(ਸਮਾਜ ਵੀਕਲੀ)
ਦਿਲਾ ਮੇਰਿਆ ਮੰਨੀਂ ਤੂੰ ਮੇਰੀ ਗੱਲ ਨੂੰ ,
ਪੱਲੇ ਪੈਣਾਂ ਪਛਤਾਵਾ ਨਈਂ ਤਾਂ ਕੱਲ੍ ਨੂੰ ,
ਛੱਡ ਦੁਨੀਆਂ ਨੂੰ ਇੱਕ ਨਾ ਖਲੋ ਜਾ ,
ਖਲੋਣ ਵਾਲ਼ੇ ਹੁੱਬ ਜਾਂਦੇ ਨੇ ।
ਦੋ ਦੋ ਬੇੜੀਆਂ ‘ਚ ਪੈਰ ਨਾ ਟਿਕਾਈਂ ,
ਟਿਕਾਉਂਣ ਵਾਲ਼ੇ ਡੁੱਬ ਜਾਂਦੇ ਨੇ ।
ਦਿਲੋਂ ਕੱਢ ਕੇ ਕੁੜੱਤਣਾਂ ਦੀ ਜ਼ਹਿਰ ਨੂੰ
ਪਿਆਰ ਨਾਲ਼ ਪੈਂਦੈ ਭਰਨਾ ।
ਤੋਲ ਤੋਲ ਕੇ ਸ਼ਬਦ ਪੈਂਦੇ ਬੋਲਣੇਂ ਤੇ
ਬੋਚ ਬੋਚ ਪੱਬ ਧਰਨਾ ।
ਬੰਦੇ ਮਿੱਠੀਆਂ ਜ਼ੁਬਾਨਾਂ ਵਾਲ਼ੇ ਦਿਲਾਂ ‘ਚ
ਮਿੱਠੀਆਂ ਜ਼ੁਬਾਨਾਂ ਵਾਲ਼ੇ ਦਿਲਾਂ ਵਿੱਚ
ਕੰਡੇ ਵਾਂਗੂੰ ਚੁੱਭ ਜਾਂਦੇ ਨੇ ।
ਦੋ ਦੋ ਬੇੜੀਆਂ ‘ਚ ਪੈਰ ਨਾ ———–
ਹੋਵੇ ਕਿਸੇ ਬਣਾਉਂਣਾ ਨੂੰ ਜੇਕਰ ਆਪਣਾ
ਤਾਂ ਪਹਿਲਾਂ ਉਹਦਾ ਪੈਂਦੈ ਬਣਨਾਂ ।
ਕਈਆਂ ਪੇਪਰਾਂ ‘ਚੋਂ ਪਾਸ ਹੋਣਾ ਪੈਂਦੈ
ਤੇ ਛਾਲਣੀਂ ‘ਚੋਂ ਪੈਂਦਾ ਛਲਣਾਂ ।
ਮਿੱਟੀ ਫੋਲਿਆਂ ਉਹ ਲਾਲ ਨਹੀਂਓਂ ਲੱਭਦੇ ,
ਫੋਲਿਆਂ ਉਹ ਲਾਲ ਨਹੀਂਓਂ ਲੱਭਦੇ
ਜਹਾਨੋਂ ਜਿਹੜੇ ਉੱਠ ਜਾਂਦੇ ਨੇ ।
ਦੋ ਦੋ ਬੇੜੀਆਂ ‘ਚ ਪੈਰ ਨਾ ————
ਬੀਜ ਬੀਜ ਕੇ ਸੰਭਾਲ਼ ਪੈਂਦੀ ਕਰਨੀਂ
ਕਦੇ ਤਾਂ ਫੁੱਲ ਖਿਲ ਜਾਂਦੇ ਨੇ ।
ਪਾਣੀ ਵਗਦੇ ਜੇ ਰਹਿਣ ਹੌਲ਼ੀ ਹੌਲ਼ੀ ,
ਵਗਦੇ ਜੇ ਰਹਿਣ ਹੌਲ਼ੀ ਹੌਲ਼ੀ
ਸਮੁੰਦਰਾਂ ‘ਚ ਮਿਲ ਜਾਂਦੇ ਨੇ ।
ਕੁੱਝ ਦਿਨਾਂ ‘ਚ ਮੁਸ਼ਕ ਨੇ ਉਹ ਜਾਂਦੇ ,
ਦਿਨਾਂ ‘ਚ ਮੁਸ਼ਕ ਨੇ ਉਹ ਜਾਂਦੇ
ਜੋ ਇੱਕ ਥਾਂ ‘ਤੇ ਰੁੱਕ ਜਾਂਦੇ ਨੇ ।
ਦੋ ਦੋ ਬੇੜੀਆਂ ‘ਚ ਪੈਰ ਨਾ ————
ਪਹਿਲਾਂ ਹੁਨਰਾਂ ਨੂੰ ਪੈਂਦਾ ਏ ਪਛਾਨਣਾਂ
ਤੇ ਮਿਹਨਤਾਂ ਦਾ ਪੱਲਾ ਫੜਨਾਂ ।
ਇੱਕ ਅੱਧਾ ਨਈਓਂ ਪੂਰੇ ਪੰਜ ਵੈਰੀਆਂ
ਦੇ ਨਾਲ਼ ਦਿਨੇਂ ਰਾਤੀਂ ਲੜਨਾਂ ।
ਪਿੰਡ ਰੰਚਣਾਂ ਉਹਨਾਂ ਦੀ ਪੂਜਾ ਕਰਦੈ ,
ਰੰਚਣਾਂ ਉਹਨਾਂ ਦੀ ਪੂਜਾ ਕਰਦੈ
ਕਲਾ ‘ਚ ਜਿਹੜੇ ਖੁੱਭ ਜਾਂਦੇ ਨੇ ।
ਦੋ ਦੋ ਬੇੜੀਆਂ ‘ਚ ਪੈਰ ਨਾ ———–
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
9478408898