ਨਵਾਜ਼ ਖ਼ਿਲਾਫ਼ ਫ਼ੈਸਲੇ ਲਈ ਜੱਜ ਨੂੰ ‘ਮਜਬੂਰ’ ਕੀਤਾ: ਮਰੀਅਮ

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਆਗੂ ਮਰੀਅਮ ਨਵਾਜ਼ ਨੇ ਇਕ ਵੀਡੀਓ ਕਲਿਪ ਰਿਲੀਜ਼ ਕੀਤੀ ਹੈ ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਇਸ ’ਚ ਕੌਮੀ ਜਵਾਬਦੇਹੀ ਬਿਊਰੋ ਅਦਾਲਤ (ਐੱਨਏਬੀ) ਦਾ ਇਕ ਜੱਜ ਇਹ ਮੰਨ ਰਿਹਾ ਹੈ ਕਿ ਨਵਾਜ਼ ਸ਼ਰੀਫ਼ ਨੂੰ ਦੋਸ਼ੀ ਕਰਾਰ ਦੇਣ ਲਈ ਉਸ ਨੂੰ ‘ਬਲੈਕਮੇਲ ਕਰ ਕੇ ਦਬਾਅ’ ਬਣਾਇਆ ਗਿਆ। ਲਾਹੌਰ ਵਿਚ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਰੀਅਮ ਨੇ ਕਿਹਾ ਕਿ ਉਸ ਦੇ ਪਿਤਾ ਖ਼ਿਲਾਫ਼ ਚਲਾਈ ਗਈ ਨਿਆਂਇਕ ਪ੍ਰਕਿਰਿਆ ਦੌਰਾਨ ਕਈ ਸਮਝੌਤੇ ਕੀਤੇ ਗਏ ਹਨ। ਇਸ ਮੌਕੇ ਪੀਐੱਮਐੱਲ-ਐਨ ਦੀ ਸਾਰੀ ਸਿਖ਼ਰਲੀ ਲੀਡਰਸ਼ਿਪ ਹਾਜ਼ਰ ਸੀ। ਸ਼ਰੀਫ਼ (69) ਦਸੰਬਰ, 2018 ਤੋਂ ਲਾਹੌਰ ਦੀ ਕੋਟ ਲੱਖਪਤ ਜੇਲ੍ਹ ਵਿਚ ਸੱਤ ਸਾਲ ਦੀ ਕੈਦ ਦੀ ਸਜ਼ਾ ਭੁਗਤ ਰਹੇ ਹਨ। ਜਵਾਬਦੇਹੀ ਅਦਾਲਤ ਨੇ ਉਨ੍ਹਾਂ ਨੂੰ ਅਲ-ਅਜ਼ੀਜ਼ੀਆ ਸਟੀਲ ਮਿੱਲਜ਼ ਕੇਸ ਵਿਚ ਸਜ਼ਾ ਸੁਣਾਈ ਸੀ। ਮਰੀਅਮ ਨੇ ਦਾਅਵਾ ਕੀਤਾ ਹੈ ਕਿ ਵੀਡੀਓ ਵਿਚ ਜੱਜ ਅਰਸ਼ਦ ਮਲਿਕ ਹਨ ਜਿਨ੍ਹਾਂ ਸ਼ਰੀਫ਼ ਨੂੰ ਸਜ਼ਾ ਸੁਣਾਈ ਸੀ। ਮਰੀਅਮ ਨੇ ਕਿਹਾ ਕਿ ਜੱਜ ਨੇ ਪਾਰਟੀ ਸਮਰਥਕ ਕੋਲ ਮੰਨਿਆ ਹੈ ਕਿ ਉਸ ਨੂੰ ਕੁਝ ਲੁਕਵੀਆਂ ਤਾਕਤਾਂ ਨੇ ਫ਼ੈਸਲਾ ਸੁਣਾਉਣ ਲਈ ਮਜਬੂਰ ਕੀਤਾ। ਵੀਡੀਓ ਵਿਚ ਸ਼ਰੀਫ਼ ਖ਼ਿਲਾਫ਼ ਕੋਈ ਸਬੂਤ ਨਾ ਹੋਣ ਬਾਰੇ ਕਹਿਣ ਦਾ ਵੀ ਦਾਅਵਾ ਕੀਤਾ ਗਿਆ ਹੈ। ਇਮਰਾਨ ਖ਼ਾਨ ਸਰਕਾਰ ਨੇ ਇਸ ਵੀਡੀਓ ਨੂੰ ‘ਫ਼ਰਜ਼ੀ’ ਕਰਾਰ ਦਿੱਤਾ ਹੈ ਤੇ ਜਾਂਚ ਮੰਗੀ ਹੈ। ਜੱਜ ਮਲਿਕ ਨੇ ਮਰੀਅਮ ਦੇ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਬੂਤਾਂ ਦੇ ਅਧਾਰ ’ਤੇ ਸਾਰੀ ਕਾਰਵਾਈ ਹੋਈ ਹੈ। ਮਰੀਅਮ ਦੀ ਪ੍ਰੈੱਸ ਕਾਨਫ਼ਰੰਸ ਦਾ ਸਿੱਧਾ ਪ੍ਰਸਾਰਨ ਦਿਖਾਉਣ ਲਈ 21 ਟੀਵੀ ਚੈਨਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਗਏ ਹਨ।

Previous articleਰਸੂਖ਼ਵਾਨ ਅਫ਼ਗਾਨਾਂ ਵੱਲੋਂ ਤਾਲਿਬਾਨ ਨਾਲ ਦੋਹਾ ’ਚ ਮੁਲਾਕਾਤ
Next articleਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਦਸ ਦੌੜਾਂ ਨਾਲ ਹਰਾਇਆ