ਸ੍ਰੀਨਗਰ (ਸਮਾਜਵੀਕਲੀ) : ਜੰਮੂ ਕਸ਼ਮੀਰ ਦੇ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹਿਆਂ ’ਚ ਸੁਰੱਖਿਆ ਬਲਾਂ ਨਾਲ ਹੋਏ ਦੋ ਵੱਖੋ-ਵੱਖਰੇ ਮੁਕਾਬਲਿਆਂ ’ਚ ਛੇ ਹੋਰ ਅਤਿਵਾਦੀ ਮਾਰੇ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਅੱਠ ਅਤਿਵਾਦੀ ਮਾਰੇ ਜਾ ਚੁੱਕੇ ਹਨ। ਸ਼ੁੱਕਰਵਾਰ ਨੂੰ ਹੋਏ ਮੁਕਾਬਲਿਆਂ ’ਚ ਦੋ ਅਤਿਵਾਦੀ ਪੁਲਵਾਮਾ ਅਤੇ ਚਾਰ ਸ਼ੋਪੀਆਂ ’ਚ ਮਾਰੇ ਗਏ। ਪੁਲੀਸ ਅਧਿਕਾਰੀ ਨੇ ਕਿਹਾ ਕਿ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਪੁਖ਼ਤਾ ਸੂਹ ਮਿਲਣ ਮਗਰੋਂ ਵੀਰਵਾਰ ਸਵੇਰੇ ਪੁਲਵਾਮਾ ਦੇ ਪੰਪੋਰ ਇਲਾਕੇ ’ਚ ਮੀਜ ’ਚ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ।
ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਗੋਲੀਆਂ ਚਲਾਏ ਜਾਣ ਮਗਰੋਂ ਮੁਕਾਬਲਾ ਸ਼ੁਰੂ ਹੋਇਆ ਸੀ। ਗੋਲੀਬਾਰੀ ’ਚ ਵੀਰਵਾਰ ਨੂੰ ਇਕ ਅਤਿਵਾਦੀ ਹਲਾਕ ਹੋ ਗਿਆ ਸੀ ਪਰ ਊਸ ਦੇ ਦੋ ਸਾਥੀ ਨਜ਼ਦੀਕੀ ਮਸਜਿਦ ’ਚ ਦਾਖ਼ਲ ਹੋ ਗਏ ਸਨ। ਅਧਿਕਾਰੀ ਨੇ ਕਿਹਾ ਕਿ ਰਾਤ ਭਰ ਮਸਜਿਦ ਨੂੰ ਘੇਰਾ ਪਾ ਕੇ ਰੱਖਿਆ ਗਿਆ ਅਤੇ ਸ਼ੁੱਕਰਵਾਰ ਸਵੇਰੇ ਅੰਦਰ ਬੈਠੇ ਅਤਿਵਾਦੀਆਂ ਨੂੰ ਕੱਢਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਗਏ। ਦੋਵੇਂ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਧਾਰਮਿਕ ਅਸਥਾਨ ਦੀ ਪਵਿੱਤਰਤਾ ਬਹਾਲ ਰੱਖਦਿਆਂ ਊਨ੍ਹਾਂ ਨੂੰ ਮਾਰ ਮੁਕਾਇਆ।
ਕਸ਼ਮੀਰ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਮਸਜਿਦ ’ਚੋਂ ਅਤਿਵਾਦੀਆਂ ਨੂੰ ਬਾਹਰ ਕੱਢਣ ਲਈ ਫਾਇਰਿੰਗ ਜਾਂ ਆਈਈਡੀ ਦੀ ਵਰਤੋਂ ਨਹੀਂ ਕੀਤੀ ਗਈ। ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਸ਼ੋਪੀਆਂ ਦੇ ਮੁਨੰਦ-ਬੰਦਪਾਵਾ ਇਲਾਕੇ ’ਚ ਕਾਰਵਾਈ ਦੌਰਾਨ ਸ਼ੁੱਕਰਵਾਰ ਸਵੇਰੇ ਚਾਰ ਹੋਰ ਅਤਿਵਾਦੀ ਮਾਰੇ ਗਏ। ਇਕ ਅਤਿਵਾਦੀ ਵੀਰਵਾਰ ਨੂੰ ਮਾਰਿਆ ਗਿਆ ਸੀ। ਆਈਜੀ ਨੇ ਵਾਦੀ ’ਚ ਇਸ ਸਾਲ ਹੁਣ ਤੱਕ 100 ਅਤਿਵਾਦੀਆਂ ਨੂੰ ਮਾਰਨ ਲਈ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ ਹੈ।
ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਅਤਿਵਾਦੀ ਹਿਜ਼ਬੁਲ ਮੁਜਾਹਿਦੀਨ ਅਤੇ ਲਸ਼ਕਰ-ਏ-ਤੋਇਬਾ ਜਥੇਬੰਦੀਆਂ ਨਾਲ ਜੁੜੇ ਹੋਏ ਸਨ। ਸੁਰੱਖਿਆ ਬਲਾਂ ਵੱਲੋਂ ਜਿਸ ਢੰਗ ਨਾਲ ਮਸਜਿਦ ’ਚ ਛੁਪੇ ਅਤਿਵਾਦੀਆਂ ਨੂੰ ਖ਼ਤਮ ਕੀਤਾ ਗਿਆ, ਊਸ ਦੀ ਡੀਜੀਪੀ ਨੇ ਸ਼ਲਾਘਾ ਕੀਤੀ ਹੈ। ਆਈਜੀ ਨੇ ਕਿਹਾ ਕਿ ਅਤਿਵਾਦੀਆਂ ਵੱਲੋਂ ਦੋ ਹੋਰ ਆਈਈਡੀ ਹਮਲੇ ਕਰਨ ਦੀ ਯੋਜਨਾ ਬਾਰੇ ਊਨ੍ਹਾਂ ਕੋਲ ਪੁਖ਼ਤਾ ਸੂਹ ਹੈ। ਊਨ੍ਹਾਂ ਕਿਹਾ ਕਿ ਕੁਲਗਾਮ ’ਚ ਜੈਸ਼ ਕਮਾਂਡਰ ਅਦਨਾਨ ਅਤੇ ਵਾਲੀਦ ਭਾਈ ਨੂੰ ਆਈਈਡੀ ਲਗਾਊਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਜਾਵੇਗਾ।