ਪੰਜਾਬ ਵਿੱਚ ਪਟਿਆਲਾ ਨੇੜੇ ਕੌਲੀ ਨਜ਼ਦੀਕ ਅਤੇ ਰਾਮਾ ਮੰਡੀ (ਬਠਿੰਡਾ) ਵਿੱਚ ਵਾਪਰੇ ਸੜਕ ਹਾਦਸਿਆਂ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਮਹਿਲਾਵਾਂ ਸਮੇਤ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਪਟਿਆਲਾ-ਰਾਜਪੁਰਾ ਰੋਡ ’ਤੇ ਪਿੰਡ ਕੌਲੀ ਕੋਲ ਵਾਪਰੇ ਸੜਕ ਹਾਦਸੇ ’ਚ ਦੋ ਕਾਰਾਂ ਦੀ ਟੱਕਰ ’ਚ ਦੋਵੇਂ ਕਾਰਾਂ ਦੇ ਡਰਾਈਵਰਾਂ ਦੀ ਮੌਤ ਹੋ ਗਈ, ਜਦੋਂ ਕਿ ਕਾਰਾਂ ਵਿੱਚ ਸਵਾਰ ਦੋ ਔਰਤਾਂ ਤੇ ਇੱਕ ਲੜਕੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈਆਂ ਹਨ। ਅੱਜ ਦਿਨੇ ਬਾਰਾਂ ਵਜੇ ਦੇ ਕਰੀਬ ਪਟਿਆਲਾ ਤੋਂ ਜਾ ਰਹੀ ਆਲਟੋ ਜਿਸਨੂੰ ਰਾਜੇਸ਼ ਜਿੰਦਲ ਚਲਾ ਰਿਹਾ ਸੀ, ਡਿਵਾਈਡਰ ਪਾਰ ਕਰਕੇ ਰਾਜਪੁਰੇ ਵਾਲੇ ਪਾਸਿਓਂ ਆ ਰਹੀ ਐੱਸ.ਐਕਸ ਫੋਰ ਨਾਲ ਜਾ ਟਕਰਾਈ। ਦੋਵੇਂ ਕਾਰਾਂ ਦੇ ਡਰਾਈਵਰ ਤੇ ਹੋਰ ਕਾਰ ਸਵਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ। ਹਾਦਸੇ ਮਗਰੋਂ ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਇਲਾਜ ਲਈ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਦੋਵੇਂ ਡਰਾਈਵਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀਆਂ ਵਿੱਚ ਦੋਵੇਂ ਮ੍ਰਿਤਕਾਂ ਦੀਆਂ ਪਤਨੀਆਂ ਤੇ ਬੇਟੀ ਦੱਸੀ ਜਾਂਦੀ ਹੈ। ਪੁਲੀਸ ਚੌਕੀ ਬਹਾਦਰਗੜ੍ਹ ਦੇ ਏ.ਐੱਸ.ਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਆਲਟੋ ਕਾਰ ਡਰਾਈਵਰ ਰਾਜੇਸ਼ ਜਿੰਦਲ (40) ਬੁਢਲਾਡਾ ਦਾ ਵਾਸੀ ਸੀ। ਉਸ ਦੀ ਦੀ ਪਤਨੀ ਤੇ ਬੇਟੀ (23) ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈਆਂ ਹਨ। ਦੂਜੇ ਕਾਰ ਡਰਾਈਵਰ ਦੀ ਸ਼ਨਾਖ਼ਤ ਸੁਭਾਸ਼ ਚੰਦ ਸੱਚਦੇਵਾ (60) ਰਾਜਪੁਰਾ ਵਜੋਂ ਹੋਈ ਹੈ। ਇਸ ਦੌਰਾਨ ਹੀ ਰਾਮਾਂ ਮੰਡੀ (ਬਠਿੰਡਾ) ਦੇ ਬੰਗੀ ਰੋਡ ’ਤੇ ਪ੍ਰਾਈਵੇਟ ਸਕੂਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਵਿੱਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਤੀਜਾ ਗੰਭੀਰ ਜ਼ਖ਼ਮੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਰਾਮਾਂ ਮੰਡੀ ਤੋਂ ਕੰਮ ਕਰਕੇ ਆਪਣੇ ਮੋਟਰਸਾਈਕਲ ਨੰਬਰ ਪੀਬੀ-03 ਏ ਕਿਊ-2182 ’ਤੇ ਆਪਣੇ ਪਿੰਡ ਬੰਗੀ ਜਾ ਰਹੇ ਸਨ ਕਿ ਰਸਤੇ ਵਿੱਚ ਕਿਸੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।ਹਾਦਸੇ ਤੋਂ ਬਾਅਦ ਵਾਹਨ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਹੈਲਪਲਾਈਨ ਵੈੱਲਫੇਅਰ ਸੁਸਾਇਟੀ ਦੇ ਵਰਕਰ ਐਂਬੂਲੈਂਸ ਨੇ ਤਿੰਨੇ ਨੌਜਵਾਨਾਂ ਨੂੰ ਰਾਮਾਂ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਰਵੀ ਸਿੰਘ ਪੁੱਤਰ ਕੁਲਵੰਤ ਸਿੰਘ (26) ਵਾਸੀ ਬੰਗੀ ਨਿਹਾਲ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਰਛਪਾਲ ਵਾਸੀ ਬੰਗੀ ਕਲਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਜ਼ਖ਼ਮੀ ਨੌਜਵਾਨ ਮੇਲਾ ਸਿੰਘ ਪੁੱਤਰ ਫੌਜੀ ਸਿੰਘ ਵਾਸੀ ਗੁਰੂਸਰ ਦਾ ਇਲਾਜ ਚੱਲ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਬੌਬੀ ਲੈਹਰੀ ਨੇ ਹਾਦਸੇ ਦੀ ਸੂਚਨਾ ਪੁਲੀਸ ਨੂੰ ਦਿੱਤੀ।ਪੁਲੀਸ ਨੇ ਅਣਪਛਾਤੇ ਵਾਹਨ ਦੇ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਹੈ।