ਧਰਤੀ ਦੇ ਬਾਸ਼ਿੰਦਿਆਂ ਲਈ ਘਾਤਕ ਹੈ ਓਜ਼ੋਨ ਪਰਤ ਦਾ ਵਿਗਾੜ

(ਸਮਾਜ ਵੀਕਲੀ)

ਵਾਤਾਵਰਣ ਮਾਹਿਰਾਂ ਨੇ ਮਨੁੱਖ ਜਾਤੀ ਨੂੰ ਸਖਤ ਚਿਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਆਉਣ ਵਾਲੇ ਅਗਲੇ 50 ਸਾਲਾਂ ਵਿਚ ਸਾਡੀ ਪ੍ਰਿਥਵੀ ‘ਤੇ ਬਹੁਤ ਹੀ ਦੁਖਦਾਈ ਭੌਤਿਕ ਪਰਿਵਰਤਨ ਹੋਣ ਵਾਲੇ ਹਨ, ਜਿਸ ਨਾਲ ਮਨੁੱਖ ਸਮੇਤ ਪਸ਼ੂ, ਪੰਛੀ ਅਤੇ ਬਨਸਪਤੀ ਦੀ ਤਬਾਹੀ ਨਿਸ਼ਚਿਤ ਹੈ। 1 ਤੋਂ 12 ਜੂਨ, 1991 ਨੂੰ ਬ੍ਰਾਜ਼ੀਲ ਵਿਖੇ ਹੋਈ ਪ੍ਰਿਥਵੀ ਕਾਨਫਰੰਸ ਵਿਚ ਵਿਸ਼ਵ ਦੇ ਪ੍ਰਿਥਵੀ ਤੇ ਵਾਤਾਵਰਣ ਵਿਗਿਆਨੀਆਂ ਨੇ 120 ਦੇਸ਼ਾਂ ਦੇ ਨੇਤਾਵਾਂ ਅਤੇ 6 ਹਜ਼ਾਰ ਪੱਤਰਕਾਰਾਂ ਦੀ ਹਾਜ਼ਰੀ ਵਿਚ ਕੁਦਰਤ ਵੱਲੋਂ ਪੈਦਾ ਕੀਤੀ ਜੀਵਨ ਲੀਲਾ ਵਿਚ ਮਨੁੱਖ ਜਾਤੀ ਦੀ ਕੀਤੀ ਜਾ ਰਹੀ ਘਿਨਾਉਣੀ ਦਖਲਅੰਦਾਜ਼ੀ ਕਰਕੇ ਨਿਕਲਣ ਵਾਲੇ ਗੰਭੀਰ ਸਿੱਟਿਆਂ ਪ੍ਰਤੀ ਖਬਰਦਾਰ ਕੀਤਾ ਸੀ ।

ਇਸ ਕਾਨਫਰੰਸ ਵਿਚ ਜੁੜੇ ਵਿਗਿਆਨੀਆਂ ਨੇ ਐਲਾਨ ਕੀਤਾ ਸੀ ਕਿ ਐਂਟਾਰਕਟਿਕਾ ‘ਚ ਓਜ਼ੋਨ ਦੀ ਪਰਤ ਵਿਚ ਇਕ ਵੱਡਾ ਛੇਕ ਹੋਣ ਵਾਲਾ ਹੈ ਅਤੇ ਯੂਰਪ ਤੇ ਉਤਰੀ ਅਮਰੀਕਾ ਵਿਚ ਇਹ ਪਰਤ ਕਾਫੀ ਪਤਲੀ ਪੈ ਚੁੱਕੀ ਹੈ। ਓਜ਼ੋਨ ਪਰਤ ਵਿਚ ਵਧ ਰਹੇ ਛੇਕ ਨੇ ਸਮੁੱਚੀ ਦੁਨੀਆਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ।

