ ਟਿੱਪਰ ਭਿੜੇ, ਡਰਾਈਵਰ ਜ਼ਖ਼ਮੀ