ਡੇਢ ਏਕੜ ਵਿੱਚ ਖੜ੍ਹੀ ਕਣਕ ਦੀ ਫਸਲ ਸੜੀ

ਭੁੱਚੋ ਮੰਡੀ  (ਸਮਾਜਵੀਕਲੀ)ਪਿੰਡ ਲਹਿਰਾ ਮੁਹੱਬਤ ਦੀ ਬਾਠ ਸੜਕ ’ਤੇ ਥਰਮਲ ਪਲਾਂਟ ਨਜ਼ਦੀਕ ਖੇਤਾਂ ਵਿੱਚ ਅੱਗ ਲੱਗਣ ਕਾਰਨ ਦਰਸ਼ਨ ਸਿੰਘ ਪੁੱਤਰ ਜ਼ੋਰਾ ਸਿੰਘ ਦੀ ਡੇਢ ਏਕੜ ਕਣਕ ਦੀ ਖੜ੍ਹੀ ਫਸਲ ਅਤੇ ਉਸ ਦੇ ਭਰਾ ਜੁਗਰਾਜ ਸਿੰਘ ਦਾ ਇੱਕ ਏਕੜ ਨਾੜ ਸੜ ਕੇ ਸੁਆਹ ਹੋ ਗਿਆ।

ਥਰਮਲ ਪਲਾਂਟ ਦੀਆਂ ਦੋ ਫਾਇਰ ਬ੍ਰਿਗੇਡ ਗੱਡੀਆਂ ਦੇ ਆਉਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਅੱਗ ਉੱਤੇ ਕਾਬੂ ਲਿਆ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਸਵਾ ਕੁ ਚਾਰ ਵਜੇ ਥਰਮਲ ਪਲਾਂਟ ਵਿੱਚੋਂ ਫੂਲ ਗਰਿੱਡ ਨੂੰ ਜਾਂਦੀ 66 ਕੇਵੀ ਲਾਈਨ ਵਿੱਚ ਸਪਾਰਕਿੰਗ ਹੋਣ ਕਾਰਨ ਅੱਗ ਲੱਗੀ ਸੀ। ਪਤਾ ਲੱਗਦਿਆਂ ਹੀ ਕਿਸਾਨਾਂ ਦਾ ਵੱਡਾ ਇਕੱਠ ਹੋ ਗਿਆ।

ਉਨ੍ਹਾਂ ਟਰੈਕਟਰਾਂ ਨਾਲ ਜ਼ਮੀਨ ਨੂੰ ਵਾਹ ਕੇ ਅੱਗ ਨੂੰ ਅੱਗੇ ਜਾਣ ਤੋਂ ਰੋਕਿਆ ਅਤੇ ਨਗਰ ਪੰਚਾਇਤ ਦੇ ਛਿੜਕਾਅ ਕਰਨ ਵਾਲੇ ਡਰੱਮ ਅਤੇ ਹੋਰ ਸਾਧਨਾਂ ਨਾਲ ਅੱਧੇ ਘੰਟੇ ਵਿੱਚ ਅੱਗ ‘ਤੇ ਕਾਬੂ ਪਾਇਆ। ਕਣਕ ਸੜਨ ਨਾਲ ਕਿਸਾਨ ਦਾ ਲੱਗਪਗ 75 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਵੀ ਇਸ ਲਾਈਨ ਦੀ ਸਪਾਰਕਿੰਗ ਕਾਰਨ ਦੋ ਵਾਰ ਅੱਗ ਲੱਗ ਚੁੱਕੀ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਘਟਨਾ ਸਥਾਨ ’ਤੇ ਮੌਜੂਦ ਇਨਕਲਾਬੀ ਕੇਂਦਰ ਪੰਜਾਬ ਦੇ ਇਲਾਕਾ ਕਨਵੀਨਰ ਜਗਜੀਤ ਸਿੰਘ ਲਹਿਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਕਣਕ ਦੇ ਝਾੜ ਦੇ ਬਰਾਬਰ ਮੁਆਵਜ਼ਾ ਦਿੱਤਾ ਜਾਵੇ।

Previous articleਦੱਖਣੀ ਕੋਰੀਆ ਦੀ ਸੱਤਾਧਾਰੀ ਪਾਰਟੀ ਨੂੰ ਚੋਣਾਂ ’ਚ ਵੱਡੀ ਜਿੱਤ
Next articleਤਾਲਾਬੰਦੀ ਨੇ ਖੋਲ੍ਹੀਆਂ ਜ਼ਿੰਦਗੀ ਦੀਆਂ ਗੰਢਾਂ