ਮਾਹਿਰਾਂ ਅਨੁਸਾਰ ਓਜ਼ੋਨ ਪਰਤ ਦੀ ਤੈਅ ਪਤਲੀ ਪੈਣ ਨਾਲ ਐਂਟਾਰਕਟਿਕਾ.’ਤੇ ਪਈਆਂ ਬਰਫਾਂ ਪਿਘਲ ਗਈਆਂ ਤਾਂ ਸਮੁੰਦਰ ਦੀ ਸਤ੍ਹਾ ਲੱਗਭਗ ਇਕ ਤੋਂ ਡੇਢ ਮੀਟਰ ਉੱਪਰ ਨੂੰ ਉੱਠ ਜਾਵੇਗੀ ਜਿਸ ਨਾਲ ਸਮੁੰਦਰਾਂ ਦੇ ਕੰਢਿਆਂ.’ ਤੇ ਵਸਣ ਵਾਲੀ ਦੁਨੀਆ ਦੀ ਲੱਗਭਗ ਅੱਧੀ ਆਬਾਦੀ ਤਬਾਹੀ ਦੀ ਮਾਰ ਹੇਠ ਆ ਜਾਵੇਗੀ। ਜੇਕਰ ਓਜ਼ੋਨ ਪਰਤ ਪਤਲੀ ਦਰ ਪਤਲੀ ਹੁੰਦੀ ਤਾਂ ਅਲਟਰਾ ਵਾਇਲਟ ਕਿਰਨਾਂ ਦੀ ਧਰਤੀ ‘ਤੇ ਪਹੁੰਚਣ ਦੀ ਮਾਤਰਾ ‘ਚ 2 ਤੋਂ 3 % ਦਾ ਵਾਧਾ ਹੋ ਜਾਵੇਗਾ। ਇਨ੍ਹਾਂ ਵਿਕਿਰਣਾਂ ਕਾਰਨ ਡੀ. ਐਨ. ਏ. ਦੀ ਬਣਤਰ ਵਿਚ ਪਰਿਵਰਤਨ ਆ ਜਾਣ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਦੋਸ਼ਪੂਰਨ ਹੋ ਸਕਦੀਆਂ ਹਨ ।

ਚਮੜੀ ਦੇ ਕੈਂਸਰ ਵਿਚ ਵਾਧਾ ਹੋ ਸਕਦਾ ਹੈ, ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਵੇਗੀ, ਕਈ ਤਰ੍ਹਾਂ ਦੇ ਬੈਕਟੀਰੀਆ ਇਨਫੈਕਨਜ਼ ਹੋ ਜਾਣਗੇ, ਫਸਲਾਂ ਦਾ ਉਤਪਾਦਨ ਘੱਟ ਜਾਵੇਗਾ। ਇਸ ਤੋਂ ਇਲਾਵਾ ਧਰਤੀ ਦੇ ਤਾਪਮਾਨ ਵਿਚ ਬੇਹਿਸਾਬ ਵਾਧਾ ਹੋ ਜਾਵੇਗਾ, ਜਿਸ ਨਾਲ ਮੌਸਮ ਵਿਚ ਗੈਰ – ਕੁਦਰਤੀ ਤਬਦੀਲੀਆਂ ਆ ਜਾਣਗੀਆਂ ਅਤੇ ਮਨੁੱਖ ਜਾਤੀ ਦਾ ਜਿਉਣਾ ਦੁਭਰ ਹੋ ਜਾਵੇਗਾ। ਵਾਤਾਵਰਣ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਓਜ਼ੋਨ ਪਰਤ ਵਿਚ 10% ਦੀ ਕਮੀ ਆ ਗਈ ਤਾਂ ਸੰਸਾਰ ਭਰ ਵਿਚ ਹਰ ਸਾਲ 17.5 ਲੱਖ ਤੋਂ 18 ਲੱਖ ਮੋਤੀਆ ਬਿੰਦ ਅਤੇ 25 ਤੋਂ 30% ਚਮੜੀ ਕੈਂਸਰ ਦੇ ਮਰੀਜ਼ ਸਾਹਮਣੇ ਆਉਣਗੇ। ਓਜ਼ੋਨ ਦੀ ਘਾਟ ਕਾਰਨ ਫਸਲਾਂ ਨਸ਼ਟ ਹੋ ਜਾਣਗੀਆਂ, ਜੰਗਲਾਂ ਵਿਚ ਦਰੱਖਤ ਅਤੇ ਸਮੁੰਦਰਾਂ ਵਿਚ ਜੀਵਾਂ ਦੇ ਖਤਮ ਹੋਣ ਤੱਕ ਦੀ ਨੌਬਤ ਆ ਜਾਵੇਗੀ।

