ਧਾਰੀਵਾਲ- ਸਵਾ ਦੋ ਸਾਲ ਤੋਂ ਤਨਖਾਹਾਂ ਨਾ ਮਿਲਣ ਕਰਕੇ ਤੰਗ ਆਏ ਨਿਊ ਇਜਰਟਨ ਵੂਲਨ ਮਿੱਲਜ਼ ਧਾਰੀਵਾਲ ਦੇ ਮਜ਼ਦੂਰਾਂ ਦੀ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਅਧੀਨ ਚੱਲ ਰਹੀ ਉੱਕਤ ਮਿੱਲ ਦੇ ਸਮੂਹ ਮਜ਼ਦੂਰਾਂ ਨੇ ਮਿੱਲ ਦੀਆਂ ਸਮੂਹ ਮਜ਼ਦੂਰ ਜਥੇਬੰਦੀਆਂ ਦੀ ਅਗਵਾਈ ਹੇਠ ਰੋਸ ਰੈਲੀ ਕਰਕੇ ਕੇਂਦਰ ਸਰਕਾਰ, ਕੇਂਦਰੀ ਕੱਪੜਾ ਮੰਤਰੀ ਅਤੇ ਮਿੱਲ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ। ਮਿੱਲ ਮਜ਼ਦੂਰ ਦੀ ਰੈਲੀ ਵਿੱਚ ਅੱਜ ਜਨ ਕਲਿਆਣ ਸੇਵਾ ਸੁਸਾਇਟੀ ਦੇ ਆਗੂਆਂ ਪਵਨ ਮਿਸਰਾ ਜਲੰਧਰ, ਰਵੀਸ਼ ਭਨੋਟ, ਨਰਿੰਦਰ ਪਰਿੰਜਾ ਨੇ ਪਹੁੰਚ ਕੇ ਮਿੱਲ ਮਜ਼ਦੂਰਾਂ ਨਾਲ ਹਮਦਰਦੀ ਕੀਤੀ ਅਤੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਮਜ਼ਦੂਰ ਮਾਰੂ ਨੀਤੀ ਦੀ ਅਲੋਚਨਾ ਕੀਤੀ। ਰੈਲੀ ਨੂੰ ਮਿੱਲ ਮਜ਼ਦੂਰ ਆਗੂਆਂ ਪ੍ਰਧਾਨ ਬਲਰਾਜ ਸਿੰਘ, ਪ੍ਰਧਾਨ ਸੁਸ਼ੀਲ ਕੁਮਾਰ, ਪ੍ਰਧਾਨ ਤਰਸੇਮ ਮਸੀਹ ਲਾਭਾ, ਪ੍ਰਧਾਨ ਨਰਿੰਦਰ ਸਿੰਘ ਨਿੰਦੀ ਆਦਿ ਬੁਲਾਰਿਆਂ ਨੇ ਤਨਖਾਹਾਂ ਨਾਂ ਮਿਲਣ ਨੂੰ ਵੱਡੀ ਤ੍ਰਾਸਦੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਪਿੱਛਲੇ 28 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਅਤੇ ਸਮੱਸਿਆਵਾਂ ਵਿੱਚ ਘਿਰੇ ਮਿੱਲ ਮਜ਼ਦੂਰ ਗੁਰਬਤ ਭਰਿਆ ਜੀਵਨ ਬਸਰ ਕਰ ਰਹੇ ਹਨ। ਅੱਜ ਮੁੱਖ ਗੇਟ ਅੱਗੇ ਭੁੱਖ ਹੜਤਾਲ ’ਤੇ ਬੈਠੇ ਮਿੱਲ ਮਜ਼ਦੂਰ ਪੰਜ ਸਾਥੀਆਂ ਪੰਡਿਤ ਦਵਿੰਦਰ ਕੁਮਾਰ, ਰਾਜ ਕੁਮਾਰ, ਪ੍ਰੇਮਪਾਲ ਰਾਣਾ, ਰਾਜ ਕੁਮਾਰ ਰਾਜੂ, ਚੰਦਰ ਪ੍ਰਕਾਸ਼ ਨੇ ਸੁੰਦਰ ਕਾਂਡ ਦਾ ਪਾਠ ਵੀ ਕੀਤਾ।
INDIA ਧਾਰੀਵਾਲ ਮਿੱਲ ਮਜ਼ਦੂਰਾਂ ਦੀ ਭੁੱਖ ਹੜਤਾਲ 5ਵੇਂ ਦਿਨ ’ਚ ਦਾਖਲ