ਦੋ ਪਾਕਿਸਤਾਨੀ ਕੈਦੀ ਵਤਨ ਪਰਤੇ

ਅਟਾਰੀ, (ਸਮਾਜ ਵੀਕਲੀ) : ਭਾਰਤ ਸਰਕਾਰ ਵੱਲੋਂ ਦੋ ਜੇਲ੍ਹਾਂ ’ਚੋਂ ਰਿਹਾਅ ਕੀਤੇ ਦੋ ਪਾਕਿਸਤਾਨੀ ਕੈਦੀ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤੇ। ਅਟਾਰੀ-ਵਾਹਗਾ ਸਰਹੱਦ ਵਿਖੇ ਪਾਕਿਸਤਾਨੀ ਕੈਦੀਆਂ ਨੂੰ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਵੱਲੋਂ ਪਾਕਿਸਤਾਨ ਰੇਂਜਰਜ਼ ਅਧਿਕਾਰੀਆਂ ਹਵਾਲੇ ਕੀਤਾ ਗਿਆ। ਵੱਖ-ਵੱਖ ਜੇਲ੍ਹਾਂ ਤੋਂ ਰਿਹਾਅ ਹੋਏ ਪਾਕਿਸਤਾਨੀ ਕੈਦੀਆਂ ’ਚ ਅਬਾਸ ਅਲੀ ਖਾਨ ਜੋ 2005 ਵਿੱਚ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈਸ ਰੇਲ ਗੱਡੀ ਰਾਹੀਂ ਭਾਰਤ ਆਇਆ ਸੀ ਅਤੇ ਗਵਾਲੀਅਰ ’ਚ ਜਾਸੂਸੀ ਦੇ ਕੇਸ ਵਿੱਚ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗਵਾਲੀਅਰ ਦੀ ਸੈਂਟਰਲ ਜੇਲ੍ਹ ਵਿੱਚ ਸਜ਼ਾ ਭੁਗਤਣ ਉਪਰੰਤ 16 ਸਾਲਾਂ ਬਾਅਦ ਰਿਹਾਅ ਹੋ ਕੇ ਵਤਨ ਪਰਤਿਆ।

ਦੂਜਾ ਕੈਦੀ ਭਾਗਚੰਦ ਆਪਣੇ ਪਰਿਵਾਰ ਨਾਲ ਲੜਾਈ-ਝਗੜਾ ਕਰਕੇ 2018 ’ਚ ਜੈਸਲਮੇਰ, ਰਾਜਸਥਾਨ ਰਸਤੇ ਸਰਹੱਦ ਪਾਰ ਕਰ ਕੇ ਭਾਰਤ ਵਿੱਚ ਦਾਖਲ ਹੋਇਆ ਸੀ ਜਿਸ ਨੂੰ ਮੁੰਨਾਬਾਓ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਭਾਗਚੰਦ ਦੀ ਉਮਰ 17 ਸਾਲ ਸੀ ਜਿਸ ਕਰਕੇ ਉਸ ਨੂੰ ਬਾੜਮੇਰ ਸਥਿਤ ਬਾਲ ਸੁਧਾਰ ਘਰ ’ਚ ਬੰਦ ਰੱਖਿਆ ਗਿਆ ਜੋ ਤਿੰਨ ਸਾਲ ਬਾਅਦ ਵਤਨ ਪਰਤਿਆ। ਇਸ ਤੋਂ ਇਲਾਵਾ ਕਰੋਨਾ ਮਹਾਮਾਰੀ ਕਾਰਨ ਭਾਰਤ ਵਿੱਚ

ਰੁਕੇ ਪਾਕਿਸਤਾਨੀ ਨਾਗਰਿਕ ਵੀ ਵਤਨ ਪਰਤ ਗਏ। ਸੰਗਠਿਤ ਚੈੱਕ ਪੋਸਟ ਅਟਾਰੀ ਵਿਖੇ ਪਹੁੰਚਣ ’ਤੇ ਪਾਕਿਸਤਾਨੀ ਨਾਗਰਿਕਾਂ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੋਨਾ ਟੈਸਟ ਕੀਤਾ ਗਿਆ ਜਿਸ ਉਪਰੰਤ ਉਨ੍ਹਾਂ ਨੂੰ ਪਾਕਿਸਤਾਨ ਰਵਾਨਾ ਕੀਤਾ ਗਿਆ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨ-ਅਮਰੀਕਾ ਵਿਚਾਲੇ ਫ਼ੌਜ ਪੱਧਰ ਦੀ ਪਹਿਲੀ ਗੱਲਬਾਤ ਹੋਈ
Next articleਕਮਲਾ ਹੈਰਿਸ ਨੇ ਵੀਅਤਨਾਮ ’ਚ ਮਨੁੱਖੀ ਹੱਕਾਂ ਤੇ ਸਿਆਸੀ ਬੰਦੀਆਂ ਦੇ ਮੁੱਦੇ ਚੁੱਕੇ