ਓਜ਼ੋਨ ਪਰਤ ਦੇ ਵਿਗਾੜ ਲਈ ਕਲੋਰੋ ਫਲੋਰੋ ਕਾਰਬਨ ਨੂੰ ਵਧੇਰੇ ਜ਼ਿੰਮੇਵਾਰ ਮੰਨਿਆ ਜਾ ਰਿਹਾ। ਕਲੋਰੋ ਫਲੋਰੋ ਕਾਰਬਨ ਦੀ ਵਰਤੋਂ ਏਅਰਕੰਡੀਸ਼ਨਾਂ, ਰੈਫਰੀਜਰੇਟਰਾਂ, ਪਲਾਸਟਿਕ ਫੋਮ ਆਦਿ ਪਦਾਰਥਾਂ ਵਿਚ ਕੀਤੀ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਲੋਰੋ ਫਲੋਰੋ ਕਾਰਬਨ ਦੇ ਅਣੂ ਵਾਯੂਮੰਡਲ ਵਿਚ ਪਹੁੰਚ ਕੇ ਸੈੰਕੜੇ ਸਾਲਾਂ ਤੱਕ ਸਥਿਰ ਰਹਿੰਦੇ ਹਨ। ਇਨ੍ਹਾਂ ਵਿਚ ਮੌਜੂਦ ਕਲੋਰੀਨ ਓਜ਼ੋਨ ਨਾਲ ਕਿਰਿਆ ਕਰਕੇ ਇਸ ਨੂੰ ਨਸ਼ਟ ਕਰਦੀ ਹੈ।

ਕਲੋਰੀਨ ਦਾ ਇਕ ਅਣੂ ਓਜ਼ੋਨ ਦੇ ਇਕ ਲੱਖ ਅਣੂਆਂ ਨੂੰ ਖਤਮ ਕਰਨ ਦੀ ਯੋਗਤਾ ਰੱਖਦਾ ਹੈ। ਵਧੇਰੇ ਉਚਾਈ ‘ਤੇ ਉੱਡਦੇ ਜੈੱਟ ਜਹਾਜ਼ਾਂ ਦਾ ਧੂੰਆਂ ਵੀ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵਿਕਸਤ ਦੇਸ਼ਾਂ ਦੀ ਕਲੋਰੋ ਫਲੋਰੋ ਕਾਰਬਨ ਦੀ ਪੈਦਾਵਾਰ ਦੂਸਰੇ ਦੇਸ਼ਾਂ ਨਾਲੋਂ ਜ਼ਿਆਦਾ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਰੱਖਣ ਲਈ ਵਿਕਸਤ ਦੇਸ਼ਾਂ ਨੂੰ ਹੀ ਓਜ਼ੋਨ ਪਰਤ ਨੂੰ ਬਚਾਉਣ ਲਈ ਫੌਰੀ ਕਦਮ ਚੁੱਕਣੇ ਹੋਣਗੇ।

 – ਸੁਖਮੰਦਰ ਸਿੰਘ ਤੂਰ 
ਪਿੰਡ ਤੇ ਡਾਕ – ਖੋਸਾ ਪਾਂਡੋ, (ਮੋਗਾ ) ।
Previous articleCelebrate Holi at homes, says Haryana DGP
Next articleਗੁਰੂ ਹਰਕ੍ਰਿਸ਼ਨ ਸਕੂਲ ਦੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