ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਹਟਾਏ ਜਾਣ ਨੂੰ ‘ਲੰਬੇ ਸਮੇਂ ਤੋਂ ਉਡੀਕਿਆ’ ਜਾ ਰਿਹਾ ਅਤੇ ‘ਸਹੀ’ ਕਦਮ ਕਰਾਰ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਤੋਂ ਇਹੋ ਉਮੀਦ ਸੀ ਕਿ ਉਹ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਕਿਉਂਕਿ ਉਸ ਨੇ ਕਸ਼ਮੀਰ ’ਚ ਅਤਿਵਾਦ ਭੜਕਾਉਣ ਲਈ ਭਾਰੀ ਨਿਵੇਸ਼ ਕੀਤਾ ਹੋਇਆ ਹੈ। ਜੈਸ਼ੰਕਰ ਨੇ ‘ਦਿ ਹੈਰੀਟੇਜ ਫਾਊਂਡੇਸ਼ਨ’ ’ਚ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਸੁਰੱਖਿਆ ਬਲਾਂ ਨੇ 5 ਅਗਸਤ ਦੇ ਫ਼ੈਸਲੇ ਮਗਰੋਂ ਜੰਮੂ ਕਸ਼ਮੀਰ ’ਚ ਸੰਜਮ ਵਰਤਿਆ ਹੈ ਅਤੇ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਪਾਕਿਸਤਾਨ ਪਿਛਲੇ ਕਈ ਦਹਾਕਿਆਂ ਤੋਂ ਜੋ ਕੁਝ ਕਰ ਰਿਹਾ ਹੈ, ਉਸ ਨੂੰ ਜਾਰੀ ਰੱਖੇਗਾ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਅਜਿਹਾ ਮਾਹੌਲ ਦਿਖਾਉਣ ਦੀ ਕੋਸ਼ਿਸ਼ ਕਰੇਗਾ ਕਿ ਸਾਰਾ ਕੁਝ ਤਬਾਹ ਹੋ ਗਿਆ ਹੈ ਕਿਉਂਕਿ ਉਹ ਇਹੋ ਚਾਹੁੰਦਾ ਹੈ ਅਤੇ ਪਿਛਲੇ 70 ਸਾਲਾਂ ਤੋਂ ਇਹੋ ਉਸ ਦੀ ਯੋਜਨਾ ਰਹੀ ਹੈ। ਮਕਬੂਜ਼ਾ ਕਸ਼ਮੀਰ ਨੂੰ ਵਾਪਸ ਲੈਣ ਬਾਰੇ ਭਾਰਤੀ ਯੋਜਨਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੀਓਕੇ ’ਤੇ ਪਾਕਿਸਤਾਨ ਦਾ ਗ਼ੈਰਕਾਨੂੰਨੀ ਕਬਜ਼ਾ ਹੈ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਇਕ ਦਿਨ ਮਕਬੂਜ਼ਾ ਕਸ਼ਮੀਰ ਉਸ ਦਾ ਹਿੱਸਾ ਹੋਵੇਗਾ। ਇਕ ਹੋਰ ਸਵਾਲ ਦੇ ਜਵਾਬ ’ਚ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਛੇਤੀ ਹੀ ਦੱਖਣ ਪੱਛਮੀ ਤਾਕਤ ਬਣ ਕੇ ਉਭਰੇਗਾ। ਉਨ੍ਹਾਂ ਕਿਹਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਪੱਛਮ ਅਤੇ ਵਿਕਸਤ ਮੁਲਕਾਂ ਦਾ ਸੁਮੇਲ ਹੋਵੇਗਾ। ਇਸ ਦੌਰਾਨ ਸ੍ਰੀ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਮੁਲਾਕਾਤ ਕਰਕੇ ਰਣਨੀਤਕ ਦੁਵੱਲੇ ਸਬੰਧਾਂ, ਕਸ਼ਮੀਰ ਦੇ ਹਾਲਾਤ ਅਤੇ ਆਲਮੀ ਮੁੱਦਿਆਂ ਸਮੇਤ ਕਈ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।