ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਦਸ ਦੌੜਾਂ ਨਾਲ ਹਰਾਇਆ

ਡੇਵਿਡ ਵਾਰਨਰ ਦੇ ਸੈਂਕੜੇ ਦੇ ਬਾਵਜੂਦ ਦੱਖਣੀ ਅਫਰੀਕਾ ਨੇ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਆਖ਼ਰੀ ਲੀਗ ਮੈਚ ਦੌਰਾਨ ਆਸਟਰੇਲੀਆ ਨੂੰ ਰੋਮਾਂਚਕ ਮੁਕਾਬਲੇ ਵਿੱਚ ਦਸ ਦੌੜਾਂ ਨਾਲ ਹਰਾ ਕੇ ਆਪਣੀ ਨਮੋਸ਼ੀਜਨਕ ਕਾਰਗੁਜ਼ਾਰੀ ਦਾ ਸਨਮਾਨਯੋਗ ਅੰਤ ਕੀਤਾ।
ਸ਼ਨਿੱਚਰਵਾਰ ਨੂੰ ਭਾਰਤ ਦੀ ਸ੍ਰੀਲੰਕਾ ’ਤੇ ਆਸਾਨ ਜਿੱਤ ਮਗਰੋਂ ਆਸਟਰੇਲੀਆ ਨੂੰ ਅੰਕ ਸੂਚੀ ਵਿੱਚ ਚੋਟੀ ’ਤੇ ਥਾਂ ਬਣਾਉਣ ਲਈ ਦਿਨ ਦੇ ਇੱਕ ਹੋਰ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਹਰਾਉਣਾ ਸੀ, ਪਰ ਵਾਰਨਰ (117 ਗੇਂਦਾਂ ਵਿੱਚ 122 ਦੌੜਾਂ) ਦੇ ਟੂਰਨਾਮੈਂਟ ਵਿੱਚ ਤੀਜੇ ਸੈਂਕੜੇ ਅਤੇ ਵਿਕਟਕੀਪਰ ਬੱਲੇਬਾਜ਼ ਅਲੈਕਸ ਕੈਰੀ (69 ਗੇਂਦਾਂ ਵਿੱਚ 85 ਦੌੜਾਂ) ਦੀ ਹਮਲਾਵਰ ਪਾਰੀ ਦੇ ਬਾਵਜੂਦ ਟੀਮ ਟੀਚਾ ਹਾਸਲ ਨਹੀਂ ਕਰ ਸਕੀ। ਦੱਖਣੀ ਅਫਰੀਕਾ ਨੇ ਟੂਰਨਾਮੈਂਟ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਕਪਤਾਨ ਫਾਫ-ਡੂ-ਪਲੈਸਿਸ ਦੀ 94 ਗੇਂਦਾਂ ਵਿੱਚ 100 ਦੌੜਾਂ ਅਤੇ ਰੇਸੀ ਵਨ ਡਰ ਦੁਸੇਨ ਦੀ ਆਪਣੇ ਕਰੀਅਰ ਦੀ 95 ਦੌੜਾਂ ਦੀ ਸਰਵੋਤਮ ਪਾਰੀ ਬਦੌਲਤ ਛੇ ਵਿਕਟਾਂ ’ਤੇ 325 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।
ਦੱਖਣੀ ਅਫਰੀਕਾ ਨੇ ਇਸ ਮਗਰੋਂ ਕੈਗਿਸੋ ਰਬਾਡਾ (56 ਦੌੜਾਂ ਦੇ ਕੇ ਤਿੰਨ), ਡਵੈਨ ਪ੍ਰੀਟੌਰੀਅਸ (27 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਐਂਡਿਲੇ ਫੇਹਲੁਕਵਾਓ (22 ਦੌੜਾਂ ਦੇ ਕੇ ਦੋ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਨੂੰ 49.5 ਓਵਰਾਂ ਵਿੱਚ 315 ਦੌੜਾਂ ’ਤੇ ਢੇਰ ਕਰ ਦਿੱਤਾ। ਆਸਟਰੇਲੀਆ ਟੀਮ ਨੌਂ ਮੈਚਾਂ ਵਿੱਚ 14 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ ਅਤੇ ਵੀਰਵਾਰ ਨੂੰ ਦੂਜੇ ਸੈਮੀ-ਫਾਈਨਲ ਵਿੱਚ ਬਰਮਿੰਘਮ ਵਿੱਚ ਮੇਜ਼ਬਾਨ ਇੰਗਲੈਂਡ ਨਾਲ ਭਿੜੇਗੀ। ਭਾਰਤ ਪਹਿਲੇ ਸੈਮੀ-ਫਾਈਨਲ ਵਿੱਚ ਇੱਥੇ ਮੰਗਲਵਾਰ ਨੂੰ ਨਿਊਜ਼ੀਲੈਂਡ ਦਾ ਸਾਹਮਣਾ ਕਰੇਗਾ।

Previous articleਨਵਾਜ਼ ਖ਼ਿਲਾਫ਼ ਫ਼ੈਸਲੇ ਲਈ ਜੱਜ ਨੂੰ ‘ਮਜਬੂਰ’ ਕੀਤਾ: ਮਰੀਅਮ
Next articleਕੁਸ਼ਤੀ: ਵਿਨੇਸ਼ ਤੇ ਦਿਵਿਆ ਨੇ ਜਿੱਤਿਆ ਸੋਨ ਤਗ਼ਮਾ