ਸਿਓਲ (ਸਮਾਜਵੀਕਲੀ) – ਦੱਖਣੀ ਕੋਰੀਆ ਵਿੱਚ ਸੱਤਾਧਾਰੀ ਪਾਰਟੀ ਨੇ ਸੰਸਦੀ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ। ਦੇਸ਼ ਵਿੱਚ ਕਰੋਨਾਵਾਇਰਸ ਸੰਕਟ ਦਰਮਿਆਨ ਹੋਈ ਵੋਟਿੰਗ ਦੇ ਬਾਵਜੂਦ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਆਏ ਤੇ ਉਨ੍ਹਾਂ ਵੋਟਿੰਗ ਦੇ ਤਿੰਨ ਦਹਾਕਿਆਂ ਪੁਰਾਣੇ ਰਿਕਾਰਡ ਨੂੰ ਤੋੜਿਆ।
ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸੱਤਾਧਾਰੀ ਪਾਰਟੀ ਤੇ ਉਸ ਦੇ ਗੱਠਜੋੜ ਵਿੱਚਲੀਆਂ ਹੋਰਨਾਂ ਪਾਰਟੀਆਂ ਨੇ ਮਿਲ ਕੇ ਸੰਸਦ ਦੀਆਂ 300 ਸੀਟਾਂ ਵਿੱਚੋਂ 180 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਉਧਰ ਕੰਜ਼ਰਵੇਟਿਵਜ਼ (ਰੂੜ੍ਹੀਵਾਦੀਆਂ) ਨੂੰ ਸੰਘਣੀ ਵਸੋਂ ਵਾਲੇ ਸਿਓਲ ਮੈਟਰੋਪਾਲਿਟਨ ਖੇਤਰ ਵਿੱਚ ਬੇਹੱਦ ਮਾੜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਜਿੱਤ ਨਾਲ ਰਾਸ਼ਟਰਪਤੀ ਮੂਨ ਜੇਈ-ਇਨ ਨੂੰ ਆਪਣੇ ਮੁੱਖ ਘਰੇਲੂ ਤੇ ਵਿਦੇਸ਼ੀ ਟੀਚਿਆਂ ਨੂੰ ਪੂਰਾ ਕਰਨ ਦਾ ਫਿਰ ਤੋਂ ਮੌਕਾ ਮਿਲ ਗਿਆ ਹੈ। ਖਾਸ ਤੌਰ ’ਤੇ ਇਸ ਵਿੱਚ ਪਰਮਾਣੂ ਹਥਿਆਰ ਰੱਖਣ ਵਾਲੇ ਉੱਤਰ ਕੋਰੀਆ ਨਾਲ ਰਾਜਸੀ ਸਬੰਧਾਂ ਨੂੰ ਮੁੜ ਸੁਰਜੀਤ ਕਰਨਾ ਵੀ ਸ਼ਾਮਲ ਹੈ।
ਦੂਜੇ ਪਾਸੇ ਮੂਨ ਨੂੰ ਇਤਿਹਾਸਕ ਸਿਹਤ ਸੰਕਟ ਵੀ ਦਰਪੇਸ਼ ਰਹੇਗਾ, ਜੋ ਦੱਖਣੀ ਕੋਰੀਆ ਦੇ ਕਾਰੋਬਾਰ ਨੂੰ ਅਸਰ ਅੰਦਾਜ਼ ਕਰ ਰਿਹਾ ਹੈ। ਡੈਮੋਕਰੈਟਿਕ ਪਾਰਟੀ ਦੇ ਆਗੂ ਲੀ ਹੇ-ਚਾਨ ਨੇ ਪਾਰਟੀ ਦੀ ਇਕ ਮੀਟਿੰਗ ਵਿੱਚ ਕਿਹਾ, ‘ਅਸੀਂ ਆਪਣੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਮਹਿਸੂਸ ਕਰ ਰਹੇ ਹਾਂ, ਜਿਸ ਨੇ ਸਾਡੀ ਜਿੱਤ ਦੀ ਖ਼ੁਸ਼ੀ ਨੂੰ ਕੁਝ ਹੱਦ ਤਕ ਦੱਬ ਦਿੱਤਾ ਹੈ।’ ਕੌਮੀ ਚੋਣ ਕਮਿਸ਼ਨ ਨੇ ਕਿਹਾ ਕਿ ਬੁੱਧਵਾਰ ਨੂੰ ਹੋਈ ਵੋਟਿੰਗ ਦੌਰਾਨ 66.2 ਫੀਸਦ ਮਤਦਾਨ ਹੋਇਆ ਸੀ।