ਨਵੀਂ ਦਿੱਲੀ : ਪੀਐੱਮ ਨਰਿੰਦਰ ਮੋਦੀ ਅਗਲੇ ਦੋ ਮਹੀਨਿਆਂ ਅੰਦਰ ਤਿੰਨ ਅਹਿਮ ਵਿਦੇਸ਼ ਯਾਤਰਾਵਾਂ ‘ਤੇ ਹੋਣਗੇ। ਇਸ ਲੜੀ ‘ਚ ਸਭ ਤੋਂ ਪਹਿਲਾਂ ਮੋਦੀ ਇਸ ਮਹੀਨੇ ਦੇ ਅਖ਼ੀਰ ‘ਚ ਸਾਊਦੀ ਅਰਬ ਦੀ ਯਾਤਰਾ ‘ਤੇ ਜਾਣ ਵਾਲੇ ਹਨ। ਇਹ ਯਾਤਰਾ 29 ਤੋਂ 31 ਅਕਤੂਬਰ, 2019 ਦਰਮਿਆਨ ਹੋਵੇਗੀ ਜਿੱਥੇ ਉਹ ਰਿਆਧ ‘ਚ ਹੋਣ ਵਾਲੇ ਇਕ ਅਹਿਮ ਕੌਮਾਂਤਰੀ ਨਿਵੇਸ਼ ਸੰਮੇਲਨ (ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ) ‘ਚ ਹਿੱਸਾ ਲੈਣਗੇ। ਪੀਐੱਮ ਮੋਦੀ ਦੀ ਉੱਥੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਦੁਵੱਲੀ ਗੱਲਬਾਤ ਹੋਵੇਗੀ ਜਿਸ ਦਾ ਏਜੰਡਾ ਮੁੱਖ ਤੌਰ ‘ਤੇ ਆਰਥਿਕ ਹਿੱਤਾਂ ਨਾਲ ਜੁੜਿਆ ਹੋਵੇਗਾ। ਇਸ ਸੰਮੇਲਨ ‘ਚ ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਵੀ ਸ਼ਿਰਕਤ ਕਰਨਗੇ ਪਰ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਰਿਸ਼ਤਿਆਂ ਦੀ ਤਾਸੀਰ ਨੂੰ ਵੇਖਦਿਆਂ ਇਸ ਗੱਲ ਦੀ ਉਮੀਦ ਘੱਟ ਹੀ ਹੈ ਕਿ ਉੱਥੇ ਦੋਵਾਂ ਆਗੂਆਂ ਦੀ ਦੁਵੱਲੀ ਮੁਲਾਕਾਤ ਹੋਵੇਗੀ। ਕਸ਼ਮੀਰ ‘ਚ ਧਾਰਾ 370 ਹਟਾਉਣ ਦੇ ਫ਼ੈਸਲੇ ਖ਼ਿਲਾਫ਼ ਪਾਕਿਸਤਾਨ ਲਗਾਤਾਰ ਸਾਊਦੀ ਅਰਬ ਤੇ ਹੋਰਨਾਂ ਮੁਸਲਿਮ ਦੇਸ਼ਾਂ ‘ਚ ਲਾਬਿੰਗ ਕਰ ਰਿਹਾ ਹੈ। ਇਹ ਵੀ ਇਕ ਵਜ੍ਹਾ ਹੈ ਕਿ ਮੋਦੀ ਤਕਰੀਬਨ ਢਾਈ ਮਹੀਨਿਆਂ ਬਾਅਦ ਮੁੜ ਤੋਂ ਸਾਊਦੀ ਅਰਬ ਜਾਣਗੇ।
ਨਵੰਬਰ ‘ਚ ਮੋਦੀ ਦੋ ਅਹਿਮ ਕੌਮਾਂਤਰੀ ਸੰਮੇਲਨਾਂ ‘ਚ ਹਿੱਸਾ ਲੈਣ ਲਈ ਵਿਦੇਸ਼ ਰਵਾਨਾ ਹੋਣਗੇ। ਰਿਆਧ ਤੋਂ ਤੁਰੰਤ ਬਾਅਦ ਮੋਦੀ ਬੈਂਕਾਕ ‘ਚ ਹੋਣ ਵਾਲੇ ਆਸੀਆਨ ਸਮਿਟ ‘ਚ ਹਿੱਸਾ ਲੈਣਗੇ। ਇੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਤਮਾਮ ਦਿੱਗਜ ਦੇਸ਼ਾਂ ਦੇ ਮੁਖੀ ਆਉਣਗੇ। ਇਸ ਤੋਂ ਬਾਅਦ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ‘ਚ ਹੋਣ ਵਾਲੇ ਬਿ੍ਕਸ ਦੇਸ਼ਾਂ ਦੀ ਰਾਸ਼ਟਰ ਮੁਖੀਆਂ ਦੀ ਬੈਠਕ ‘ਚ ਮੋਦੀ ਹਿੱਸਾ ਲੈਣਗੇ। ਇਸ ‘ਚ ਰੂਸ, ਚੀਨ, ਦੱਖਣੀ ਅਫਰੀਕਾ ਤੇ ਬ੍ਰਾਜ਼ੀਲ ਦੇ ਮੁਖੀ ਵੀ ਹੋਣਗੇ। ਉੱਥੇ ਉਕਤ ਸਾਰੇ ਚਾਰਾਂ ਦੇਸ਼ਾਂ ਦੇ ਮੁਖੀਆਂ ਨਾਲ ਮੋਦੀ ਦੀ ਵੱਖ-ਵੱਖ ਦੁਵੱਲੀ ਗੱਲਬਾਤ ਵੀ ਹੋਵੇਗੀ।