ਧਰਨੇ ਵਿੱਚ ਸ਼ਾਮਲ ਹੋਣ ਤੋਂ ਰੋਕੇ ਜਾਣ ’ਤੇ ਕਿਸਾਨਾਂ ਨੇ ਸੜਕ ਉੱਤੇ ਧਰਨਾ ਲਾਇਆ

ਮਜੀਠਾ -ਖੰਡ ਮਿੱਲ ਮੈਨੇਜਮੈਂਟ ਬੁੱਟਰ ਵੱਲੋਂ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਨਾ ਕਰਨ ਦੇ ਵਿਰੋਧ ’ਚ ਰੇਲਾਂ ਰੋਕਣ ਦੇ ਕੀਤੇ ਗਏ ਐਲਾਨ ਮੁਤਾਬਕ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਇਸ ਰੇਲ ਰੋਕੂ ਧਰਨੇ ਵਿੱਚ ਸ਼ਾਮਲ ਹੋਈਆਂ, ਜਿਸ ਵਿੱਚ ਸ਼ਮੂਲੀਅਤ ਲਈ ਗੁਰਦੇਵ ਸਿੰਘ ਗੱਗੋਮਾਹਲ ਜ਼ੋਨ ਇੰਚਾਰਜ ਗੁਰੂ ਕਾ ਬਾਗ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਸਾਧਨਾਂ ’ਤੇ ਜਾ ਰਹੇ ਸਨ ਕਿ ਮਜੀਠਾ ਪੁਲੀਸ ਨੇ ਇਨ੍ਹਾ ਨੂੰ ਮਜੀਠਾ ਵਿਚ ਰੋਕ ਲਿਆ। ਰੋਸ ਵਜੋ ਕਿਸਾਨ ਮਜੀਠਾ ਥਾਣੇ ਸਾਹਣੇ ਸੜਕ ’ਤੇ ਧਰਨਾ ਦੇ ਕੇ ਬੈਠ ਗਏ ਜਿਸ ਨਾਲ ਆਉਣ ਜਾਣ ਵਾਲੇ ਦੋਵੇਂ ਰਸਤਿਆਂ ਦੀ ਆਵਾਜਾਈ ਇੱਕ ਘੰਟੇ ਦੇ ਕਰੀਬ ਪ੍ਰਭਾਵਿਤ ਰਹੀ। ਕਿਸਾਨ ਧਰਨੇ ਵਾਲੀ ਜਗ੍ਹਾ ਜਾਣ ਲਈ ਅੜੇ ਰਹੇ ਪ੍ਰੰਤੂ ਮਜੀਠਾ ਪੁਲੀਸ ਵਲੋ ਕਿਸਾਨਾਂ ਨੂੰ ਜਾਣ ਤੋ ਜਬਰੀ ਰੋਕ ਕੇ ਰੱਖਿਆ ਗਿਆ। ਕਰੀਬ ਡੇਢ ਘੰਟੇ ਤੋ ਬਾਅਦ ਸਬ ਡਵੀਜ਼ਨ ਮਜੀਠਾ ਦੇ ਡੀ ਐਸ ਪੀ ਯੋਗੇਸ਼ਵਰ ਸਿੰਘ ਗੋਰਾਇਆ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲ ਬਾਤ ਕੀਤੀ ਪਰ ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਲਈ ਆਪਣੀ ਜਿੱਦ ’ਤੇ ਕਾਇਮ ਰਹੇ, ਜਿਸ ’ਤੇ ਪੁਲੀਸ ਕਿਸਾਨ ਆਗੂਆਂ ਨੂੰ ਥਾਣਾ ਮਜੀਠਾ ਲੈ ਗਈ। ਡੀਐਸਪੀ ਮਜੀਠਾ ਨੇ ਦੱਸਿਆ ਕਿ ਜ਼ਿਲ੍ਹਾ ਭਰ ਵਿੱਚ ਧਾਰਾ 144 ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਗੂਆਂ ਨੂੰ ਥਾਣਾ ਮਜੀਠਾ ’ਚ ਲਿਜਾਇਆ ਗਿਆ ਹੈ, ਜਿਨ੍ਹਾਂ ਨੂੰ ਹਾਲਾਤ ਸ਼ਾਂਤ ਹੋਣ ’ਤੇ ਦੇਰ ਸ਼ਾਮ ਛੱਡ ਦਿੱਤਾ ਜਾਵੇਗਾ।

Previous articleਗੈਸ ਰਿੱਸਣ ਕਾਰਨ ਘਰ ’ਚ ਧਮਾਕਾ: ਔਰਤ ਸਣੇ ਤਿੰਨ ਜ਼ਖ਼ਮੀ
Next articleਐਡਮਿਰਲ ਕਰਮਬੀਰ ਵੱਲੋਂ ਜਲ ਸੈਨਾ ਲਈ ਵੱਧ ਬਜਟ ਦੀ ਲੋੜ ’ਤੇ ਜ਼ੋਰ